ਅਵਾਰਾ ਪਸ਼ੂਆਂ ਕਾਰਨ ਹਰ ਦਿਨ ਵਾਪਰ ਰਹੇ ਹਨ ਹਾਦਸੇ, ਜਾ ਰਹੀਆਂ ਹਨ ਕੀਮਤੀ ਜਾਨਾਂ
ਸੁਖਜਿੰਦਰ ਮਾਨ
ਬਠਿੰਡਾ, 5 ਫਰਵਰੀ : ਸੂਬੇ ਦੇ ਪੰਜਵੇਂ ਮਹਾਂਨਗਰ ਮੰਨੇ ਜਾਣ ਵਾਲੇ ਬਠਿੰਡਾ ਸ਼ਹਿਰ ਵਿਚੋਂ ਨਗਰ ਨਿਗਮ ਗਊ ਸੈੱਸ ਦੇ ਨਾਂ ’ਤੇ ਤਿੰਨ ਕਰੋੜ ਰੁਪਏ ਇਕੱਠੇ ਕਰਨ ਦੇ ਬਾਵਜੂਦ ਅਵਾਰਾਂ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਨਾਕਾਮ ਰਿਹਾ ਹੈ। ਜਿਸਦੇ ਚੱਲਦੇ ਸ਼ਹਿਰ ਵਿਚ ਹਰ ਤੀਜ਼ੇ ਦਿਨ ਸੜਕਾਂ ’ਤੇ ਘੁੰਮਦੇ ਇਹ ਅਵਾਰਾ ਪਸ਼ੂ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇੰਨ੍ਹਾਂ ਹਾਦਸਿਆਂ ਕਾਰਨ ਹੁਣ ਤੱਕ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਜਦੋਂਕਿ ਬਹੁਤੇ ਨਕਾਰਾ ਹੋ ਗਏ ਹਨ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਗਰ ਨਿਗਮ ਦੀ ਸਹਾਇਤਾ ਨਾਲ ਕਈ ਗਊਸ਼ਾਲਾਵਾਂ ਦਾ ਪ੍ਰਬੰਧ ਵੀ ਕੀਤਾ ਹੈ ਪ੍ਰੰਤੂ ਇਸਦੇ ਬਾਵਜੂਦ ਬਠਿੰਡਾ ਸ਼ਹਿਰ ਦੀਆਂ ਸੜਕਾਂ, ਗਲੀਆਂ, ਚੌਕਾਂ ਆਦਿ ’ਤੇ ਦਰਜਨਾਂ ਬੇਸਹਾਰਾ ਪਸ਼ੂ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਨਗਰ ਨਿਗਮ ਬਠਿੰਡਾ ਕੋਲੋ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ 03.01.2023 ਤੱਕ ਨਿਗਮ ਕੋਲ ਕਰੀਬ 3 ਕਰੋੜ ਰੁਪਏ ਦਾ ਗਊ-ਸੈੱਸ ਜਮਾਂ ਹੈ। ਗੌਰਤਲਬ ਹੈ ਕਿ ਬਠਿੰਡਾ ਨਗਰ ਨਿਗਮ ਵਲੋਂ ਸ਼ਹਿਰ ਵਿਚ ਘੁੰਮਦੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕਈ ਗਊਸ਼ਾਲਾਵਾਂ ਨਾਲ ਸਮਝੋਤੇ ਵੀ ਕੀਤੇ ਹੋਏ ਹਨ ਤੇ ਇਸਦੇ ਲਈ ਬਕਾਇਦਾ ਉਨ੍ਹਾਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ‘ਡਾਈਟ ਮਨੀ’ ਦੇ ਨਾਂ ‘ਤੇ ਵੱਡੀ ਰਾਸ਼ੀ ਵੀ ਦਿੱਤੀ ਜਾ ਰਹੀ ਹੈ। ਉਧਰ ਲੋਕਾਂ ਦਾ ਕਹਿਣਾ ਹੈ ਕਿ ਅਵਾਰਾ ਪਸ਼ੂਆਂ ਦੇ ਨਾਮ ’ਤੇ ਕਰੋੜਾਂ ਰੁਪਏ ਇਕੱਠਾ ਕਰਨ ਵਾਲੀ ਨਗਰ ਨਿਗਮ ਨਾ ਸਿਰਫ਼ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਨਾਕਾਮ ਰਹੀ ਹੈ, ਸਗੋਂ ਮਰੇ ਹੋਏ ਪਸ਼ੂਆਂ ਆਦਿ ਨੂੰ ਚੁੱਕਣ ਦਾ ਵੀ ਕੋਈ ਢੁੱਕਵਾਂ ਹੱਲ ਨਹੀਂ ਕੱਢ ਸਕੀ । ਆਰਟੀਆਈ ਕਾਰਕੁੰਨ ਸੰਜੀਵ ਗੋਇਲ ਦਾ ਕਹਿਣਾ ਹੈ ਕਿ ਅਵਾਰਾ/ ਪਸ਼ੂਆਂ ਕਾਰਨ ਪੰਜਾਬ ਰਾਜ ਦੀਆਂ ਵੱਖ-ਵੱਖ ਅਦਾਲਤਾਂ ’ਚ ਨਗਰ ਨਿਗਮ ਬਠਿੰਡਾ ਖਿਲਾਫ ਕਈ ਲੋਕਾਂ ਵਲੋਂ ਦਰਜਨਾਂ ਕੇਸ ਦਾਇਰ ਕੀਤੇ ਗਏ ਹਨ, ਜਿਨ੍ਹਾਂ ’ਚੋਂ ਕੁਝ ਦਾ ਫੈਸਲਾ ਹੋ ਚੁੱਕਾ ਹੈ। ਸ਼ਹਿਰ ਅਤੇ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਰਾਤ ਸਮੇਂ ਸੜਕਾਂ ਅਤੇ ਗਲੀਆਂ ਦੇ ਵਿਚਕਾਰ ਪਸ਼ੂਆਂ ਦੇ ਬੈਠਣ ਅਤੇ ਖੜ੍ਹੇ ਹੋਣ ਕਾਰਨ ਹਰ ਰੋਜ਼ ਹਾਦਸੇ ਵਾਪਰਦੇ ਹਨ। ਹਾਲਾਂਕਿ ਨਿਗਮ ਨੂੰ ਗਊ ਸੈੱਸ ਦੇ ਨਾਂ ‘ਤੇ ਕਰੀਬ ਤਿੰਨ ਕਰੋੜ ਦੀ ਕਮਾਈ ਹੋਈ ਹੈ ਪ੍ਰੰਤੂ ਮੰਗੀ ਸੂਚਨਾ ਮੁਤਾਬਕ ਸਾਲ 2022-23 ਵਿੱਚ ਨਵੰਬਰ 2022 ਤੱਕ ਦੇ 8 ਮਹੀਨਿਆਂ ਵਿੱਚ ਨਗਰ ਨਿਗਮ ਬਠਿੰਡਾ ਵੱਲੋਂ 1,76,51,870.00 ਰੁਪਏ ਖਰਚ ਕੀਤੇ ਗਏ ਹਨ।
ਬਾਕਸ
ਚਾਰ ਗਊਸ਼ਾਲਾਵਾਂ ਨਾਲ ਹੈ ਨਿਗਮ ਦਾ ਸਮਝੋਤਾ
ਬਠਿੰਡਾ: ਨਿਗਮ ਦੇ ਅਧਿਕਾਰੀਆਂ ਮੁਤਾਬਕ ਮੌਜੂਦਾ ਸਮੇਂ ਸਿਰਕੀ ਬਜ਼ਾਰ ਸਥਿਤ ਗਊਸ਼ਾਲਾ, ਬੰਸੀਧਰ ਭੀਸੀਆਣਾ ਅਤੇ ਸਰਕਾਰੀ ਗਊਸਾਲਾ ਹਰਰਾਏਪੁਰ ਵਿਚ ਸ਼ਹਿਰ ’ਚੋਂ ਅਵਾਰਾ ਪਸ਼ੂ ਫ਼ੜ ਕੇ ਛੱਡੇ ਜਾ ਰਹੇ ਹਨ। ਜਦੋਂਕਿ ਆਉਣ ਵਾਲੇ ਦਿਨਾਂ ’ਚ ਭੁੱਚੋ ਡੇਰਾ ਰੂਮੀ ਵਾਲਿਆਂ ਨਾਲ ਵੀ ਮੁੜ ਸਮਝੋਤਾ ਕੀਤਾ ਜਾ ਰਿਹਾ ਹੈ। ਸੂਚਨਾ ਮੁਤਾਬਕ ਸਿਰਕੀ ਬਜ਼ਾਰ ਵਾਲਿਆਂ ਨੂੰ ਪ੍ਰਤੀ ਪਸ਼ੂ 36, ਬੰਸੀਧਰ ਨੂੰ 21, ਹਰਰਾਏਪੁਰ ਨੂੰ 19 ਰੁਪਏ ਪ੍ਰਤੀ ਪਸ਼ੂ ਰੋਜ਼ਾਨਾ ਦੇ ਡਾਈਟ ਮਨੀ ਦਿੱਤੀ ਜਾਂਦੀ ਹੈ।ਨਿਗਮ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ‘ਚ ਸ਼ਹਿਰ ਵਿਚੋਂ 500 ਪਸ਼ੂ ਫ਼ੜ ਕੇ ਜਲਦੀ ਹੀ ਰੂਮੀ ਵਾਲਾ ਗਊਸ਼ਾਲਾ ਵਿਚ ਛੱਡੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਬਾਕਸ
ਇੰਨ੍ਹਾਂ ਗਊ ਸੈੱਸ ਲੱਗਦਾ ਹੈ
1. ਤੇਲ ਟੈਂਕਰ ਦਾ ਗਊ-ਸੈੱਸ ਬਦਲਿਆ ਗਿਆ।
2. ਸ਼ਰਾਬ ਅੰਗਰੇਜ਼ੀ 10/- ਪ੍ਰਤੀ ਬੋਤਲ
3. ਦੇਸੀ ਸ਼ਰਾਬ 5/- ਰੁਪਏ ਪ੍ਰਤੀ ਬੋਤਲ
4. ਸੀਮਿੰਟ 1/- ਰੁਪਏ ਪ੍ਰਤੀ ਬੈਗ
5. ਬਿਜਲੀ 2 ਪੈਸੇ ਪ੍ਰਤੀ ਯੂਨਿਟ
6. ਮੈਰਿਜ ਪੈਲੇਸ ਏ.ਸੀ. 1000/ ਪ੍ਰਤੀ ਫੰਕਸ਼ਨ
7. ਮੈਰਿਜ ਪੈਲੇਸ ਨਾਨ ਏ.ਸੀ 500 ਰੁਪਏ/ ਪ੍ਰਤੀ ਫੰਕਸ਼ਨ
8. ਚਾਰ ਪਹੀਆ ਵਾਹਨ 1000/- ਪ੍ਰਤੀ ਵਾਹਨ
9. ਦੋ ਪਹੀਆ ਵਾਹਨ 200/- ਪ੍ਰਤੀ ਵਾਹਨ
ਬਾਕਸ
ਹੱਡਾ ਰੋੜੀ ਦਾ ਪ੍ਰਬੰਧ ਨਾ ਹੋਣ ਸੜਕੀ ਕੰਢੇ ਦੱਬ ਦਿਤੇ ਜਾਂਦੇ ਹਨ ਪਸ਼ੂ
ਨਗਰ ਨਿਗਮ ਬਠਿੰਡਾ ਕੋਲ ਆਪਣੇ ਅਵਾਰਾ/ਬੇਸਹਾਰਾ ਮਰੇ ਪਸ਼ੂਆਂ ਲਈ ਕੋਈ ਠੋਸ ਪ੍ਰਬੰਧ/ਪ੍ਰਬੰਧ ਨਹੀਂ ਹੈ, ਇਨ੍ਹਾਂ ਨੂੰ ਨਗਰ ਨਿਗਮ ਦੇ ਕਾਮੇ ਸੜਕ ਕੰਢੇ ਦੱਬ ਦਿੰਦੇ ਹਨ, ਇਥੇ ਹੀ ਬਸ ਨਹੀਂ ਨਿਗਮ ਕੋਲ ਅਵਾਰਾ/ਬੇਸਹਾਰਾ ਜ਼ਖਮੀ ਅਤੇ ਬਿਮਾਰ ਪਸ਼ੂਆਂ ਦੇ ਇਲਾਜ ਲਈ ਕੋਈ ਠੋਸ ਪ੍ਰਬੰਧ ਨਹੀਂ ਹੈ। ਜ਼ਖਮੀ ਅਤੇ ਬਿਮਾਰ ਬੇਸਹਾਰਾ ਪਸ਼ੂਆਂ ਦੇ ਇਲਾਜ ਲਈ ਲੋਕਾਂ ਨੂੰ ਜਾਂ ਤਾਂ ਕਿਸੇ ਐਨਜੀਓ ਨਾਲ ਸੰਪਰਕ ਕਰਨਾ ਪੈਂਦਾ ਹੈ ਜਾਂ ਫਿਰ ਉਨ੍ਹਾਂ ਨੂੰ ਸਰਕਾਰੀ ਪਸ਼ੂ ਹਸਪਤਾਲ ਜਾਂ ਕਿਸੇ ਪ੍ਰਾਈਵੇਟ ਡਾਕਟਰ ਕੋਲ ਲਿਜਾ ਕੇ ਆਪਣੇ ਖਰਚੇ ’ਤੇ ਇਲਾਜ ਕਰਵਾਉਣਾ ਪੈਂਦਾ ਹੈ।
Share the post "ਗਊ ਸੈੱਸ ਦੇ ਨਾਂ ‘ਤੇ ਕਰੋੜਾਂ ਰੁਪਏ ਇਕੱਠੇ ਕਰਨ ਦੇ ਬਾਵਜੂਦ ਨਗਰ ਨਿਗਮ ਸ਼ਹਿਰ ’ਚ ਘੁੰਮਦੇ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰਨ ਵਿੱਚ ਨਾਕਾਮ"