ਸੁਖਜਿੰਦਰ ਮਾਨ
ਬਠਿੰਡਾ, 10 ਅਪ੍ਰੈਲ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਲਜ ਆਫ਼ ਹੋਟਲ ਮੈਨੇਜ਼ਮੈਂਟ ਦੇ 7 ਸ਼ੈੱਫ਼ ਅਤੇ 32 ਵਿਦਿਆਰਥੀ ਵਰਸਿਟੀ ਦਾ ਨਾਂ ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਦਰਜ ਕਰਵਾਉਣ ਵਿੱਚ ਸਫਲ ਹੋਏ ਹਨ। ਇਨ੍ਹਾਂ ਵੱਲੋਂ ਕ੍ਰਮਵਾਰ 12 ਅਤੇ 13 ਅਗਸਤ 2021 ਨੂੰ ਵਰਸਿਟੀ ਕੈਂਪਸ ਵਿਖੇ ਕਰਵਾਏ ਗਏ ਵਿਸ਼ੇਸ਼ ਆਯੋਜਨ ਵਿੱਚ ਹੋਟਲ ਮੈਨੇਜ਼ਮੈਂਟ ਦੀ ਟੀਮ ਵੱਲੋਂ ਰਿਕਾਰਡ 1 ਘੰਟਾ 45 ਮਿੰਟ ਦੇ ਸਮੇਂ ਵਿੱਚ 1813 ਤਰ੍ਹਾਂ ਦੇ ਜਾਇਕਿਆਂ ਦੀ ਲੱਸੀ ਅਤੇ 1348 ਤਰ੍ਹਾਂ ਦੇ ਰੈਪ ਤਿਆਰ ਕੀਤੇ ਗਏ ਸਨ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਤੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਕਿਹਾ ਕਿ ਵਰਸਿਟੀ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ ਸਦਕਾ ਹਰ ਖੇਤਰ ਵਿੱਚ ਮੱਲਾਂ ਮਾਰ ਰਹੀ ਹੈ, ਜਿਸ ਦਾ ਵਰਸਿਟੀ ਪ੍ਰਬੰਧਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਮਾਣ ਹੈ। ਉਨ੍ਹਾਂ ਦੱਸਿਆ ਕਿ ਇਸ ਰਿਕਾਰਡ ਨਾਲ ਵਰਸਿਟੀ ਦਾ ਨਾਂ ਅੰਤਰ-ਰਾਸ਼ਟਰੀ ਪੱਧਰ ’ਤੇ ਚਮਕ ਰਿਹਾ ਹੈ, ਜੋ ਹੋਟਲ ਮੈਨੇਜ਼ਮੈਂਟ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਅਤੇ ਸਥਾਪਤੀ ਲਈ ਸਹਾਈ ਹੋਵੇਗਾ। ਉਨ੍ਹਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਵੱਧ ਰਹੀ ਸ਼ਰਧਾਲੂਆਂ ਦੀ ਆਮਦ ਕਾਰਨ ਹੋਟਲ ਮੈਨੇਜ਼ਮੈਂਟ ਦੇ ਉਜੱਵਲ ਭਵਿੱਖ ਤੇ ਰੁਜ਼ਗਾਰ ਲਈ ਖੁੱਲੇ ਰਸਤਿਆਂ ਬਾਰੇ ਚਾਨਣਾ ਪਾਇਆ। ਸਕੱਤਰ ਸੁਖਵਿਦੰਰ ਸਿੰਘ ਸਿੱਧੂ ਨੇ ਲਿਮਕਾ ਬੁੱਕ ਆਫ਼ ਰਿਕਾਰਡ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉੱਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ ਨੇ ਲਿਮਕਾ ਬੁੱਕ ਆਫ਼ ਰਿਕਾਰਡ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੈੱਫ਼ ਗੌਰਵ ਖੁਰਾਣਾ ਦੀ ਟੀਮ ਵੱਲੋਂ ਰਿਕਾਰਡ ਲਈ ਕੀਤੀ ਗਈ ਕੋਸ਼ਿਸ਼ ਨੂੰ ਲਿਮਕਾ ਬੁੱਕ ਆਫ਼ ਰਿਕਾਰਡ ਦੇ ਅਧਿਕਾਰੀਆਂ ਵੱਲੋਂ ਡਾਕ ਰਾਹੀਂ ਸਰਟੀਫਿਕੇਟ ਭੇਜ ਕੇ ਪ੍ਰਮਾਣਿਤ ਕੀਤਾ ਗਿਆ ਹੈ। ਉਨ੍ਹਾਂ ਭਵਿੱਖ ਵਿੱਚ ਹੋਰ ਵੱਡੇ ਪੱਧਰ ’ਤੇ ਪ੍ਰੇਰਣਾਦਈ ਆਯੋਜਨ ਕਰਨ ਦਾ ਵਿਚਾਰ ਸਾਂਝਾ ਕੀਤਾ।
ਗੁਰੂ ਕਾਸ਼ੀ ਯੂਨੀਵਰਸਿਟੀ ਦਾ ਨਾਂ ਲਿਮਕਾ ਬੁੱਕ ਆਫ਼ ਰਿਕਾਰਡ ਵਿੱਚ ਦਰਜ਼
8 Views