ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 12 ਅਕਤੂਬਰ: ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਸਤਲੁਜ ਯਮੁਨਾ ਲੰਿਕ ਨਹਿਰ ਦੇ ਮੁੱਦੇ ਤੇ ਕਿਸੇ ਤਰਾਂ ਦਾ ਵੀ ਸਮਝੋਤਾ ਨਾ ਕਰਨ ਦੀ ਚਿਤਾਵਨੀ ਦਿੱਤੀ। ਖਹਿਰਾ ਨੇ ਕਿਹਾ ਕਿ ਪਾਣੀ ਦੀ ਬੇਇਨਸਾਫੀ ਅਤੇ ਫਸਲਾਂ ਦੇ ਘੱਟ ਮੁੱਲ ਨੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਲੱਖ ਕਰੋੜ ਰੁਪਏ ਦੇ ਕਰਜੇ ਹੇਠ ਪਹਿਲ਼ਾਂ ਹੀ ਦਬਾਇਆ ਹੋਇਆ ਹੈ ਜਿਸ ਕਾਰਨ ਕਿਸਾਨ ਵੱਡੀ ਗਿਣਤੀ ਵਿੱਚ ਖੁਦਕੁਸ਼ੀਆਂ ਕਰ ਰਹੇ ਹਨ, ਇਸ ਲਈ ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਐਸ.ਵਾਈ.ਐਲ ਰਾਹੀਂ ਹਰਿਆਣਾ ਨੂੰ ਨਹੀਂ ਜਾਣ ਦੇਵਾਂਗੇ। ਖਹਿਰਾ ਨੇ ਕਿਹਾ ਕਿ ਬਹੁਤ ਦੁਖਦਾਈ ਗੱਲ ਹੈ ਕਿ ਹਾਲ ਹੀ ਵਿੱਚ ਕੇਜਰੀਵਾਲ ਵੱਲੋਂ ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਸਾਂਝਾ ਕੀਤੇ ਜਾਣ ਦੇ ਦਿੱਤੇ ਬਿਆਨ ਉੱਪਰ ਨਾਲ ਬੈਠੇ ਭਗਵੰਤ ਮਾਨ ਨੇ ਹਾਮੀ ਵਿੱਚ ਸਿਰ ਹਿਲਾਇਆ।ਮਾਨ ਅਤੇ ਹਰਿਆਣਾ ਦੇ ਉਹਨਾਂ ਦੇ ਹਮਰੁਤਬਾ ਮਨੋਹਰ ਲਾਲ ਖੱਟੜ ਦਰਮਿਆਨ 14 ਅਕਤੂਬਰ ਨੂੰ ਹੋਣ ਵਾਲੀ ਪ੍ਰਸਤਾਵਿਤ ਮੀਟਿੰਗ ਤੋਂ ਪਹਿਲਾਂ ਅੱਜ ਇਥੇ ਇੱਕ ਬਿਆਨ ਜਾਰੀ ਕਰਦਿਆਂ ਖਹਿਰਾ ਨੇ ਕਿਹਾ ਕਿ ਉਹਨਾਂ ਦਾ ਖਦਸ਼ਾ ਕੇਜਰੀਵਾਲ ਵੱਲੋਂ ਵਾਰ ਵਾਰ ਦਿੱਤੇ ਜਾ ਰਹੇ ਬਿਆਨਾਂ ਤੇ ਅਧਾਰਿਤ ਹੈ ਕਿ ਹਰਿਆਣਾ ਨੂੰ ਵੀ ਪੰਜਾਬ ਤੋਂ ਪਾਣੀ ਮਿਲਣਾ ਚਾਹੀਦਾ ਹੈ ਜੋ ਕਿ ਮਾਨ ਨੂੰ ਕੋਈ ਸਮੱਸਿਆ ਨਹੀਂ ਲੱਗਦਾ।
ਇਸ ਤੋਂ ਇਲਾਵਾ ਆਪ ਦੇ ਸੰਸਦ ਮੈਂਬਰ ਅਤੇ ਹਰਿਆਣਾ ਦੇ ਇੰਚਾਰਜ ਡਾ. ਸੁਸ਼ੀਲ ਗੁਪਤਾ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਪਹਿਲਾਂ ਹੀ ਆਪ ਦੀ ਸਰਕਾਰ ਹੈ ਇਸ ਲਈ ਇਹ ਯਕੀਨੀ ਬਣਾਵੇਗੀ ਕਿ ਐਸ.ਵਾਈ.ਐਲ ਦਾ ਪਾਣੀ ਹਰਿਆਣਾ ਦੇ ਹਰ ਪਿੰਡ ਵਿੱਚ ਪਹੁੰਚੇ ਜੋ ਕਿ ਪੰਜਾਬ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।ਕਾਂਗਰਸੀ ਵਿਧਾਇਕ ਨੇ ਮਾਨ ਨੂੰ ਕਾਂਗਰਸ ਸਰਕਾਰ ਤੋਂ ਸਬਕ ਸਿੱਖਣ ਲਈ ਆਖਿਆ ਜਿਸਨੇ ਕਿ ਪੰਜਾਬ ਦੇ ਕੀਮਤੀ ਪਾਣੀਆਂ ਨੂੰ ਬਚਾਉਣ ਲਈ 2004 ਵਿੱਚ ਦੂਸਰੇ ਰਾਜਾਂ ਨਾਲ ਪਾਣੀਆਂ ਦੀ ਵੰਡ ਦੇ ਸਾਰੇ ਸਮਝੌਤਿਆਂ ਨੂੰ ਰੱਦ ਕਰ ਦਿੱਤਾ ਸੀ ਨਹੀਂ ਤਾਂ ਪੰਜਾਬ ਦਾ ਬਹੁਤ ਸਾਰਾ ਹਿੱਸਾ ਸੁੱਕ ਕੇ ਬੰਜਰ ਹੋ ਜਾਵੇਗਾ।ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਗਲੇ ਸਾਲ ਹੋਣ ਵਲੀਆਂ ਚੋਣਾਂ ਦੇ ਮੱਦੇਨਜਰ ਐਸ.ਵਾਈ.ਐਲ ਉੱਪਰ ਸਾਡੇ ਅਧਿਕਾਰ ਹਰਿਆਣਾ ਨੂੰ ਸੋਂਪਣ ਲਈ ਭਗਵੰਤ ਮਾਨ ਉੱਪਰ ਦਬਾਅ ਬਣਾਉਣ ਲਈ ਹਰ ਹੀਲਾ ਵਰਤ ਰਿਹਾ ਹੈ। ਉਹਨਾਂ ਕਿਹਾ ਕਿ ਆਪਣੇ ਸ਼ਰਾਰਤੀ ਬਦਲਾਅ ਦੇ ਨਾਅਰੇ ਤਹਿਤ ਪੰਜਾਬ ਵਿੱਚ ਸਰਕਾਰ ਬਣਾਉਣ ਉਪਰੰਤ ਕੇਜਰੀਵਾਲ ਸਾਡੇ ਦਰਿਆਈ ਪਾਣੀਆਂ ਦੇ ਮੱੁਦੇ ਉੱਪਰ ਸਾਡੇ ਸੂਬੇ ਦੀ ਲੁੱਟ ਕਰਕੇ ਹਰਿਆਣਾ ਵਿੱਚ ਸਰਕਾਰ ਬਣਾਉਣਾ ਚਾਹੁੰਦਾ ਹੈ ਜੋ ਕਿ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿਆਂਗੇ।ਇਹ ਦਾਅਵਾ ਕਰਦੇ ਹੋਏ ਕਿ ਰਿਪੇਰੀਅਨ ਕਾਨੂੰਨਾਂ ਤਹਿਤ ਹਰਿਆਣਾ ਜਾਂ ਕਿਸੇ ਹੋਰ ਸੂਬੇ ਦਾ ਪੰਜਾਬ ਦੇ ਪਾਣੀਆਂ ਤੇ ਕੋਈ ਹੱਕ ਨਹੀਂ ਹੈ ਖਹਿਰਾ ਨੇ ਕਿਹਾ ਕਿ ਪੰਜਾਬ ਐਸ.ਵਾਈ.ਐਲ ਦੇ ਪਾਣੀ ਨੂੰ ਪੰਜਾਬ ਅਤੇ ਹਰਿਆਣਾ ਵਿਚਕਾਰ ਵੰਡਣ ਦੇ ਕੇਜਰੀਵਾਲ ਦੇ ਸੁਝਾਅ ਨੁੰ ਪੂਰੀ ਤਰਾਂ ਰੱਦ ਕਰਦਾ ਹੈ ਕਿਉਂਕਿ ਸੂਬੇ ਵਿੱਚ ਪਹਿਲ਼ਾਂ ਹੀ ਦਰਿਆਈ ਪਾਣੀ ਦੀ ਘਾਟ ਹੈ ਅਤੇ 14 ਲੱਖ ਟਿਊਬਵੈਲਾਂ ਨਾਲ ਧਰਤੀ ਹੇਠਲਾ ਪਾਣੀ ਖਤਰਨਾਕ ਢੰਗ ਨਾਲ ਹੇਠਾਂ ਵੱਲ ਜਾ ਰਿਹਾ ਹੈ।
Share the post "ਖਹਿਰਾ ਨੇ ਮਾਨ ਨੂੰ ਕੇਜਰੀਵਾਲ ਦੇ ਇਸ਼ਾਰੇ ਤੇ ਐਸ.ਵਾਈ.ਐਲ ਤੇ ਕੋਈ ਸਮਝੋਤਾ ਨਾ ਕਰਨ ਦੀ ਦਿੱਤੀ ਚਿਤਾਵਨੀ"