ਮਿੰਨੀ ਸਕੱਤਰੇਤ ਦਾ ਘਿਰਾਓ ਤੀਜ਼ੇ ਦਿਨ ਵੀ ਜਾਰੀ
ਸੁਖਜਿੰਦਰ ਮਾਨ
ਬਠਿੰਡਾ, 27 ਅਕਤੂਬਰ:ਪਿਛਲੇ ਤਿੰਨ ਦਿਨਾਂ ਤਂੋ ਸਥਾਨਕ ਮਿੰਨੀ ਸਕੱਤਰੇਤ ਦਾ ਘਿਰਾਓ ਕਰੀ ਬੈਠੇ ਕਿਸਾਨਾਂ ਨੇ ਸਰਕਾਰ ਦੀ ਬੇਰੁਖ਼ੀ ਨੂੰ ਦੇਖਦਿਆਂ ਅੱਜ ਬਠਿੰਡਾ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਲੱਗੇ ਹੋਰਡਿੰਗ ਉਤਾਰ ਦਿੱਤੇ ਤੇ ਬੱਸਾਂ ’ਤੇ ਲੱਗੇ ਪ੍ਰਚਾਰ ਬੋਰਡਾਂ ਉਪਰ ਕਾਲਖ਼ ਮਲ ਦਿੱਤੀ। ਸਰਕਾਰ ਦੁਆਰਾ ਧਾਰੀ ਰਹੱਸਮਈ ਚੁੱਪ ਨੂੰ ਦੇਖਦਿਆਂ ਕਿਸਾਨਾਂ ਨੇ ਅਗਲੇ ਦਿਨਾਂ ’ਚ ਹੋਰ ਵੀ ਵੱਡੇ ਐਕਸ਼ਨ ਕਰਨ ਦੀ ਵਿਉਂਤਬੰਦੀ ਕੀਤੀ ਹੈ, ਜਿਸਦਾ ਜਲਦੀ ਹੀ ਖ਼ੁਲਾਸਾ ਕਰਨ ਦਾ ਐਲਾਨ ਕੀਤਾ ਗਿਆ ਹੈ। ਦਸਣਾ ਬਣਦਾ ਹੈ ਕਿ ਗੁਲਾਬੀ ਸੁੰਡੀ ਨਾਲ ਹੋਈ ਤਬਾਹ ਹੋਈ ਨਰਮੇ ਦੀ ਫ਼ਸਲ ਅਤੇ ਗੜੇਮਾਰੀ ਤੇ ਝੱਖੜ ਕਾਰਨ ਝੋਨੇ ਤੇ ਹੋਰ ਫਸਲਾਂ ਦੀ ਹੋਈ ਕੁਦਰਤੀ ਤਬਾਹੀ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਪਿਛਲੇ ਇੱਕ ਮਹੀਨੇ ਤੋਂ ਇਹ ਸੰਘਰਸ ਵਿੱਢਿਆ ਗਿਆ ਹੈ। ਇਸ ਸੰਘਰਸ਼ ਦੀ ਕੜੀ ਤਹਿਤ ਪਹਿਲਾਂ ਇੱਕ ਅਕਤੂਬਰ ਨੂੰ ਸਥਾਨਕ ਮਿੰਨੀ ਸਕੱਤਰੇਤ ਦਾ ਘਿਰਾਓ ਕਰਕੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਦੇ ਘਿਰਾਓ ਦੀ ਚੇਤਾਵਨੀ ਦਿੱਤੀ ਪ੍ਰੰਤੂ ਸਰਕਾਰ ਦੁਆਰਾ ਗੱਲ ਨਾ ਸੁਣਨ ਦੇ ਚੱਲਦਿਆਂ ਹਜ਼ਾਰਾਂ ਕਿਸਾਨਾਂ ਨੇ ਪਿੰਡ ਬਾਦਲ ਸਥਿਤ ਸ: ਬਾਦਲ ਦੀ ਰਿਹਾਇਸ਼ ਨੂੰ 5 ਅਕਤੂਬਰ ਤੋਂ ਲੈ ਕੇ 19 ਤੱਕ ਘੇਰੀ ਰੱਖਿਆ ਸੀ। ਇਸ ਦੌਰਾਨ ਸਰਕਾਰ ਤੇ ਕਿਸਾਨਾਂ ਵਿਚਕਾਰ ਹੋਈ ਗੱਲਬਾਤ ਬੇਸਿੱਟਾ ਰਹੀ, ਜਿਸਤੋਂ ਬਾਅਦ ਕਿਸਾਨਾਂ ਨੇ 25 ਅਕਤੂਬਰ ਨੂੰ ਚਾਰ-ਚੁਫ਼ੇਰਿਓ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ ਹੋਇਆ ਹੈ। ਘਿਰਾਓ ਦੌਰਾਨ ਸਕੱਤਰੇਤ ਦੇ ਅੰਦਰ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ, ਜਿਸਦੇ ਚੱਲਦੇ ਅੰਦਰ ਪੂਰੀ ਤਰ੍ਹਾਂ ਸੰਨਾਟਾ ਛਾਇਆ ਹੋਇਆ ਹੈ। ਸੂਤਰਾਂ ਮੁਤਾਬਕ ਪੁਲਿਸ ਤੇ ਸਿਵਲ ਵਿਭਾਗ ਦੇ ਜਰੂਰੀ ਅਦਾਰਿਆਂ ਵਲੋਂ ਅਫ਼ਸਰਾਂ ਦੀ ਰਿਹਾਇਸ਼ਾਂ ਦੇ ਕੈਂਪ ਆਫ਼ਿਸ ਅਤੇ ਬਾਹਰਲੇ ਦਫ਼ਤਰਾਂ ਤੋਂ ਕੰਮ ਚਲਾਇਆ ਜਾ ਰਿਹਾ। ਉਧਰ ਅੱਜ ਤੀਜ਼ੇ ਦਿਨ ਮਾਲਵਾ ਪੱਟੀ ਦੇ ਅੱਠ ਜ਼ਿਲ੍ਹਿਆਂ ਤੋਂ ਇਕੱਤਰ ਹੋਏ ਹਜ਼ਾਰਾਂ ਕਿਸਾਨਾਂ ਨੇ ਅਪਣੇ ਤੈਅਸ਼ੁਦਾ ਪੋ੍ਰਗਰਾਮ ਤਹਿਤ ਸ਼ਹਿਰ ਵਿਚ ਥਾਂ ਥਾਂ ਲੱਗੇ ਮੁੱਖ ਮੰਤਰੀ ਦੇ ਹੋਰਡਿੰਗ, ਫ਼ਲੈਕਸਾਂ ਤੇ ਹੋਰ ਇਸ਼ਤਿਹਾਰ ‘‘ ਘਰ-ਘਰ ਚੱਲੀ ਗੱਲ, ਮੁੱਖ ਮੰਤਰੀ ਚੰਨੀ ਕਰਦਾ ਮਸਲੇ ਹੱਲ’’ ਉਤਾਰ ਦਿੱਤੇ ਗਏ ਤੇ ਸਰਕਾਰੀ ਬੱਸਾਂ ਪਿੱਛੇ ਲੱਗੇ ਇੰਨਾਂ ਹੋਰਡਿੰਗਾਂ ’ਤੇ ਕਾਲਖ਼ ਮਲ ਦਿੱਤੀ ਗਈ। ਹਾਲਾਂਕਿ ਪੁਲਿਸ ਵਲੋਂ ਵੱਡੀ ਪੱਧਰ ’ਤੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਪ੍ਰੰਤੂ ਸ਼ਾਂਤੀ ਬਰਕਰਾਰ ਰਹੀ। ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਵਾਲਿਆਂ ਵਿਚ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸਿੰਗਾਰਾ ਸਿੰਘ ਮਾਨ ਆਦਿ ਨੇ ਐਲਾਨ ਕੀਤਾ ਕਿ ਉਹ ਮੁਆਵਜ਼ਾ ਲਏ ਤੋਂ ਬਿਨ੍ਹਾਂ ਨਹੀਂ ਉਠਣਗੇ। ਇਸ ਮੌਕੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅੱਜ ਇਕੱਲੇ ਬਠਿੰਡਾ ਸ਼ਹਿਰ ਵਿਚ ਮੁੱਖ ਮੰਤਰੀ ਦੇ ਹੋਰਡਿੰਗ ਉਤਾਰੇ ਗਏ ਹਨ ਪ੍ਰੰਤੂ ਆਉਣ ਵਾਲੇ ਦਿਨਾਂ ਵਿਚ ਸਾਰੇ ਪੰਜਾਬ ਵਿਚ ਇਹ ਹੋਰਡਿੰਗ ਉਤਾਰੇ ਜਾਣਗੇ। ਗੌਰਤਲਬ ਹੈ ਕਿ ਕਿਸਾਨਾਂ ਵਲੋਂ ਨਰਮੇ ਅਤੇ ਝੋਨੇ ਦੀ ਤਬਾਹ ਹੋਈ ਫ਼ਸਲ ਬਦਲੇ ਕਿਸਾਨਾਂ ਨੂੰ 60000 ਰੁਪਏ ਅਤੇ ਨਰਮੇ ਵਾਲੇ ਥਾਂ ਖੇਤ ਮਜਦੂਰਾਂ ਨੂੰ 30000 ਰੁਪਏ ਪ੍ਰਤੀ ਪ੍ਰਵਾਰ ਮੁਆਵਜਾ ਦੇਦ ਦੀ ਮੰਗ ਤੋਂ ਇਲਾਵਾ ਕਿਸਾਨਾਂ ਨੂੰ ਨਕਲੀ ਬੀਜ/ਦਵਾਈਆਂ ਮੁਹੱਈਆ ਕਰਵਾਉਣ ਤੇ ਬਣਾਉਣ ਵਾਲਿਆਂ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਗੁਲਾਬੀ ਸੁੰਡੀ ਕਾਰਨ ਖ਼ੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜਾ ਤੇ ਮੁਕੰਮਲ ਕਰਜਾ ਮੁਕਤੀ ਤੋਂ ਇਲਾਵਾ 1-1 ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ।
Share the post "ਗੱਲ ਨਾ ਸੁਣਨ ਤੋਂ ਦੁਖੀ ਕਿਸਾਨਾਂ ਨੇ ਬਠਿੰਡਾ ਵਿੱਚ ‘ਚੰਨੀ’ ਦੇ ਪੋਸਟਰਾਂ ’ਤੇ ਮਲੀ ਕਾਲਖ਼"