ਸਭ ਕੁੱਝ ਬਰਦਾਸ਼ਤ ਕਰ ਸਕਦਾ ਹਾਂ, ਪਰ ਭਿ੍ਰਸਟਾਚਾਰ ਤੇ ਬੇਈਮਾਨੀ ਨਹੀਂ: ਕੇਜ਼ਰੀਵਾਲ
ਭਿ੍ਰਸਟਾਚਾਰ ਕਰਨ ਵਾਲੇ ਮੰਤਰੀਆਂ ਤੇ ਵਿਧਾਇਕਾਂ ਵਿਰੁਧ ਮਿਸਾਲੀ ਕਾਰਵਾਈ ਕਰਨ ਦਾ ਕੀਤਾ ਐਲਾਨ
ਭਗਵੰਤ ਮਾਨ ਦੀ ਕੀਤੀ ਰੱਜ਼ ਕੇ ਪ੍ਰਸੰਸਾਂ
ਸੁਖਜਿੰਦਰ ਮਾਨ
ਮੁਹਾਲੀ, 20 ਮਾਰਚ : ਸੂਬੇ ’ਚ ਅਪਣੀ ਪਾਰਟੀ ਦੀ ਸਰਕਾਰ ਬਣਨ ’ਤੇ ਮੁਲਾਜਮਾਂ ਨੂੰ ਡਰਾਉਣ-ਧਮਕਾਉਣ ਦੀਆਂ ਸਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ‘‘ ਹਲਕਿਆਂ ’ਚ ਐਸ.ਐਸ.ਪੀ, ਡੀਸੀ, ਐਸ.ਐਚ.ਓਜ਼ ਆਦਿ ਦੀ ਨਿਯੁਕਤੀਆਂ ਵਿਧਾਇਕਾਂ ਜਾਂ ਆਪ ਆਗੂਆਂ ਦੀ ਸਿਫ਼ਾਰਿਸਾਂ ’ਤੇ ਨਹੀਂ ਬਲਕਿ ਮੁੱਖ ਮੰਤਰੀ ਵਲੋਂ ਕੀਤੀਆਂ ਜਾਣਗੀਆਂ। ’’ ਅੱਜ ਮੋਹਾਲੀ ਦੇ ਇੱਕ ਹੋਟਲ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਕੱਤਰ ਹੋਏ ਮੰਤਰੀਆਂ ਤੇ ਵਿਧਾਇਕਾਂ ਦੀ ਪਲੇਠੀ ਮੀਟਿੰਗ ਨੂੰ ਦਿੱਲੀ ਤੋਂ ਵਰਚੁਅਲ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਕੇਜ਼ਰੀਵਾਲ ਨੇ ਮੰਤਰੀ ਨਾ ਬਣਨ ਕਾਰਨ ਨਰਾਜ਼ਗੀ ਜਤਾ ਰਹੇ ਵਿਧਾਇਕਾਂ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ‘‘ ਪੰਜਾਬ ਦੀ ਤਰੱਕੀ ਲਈ ਹਰ ਇੱਕ ਨੂੰ ਆਪਣੀਆਂ ਇਛਾਵਾਂ ਤੇ ਲਾਲਸਾਵਾਂ ’ਤੇ ਕਾਬੂ ਰੱਖਣਾ ਹੋਵੇਗਾ, ਜੇਕਰ ਉਹ ਅਜਿਹਾ ਕਰਨ ਵਿਚ ਅਸਫ਼ਲ ਰਹੇ ਤਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਬਖ਼ਸਣਗੇ ਨਹੀਂ। ’’ ਉਨ੍ਹਾਂ ਕਿਹਾ ਕਿ ਜੇਕਰ ਕੋਈ ਇਹ ਸਮਝਦਾ ਹੈ ਕਿ ਮੇਰਾ ਇਸ ਅਹੁੱਦੇ ’ਤੇ ਹੱਕ ਹੈ ਤਾਂ ਉਹ ਬਹੁਤ ਵੱਡੇ ਭੁਲੇਖੇ ਵਿਚ ਹੈ, ਕਿਉਂਕਿ ਜਨਤਾ ਭੁਲੇਖਾ ਕੱਢਣ ਵਿਚ ਦੋ ਮਿੰਟ ਦਾ ਸਮਾਂ ਵੀ ਨਹੀਂ ਲੈਂਦੀ। ਇਸੇ ਤਰ੍ਹਾਂ ਮੰਤਰੀ ਬਣਨ ਤੋਂ ਬਾਅਦ ਕੰਮ ਨਾ ਕਰਨ ਵਾਲੇ ਵਿਧਾਇਕਾਂ ਨੂੰ ਵੀ ਅਸਿੱਧੇ ਢੰਗ ਨਾਲ ਚੇਤਾਵਨੀ ਦਿੰਦਿਆਂ ਕੇਜ਼ਰੀਵਾਲ ਨੇ ਕਿਹਾ ਕਿ ‘‘ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਟੀਚਿਆਂ ਨੂੰ ਪੂਰਾ ਨਾ ਕਰਨ ਵਾਲੇ ਮੰਤਰੀਆਂ ਨੂੰ ਬਦਲ ਦਿੱਤਾ ਜਾਵੇਗਾ। ’’ ਉਨ੍ਹਾਂ ਕਿਹਾ ਕਿ ਮੰਤਰੀ ਤੇ ਵਿਧਾਇਕ ਚੰਡੀਗੜ੍ਹ ਦਾ ਲਾਲਚ ਨਾ ਕਰਨ, ਬਲਕਿ ਅਪਣੇ ਹਲਕੇ ਵਿਚ ਰਹਿ ਕੇ ਕੰਮ ਕਰਨ ਤੇ ਨਾ ਹੀ ਗਲਤ ਕੰਮਾਂ ਦੀ ਸਿਫ਼ਾਰਿਸ ਲੈ ਕੇ ਮੁੱਖ ਮੰਤਰੀ ਜਾਂ ਮੰਤਰੀਆਂ ਕੋਲ ਜਾਣ। ਉਨ੍ਹਾਂ ਕਿਹਾ ਕਿ ਅਫ਼ਸਰ ਲਗਾਉਣਾ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿਚ ਹੈ ਤੇ ਇਸਦੇ ਲਈ ਕੋਈ ਵੀ ਵਿਧਾਇਕ ਜਾਂ ਹੋਰ ਆਗੂ ਅਪਣੀ ਪਸੰਦ ਦੇ ਅਫ਼ਸਰ ਲਗਾਉਣ ਲਈ ਸਿਫ਼ਾਰਿਸ਼ ਨਾ ਕਰਨ। ਕੇਜ਼ਰੀਵਾਲ ਨੇ ਭਿ੍ਰਸ਼ਟਾਚਾਰ ਦੇ ਮੁੱਦੇ ’ਤੇ ਐਲਾਨ ਕੀਤੀ ਸਖ਼ਤ ਨੀਤੀ ਅਪਣਾਉਣ ਦਾ ਸਪੱਸ਼ਟ ਸਬਦਾਂ ਵਿਚ ਐਲਾਨ ਕਰਦਿਆਂ ਕਿਹਾ ਕਿ ‘‘ ਜੇਕਰ ਕਿਸੇ ਮੰਤਰੀ, ਵਿਧਾਇਕ ਜਾਂ ਹੋਰ ਕਿਸੇ ਆਗੂ ਵਲੋਂ ਬੇਈਮਾਨੀ ਜਾਂ ਭਿ੍ਰਸਟਾਚਾਰ ਕਰਨ ਦੀ ਸੂਚਨਾ ਮਿਲੀ ਤਾਂ ਉਸਨੂੰ ਸੁਧਰਨ ਦਾ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ, ਬਲਕਿ ਮਿਸਾਲੀ ਸਜ਼ਾ ਦਿਤੀ ਜਾਵੇਗੀ। ’’ ਅਪਣੇ ਭਾਸ਼ਣ ਵਿਚ ਕੇਜ਼ਰੀਵਾਲ ਨੇ ਰੱਜ਼ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਰੀਫ਼ ਕਰਦਿਆਂ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਉਨ੍ਹਾਂ ਦੇ ਹੁਕਮਾਂ ਤੋਂ ਬਿਨ੍ਹਾਂ ਪੱਤਾ ਨਹੀਂ ਹਿੱਲੇਗਾ ਤੇ ਹਰੇਕ ਮੰਤਰੀ ਤੇ ਵਿਧਾਇਕ ਨੂੰ ਪੰਜਾਬ ਦੀ ਭਲਾਈ ਲਈ ਮੁੱਖ ਮੰਤਰੀ ਸ: ਮਾਨ ਦਾ ਸਹਿਯੋਗ ਦੇਣਾ ਹੋਵੇਗਾ। ਉਨ੍ਹਾਂ ਨਵੇਂ ਜਿੱਤੇ ਹੋਏ ਵਿਧਾਇਕਾਂ ਤੇ ਮੰਤਰੀ ਬਣ ਵਾਲਿਆਂ ਨੂੰ ਘੁਮੰਡ ਤੇ ਹੰਕਾਰ ਤੋਂ ਬਚਣ ਦੀ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਜਿਸ ਤਰ੍ਹਾਂ 10 ਮਾਰਚ ਨੂੰ ਪੰਜਾਬ ਦੀ ਜਨਤਾ ਨੇ ਵਿਰੋਧੀਆਂ ਨੂੰ ਸਾਫ਼ ਕੀਤਾ ਹੈ ਤਾਂ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਵੀ ਸਾਫ਼ ਕੀਤਾ ਜਾ ਸਕਦਾ ਹੈ। ਇਸਤੋਂ ਇਲਾਵਾ ਉਨ੍ਹਾਂ ਸਰਕਾਰੀ ਦਫ਼ਤਰ ’ਚ ਛਾਪੇਮਾਰੀ ਕਰਨ ਸਮੇਂ ਆਪ ਵਿਧਾਇਕਾਂ ਤੇ ਆਗੂਆਂ ਵਲੋਂ ਵਰਤੀ ਜਾ ਰਹੀ ਸਬਦਾਵਾਲੀ ’ਤੇ ਸਖ਼ਤ ਇਤਰਾਜ ਪ੍ਰਗਟ ਕਰਦਿਆਂ ਕਿਹਾ ਕਿ ‘‘ ਪੰਜਾਬ ਨੂੰ ਸੁਧਾਰਨ ਦੇ ਲਈ ਹਰੇਕ ਵਿਭਾਗ ਦੇ ਅਫ਼ਸਰ ਤੇ ਮੁਲਾਜਮ ਨੂੰ ਨਾਲ ਲੈ ਕੇ ਚੱਲਣਾ ਪਏਗਾ, ਜਿਸਦੇ ਲਈ ਅੱਗੇ ਤੋਂ ਅਜਿਹੀ ਹੁੱਲੜਬਾਜ਼ੀ ਤੇ ਬਤਮੀਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ’’ ਅਪਣੇ ਕਰੀਬ 20 ਮਿੰਟਾਂ ਦੇ ਭਾਸਣ ਵਿਚ ਸ਼੍ਰੀ ਕੇਜ਼ਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਰੱਜ਼ ਕੇ ਪ੍ਰਸੰਸਾਂ ਕੀਤੀ। ਉਨ੍ਹਾਂ ਵਾਰ-ਵਾਰ ਸ: ਮਾਨ ਵਲੋਂ ਤਿੰਨ ਦਿਨਾਂ ’ਚ ਚੁੱਕੇ ਕਦਮਾਂ ਦਾ ਜਿਕਰ ਕਰਦਿਆਂ ਕਿਹਾ ਕਿ ਉਸਨੂੰ ਬਹੁਤ ਖ਼ੁਸੀ ਹੋ ਰਹੀ ਹੈ ਕਿ ਭਿ੍ਰਸਟਾਚਾਰ ਨੀਤੀ ਨੂੰ ਠੱਲ ਪਾਉਣ ਤੋਂ ਇਲਾਵਾ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਵੱਲ ਵੱਡਾ ਕਦਮ ਚੁੱਕਿਆ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਇੱਕ ਟੀਮ ਬਣ ਕੇ ਕੰਮ ਕਰਨਾ ਹੋਵੇਗਾ।
ਪੰਜਾਬ ’ਚ ਨਹੀਂ ਅਪਣਾਈ ਜਾਵੇਗੀ ਬਦਲਾਖ਼ੋਰੀ ਨੀਤੀ: ਭਗਵੰਤ ਮਾਨ
ਕੰਮ ਨਾ ਕਰਨ ਵਾਲੇ ਵਿਧਾਇਕਾਂ ਦੀ ਟਿਕਟ ਬਦਲੀ ਜਾਵੇਗੀ
ਮੁਹਾਲੀ: ਇਸਤੋਂ ਪਹਿਲਾਂ ਅਪਣੇ ਭਾਸਣ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਤੌਰ ’ਤੇ ਐਲਾਨ ਕੀਤਾ ਕਿ ਪੰਜਾਬ ਵਿਚ ਬਦਲਾਖ਼ੋਰੀ ਦੀ ਨੀਤੀ ਨਹੀਂ ਅਪਣਾਈ ਜਾਵੇਗੀ ਤੇ ਨਾ ਹੀ ਕਿਸੇ ਨੂੰ ਡਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਉਹ ਪੰਜਾਬ ਦੇ ਤਿੰਨ ਕਰੋੜ ਲੋਕਾਂ ਦੇ ਮੁੱਖ ਮੰਤਰੀ ਹਨ ਤੇ ਵਿਧਾਇਕ ਅਪਣੇ ਹਲਕੇ ਦੇ ਸਮੂਹ ਵੋਟਰਾਂ ਦੇ, ਜਿਸਦੇ ਚੱਲਦੇ ਕਿਸੇ ਨਾਲ ਪੱਖਪਾਤ ਸਹਿਣ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਗਲਤ ਕੰਮਾਂ ਵਾਸਤੇ ਕਿਸੇ ਦੀ ਸਿਫ਼ਾਰਿਸ ਮੰਨੀ ਜਾਵੇਗੀ। ਉਨ੍ਹਾਂ ਅਪਣੇ ਮੰਤਰੀਆਂ ਤੇ ਵਿਧਇਕਾਂ ਨੂੰ ਵੀ ਸਪੱਸ਼ਟ ਤੇ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ‘‘ਦਿੱਲੀ ਵਿੱਚ ਹਰ ਵਿਧਾਇਕ ਤੇ ਮੰਤਰੀ ਦੇ ਕੰਮਾਂ ਦਾ ਸਰਵੇ ਕੀਤਾ ਜਾਂਦਾ ਹੈ ਤੇ ਜਿੰਨ੍ਹਾਂ ਦਾ ਸਰਵੇ ਹੁੰਦਾ ਹੈ, ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਦਾ ਪ੍ਰੰਤੂ ਉਸ ਸਰਵੇ ਦੇ ਅਧਾਰ ’ਤੇ ਉਨ੍ਹਾਂ ਦੀ ਤਰੱਕੀ ਤੇ ਹੋਰ ਫੈਸਲੇ ਲਏ ਜਾਂਦੇ ਹਨ। ’’ ਉਨ੍ਹਾਂ ਵਿਧਾਇਕਾਂ ਨੂੰ ਵੀ ਚੌਕੰਨੇ ਕਰਦਿਆਂ ਕਿਹਾ ਕਿ ਦਿੱਲੀ ਵਿਚ ਹਰ ਵਾਰ ਕੰਮ ਨਾ ਕਰਨ ਵਾਲੇ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਂਦੀਆਂ ਹਨ । ਇਸਤੋਂ ਇਲਾਵਾ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਸਖਤ ਸੁਨੇਹਾ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ’ਚ ਪ੍ਰਵਾਰਵਾਦ ਨੂੰ ਕੋਈ ਥਾਂ ਨਹੀਂ ਤੇ ਕੋਈ ਵੀ ਵਿਧਾਇਕ ਅਪਣੇ ਹਲਕੇ ’ਤੇ ਅਪਣਾ ਹੱਕ ਜਤਾਉਣ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਪੱਕੇ ਹੱਕ ਲਈ ਉਸਨੂੰ ਜਨਤਾ ਨਾਲ ਪੱਕੀ ਦੋਸਤੀ ਕਰਨੀ ਚਾਹੀਦੀ ਹੈ ਤੇ ਨਹੀਂ ਤਾਂ ਬਦਲ ਪੱਕਾ ਹੈ। ਮਾਨ ਨੇ ਵਿਧਾਇਕਾਂ ਨੂੰ ਸਮੇਂ ਦੇ ਪਾਬੰਦ ਹੋਣ ਲਈ ਕਿਹਾ। ਇਸਦੇ ਇਲਾਵਾ ਉਨ੍ਹਾਂ ਸਮੂਹ ਚੁਣੇ ਹੋਏ ਨੁਮਾਇੰਦਿਆਂ ਨੂੰ ਗਲਤ ਭਾਸ਼ਾ ਤੇ ਹੁੱਲੜਬਾਜ਼ੀ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਅਪਣੇ ਅਧਿਕਾਰ ਨੂੰ ਲੋਕਾਂ ਦੇ ਹੱਕ ਲਈ ਵਰਤਣਾ ਹੈ, ਨਾ ਕਿ ਥਾਣੇਦਾਰਾਂ, ਪਟਵਾਰੀਆਂ ਤੇ ਹੋਰਨਾਂ ਨੂੰ ਡਰਾਉਣ ਲਈ। ਇਸ ਦੌਰਾਨ ਰਾਘਵ ਚੱਢਾ ਵੀ ਹਾਜ਼ਰ ਰਹੇ।
Share the post "ਕੇਜ਼ਰੀਵਾਲ ਦਾ ਐਲਾਨ: ਸਰਕਾਰ ’ਚ ਵਿਧਾਇਕਾਂ ਤੇ ਹਲਕਾ ਇੰਚਾਰਜ਼ਾਂ ਦੀਆਂ ਸਿਫ਼ਾਰਿਸਾਂ ’ਤੇ ਨਹੀਂ ਲੱਗਣਗੇ ਅਫ਼ਸਰ"