ਹਰ ਮਹੀਨੇ 70 ਲੱਖ ਰੁਪਏ ਇਕੱਤਰ ਹੋਣ ਦੀ ਸੰਭਾਵਨਾ, ਪੈਸੇ ਦੇਣ ’ਚ ਦੇਰੀ ਕਰਨ ਵਾਲਿਆਂ ਨੂੰ ਲੱਗੇਗਾ ਜੁਰਮਾਨਾ
ਸੁਖਜਿੰਦਰ ਮਾਨ
ਬਠਿੰਡਾ, 6 ਜੂਨ: ਨਗਰ ਨਿਗਮ ਨੇ ਹੁਣ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ’ਚੋਂ ਕੂੜਾ ਚੁੱਕਣ ਦੀਆਂ ਦ੍ਹਰਾਂ ਵਿਚ ਵਾਧਾ ਕਰ ਦਿੱਤਾ ਹੈ, ਜਿਹੜਾ ਲੰਘੀ 1 ਅਪ੍ਰੈਲ ਤੋਂ ਦੇਣਾ ਪਏਗਾ। ਇਸ ਸਬੰਧ ਵਿੱਚ ਜਾਰੀ ਨੋਟੀਫਿਕੇਸ਼ਨ ਤਹਿਤ ਲਾਗੂ ਕੀਤੀਆਂ ਨਵੀਆਂ ਦਰ੍ਹਾਂ ਵਿਚ ਵਪਾਰਕ ਸੰਸਥਾਵਾਂ ’ਤੇ ਲੱਗੇ ਚਾਰਜ਼ਾਂ ਨੂੰ ਘਟਾ ਦਿੱਤਾ ਹੈ। ਇਸਤੋਂ ਇਲਾਵਾ ਸ਼ਹਿਰ ਦੀਆਂ ਸਲੱਮ ਬਸਤੀਆਂ ਵਿਚ ਇਹ ਦਰ੍ਹਾਂ ਪਹਿਲਾਂ ਵਾਲੀਆਂ ਹੀ ਰਹਿਣ ਦਿੱਤੀਆਂ ਹਨ। ਨਗਰ ਨਿਗਮ ਦੇ ਸਰਵੇਂ ਮੁਤਾਬਕ ਬਠਿੰਡਾ ਸ਼ਹਿਰ ਵਿਚ 180 ਗਜ਼ ਤੋਂ ਘੱਟ ਜਗ੍ਹਾਂ ਵਿਚ 31 ਹਜ਼ਾਰ ਦੇ ਕਰੀਬ ਮਕਾਨ ਹਨ ਜਦੋਂਕਿ 180 ਗਜ਼ ਤੋਂ ਉਪਰ ਵਾਲਿਆਂ ਦੀ ਗਿਣਤੀ ਸਾਢੇ 21 ਹਜ਼ਾਰ ਦੇ ਕਰੀਬ ਹੈ। ਇਸਤੋਂ ਇਲਾਵਾ ਸ਼ਹਿਰ ਅੰਦਰ ਛੋਟੀਆਂ-ਵੱਡੀਆਂ ਦੁਕਾਨਾਂ ਦੀ ਗਿਣਤੀ ਦਸ ਹਜ਼ਾਰ ਦੇ ਕਰੀਬ ਹੈ। ਨਗਰ ਨਿਗਮ ਵਲੋੋਂ ਘਰ-ਘਰ ਤੋਂ ਕੂੜਾ ਚੁੱਕਣ ਬਦਲੇ ਲਗਾਏ ਚਾਰਜ਼ਾਂ ਦੀ ਕੁਲੈਕਸ਼ਨ ਸੋਫ਼ਟੈਲ ਸਲਿਊਸ਼ਨ ਨਾਂ ਦੀ ਪ੍ਰਾਈਵੇਟ ਕੰਪਨੀ ਵਲੋਂ ਕੀਤੀ ਜਾ ਰਹੀ ਹੈ। ਇੰਨ੍ਹਾਂ ਨਵੀਂਆਂ ਦਰ੍ਹਾਂ ਨਾਲ ਪ੍ਰਤੀ ਮਹੀਨਾ 70 ਲੱਖ ਰੁਪਏ ਦੇ ਕਰੀਬ ਇਕੱਤਰ ਹੋਣ ਦੀ ਉਮੀਦ ਹੈ। ਵੱਡੀ ਗੱਲ ਇਹ ਹੈ ਕਿ ਬੀਤੇ ਦਿਨੀਂ ਨਵੀਂ ਦਰਾਂ ਸਬੰਧੀ ਜਾਰੀ ਨੋਟੀਫਿਕੇਸ਼ਨ ਮੁਤਾਬਕ ਹੁਣ ਜੇਕਰ ਕੋਈ ਵਿਅਕਤੀ 3 ਮਹੀਨਿਆਂ ਤੱਕ ਕੂੜਾ ਚੁੱਕਣ ਦੇ ਪੈਸੇ ਨਹੀਂ ਦੇਵੇਗਾ ਤਾਂ ਉਸਨੂੰ ਜੁਰਮਾਨਾ ਲੱਗੇਗਾ। ਇਸੇ ਤਰ੍ਹਾਂ ਜਿੰਨ੍ਹਾਂ ਦੇ 31 ਮਾਰਚ ਤੱਕ ਵੀ ਬਕਾਇਆ ਖੜ੍ਹੇ ਹਨ, ਉਨ੍ਹਾਂ ਤੋਂ ਵੀ ਬਕਾਇਆ ਰਾਸ਼ੀ ਜੁਰਮਾਨੇ ਨਾਲ ਵਸੂਲੀ ਜਾਵੇਗੀ। ਹਾਲਾਂਕਿ ਜੇਕਰ ਕੋਈ ਵਿਅਕਤੀ ਸਾਲ ਦੇ ਇਕੱਠੇ ਪੈਸੇ ਭਰਦਾ ਹੈ ਤਾਂ ਉਸਨੂੰ ਦਸ ਫ਼ੀਸਦੀ ਰਿਆਇਤ ਵੀ ਦਿੱਤੀ ਜਾਵੇਗੀ। ਇਸ ਸਬੰਧੀ ਨਿਗਮ ਕਮਿਸ਼ਨਰ ਰਾਹੁਲ ਨੇ ਦਾਅਵਾ ਕੀਤਾ ਕਿ ‘‘ਜੇਕਰ ਕੋਈ ਵਿਅਕਤੀ ਨਿਗਮ ਵੱਲੋਂ ਨਿਰਧਾਰਿਤ ਕੀਤੇ ਯੂਜ਼ਰ ਚਾਰਜਿਸ ਦੀ ਅਦਾਇਗੀ ਨਹੀਂ ਕਰਦਾ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।’’ ਉਨ੍ਹਾਂ ਕਿਹਾ ਕਿ ਰੇਟ 1 ਅਪ੍ਰੈਲ 2023 ਤੋਂ ਰਿਵਾਇਜ ਕੀਤੇ ਗਏ ਹਨ ਅਤੇ 31 ਮਾਰਚ 2023 ਤੱਕ ਦੇ ਬਕਾਇਆ ਯੂਜਰ ਚਾਰਜਿਜ 5 ਫੀਸਦੀ ਜ਼ੁਰਮਾਨੇ ਨਾਲ ਵਸੂਲ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਨਵੀਂ ਦਰ੍ਹਾਂ ਤਹਿਤ ਹੁਣ 180 ਗਜ਼ ਤੋਂ ਘੱਟ ਮਕਾਨ ਮਾਲਕਾਂ ਨੂੰ 30 ਰੁਪਏ ਮਹੀਨੇ ਦੀ ਬਜਾਏ 50 ਰੁਪਏ ਦੇਣੇ ਹੋਣਗੇ। ਜਦੋਂਕਿ 181 ਗਜ਼ ਦੀਆਂ ਦਰ੍ਹਾਂ 50 ਰੁਪਏ ਮਹੀਨਾ ਤੋਂ ਵਧਾ ਕੇ 80 ਰੁਪਏ ਮਹੀਨਾ ਕਰ ਦਿੱਤੀਆਂ ਹਨ। ਦੂਜੇ ਪਾਸੇ ਵਪਾਰਕ ਥਾਵਾਂ, ਜਿੰਨ੍ਹਾਂ ਵਿਚ 200 ਸੂਕੇਅਰ ਫੁੱਟ ਤੋਂ ਘੱਟ ਦੁਕਾਨਾਂ ਨੂੰ ਪਹਿਲਾਂ ਲੱਗਦੇ 100 ਰੁਪਏ ਦੀ ਬਜਾਏ 50 ਰੁਪਏ ਦੇਣੇ ਹੋਣਗੇ। ਇਸੇ ਤਰ੍ਹਾਂ 200 ਤੋਂ 500 ਸੁਕੇਅਰ ਗਜ਼ ਦੁਕਾਨਾਂ ਲਈ ਕ੍ਰਮਵਾਰ 150 ਤੇ 200 ਤੋਂ ਘਟਾ ਕੇ 100 ਰੁਪਏ, 1000 ਸੁਕੇਅਰ ਗਜ਼ ’ਚ 250 ਤੋਂ 150 ਅਤੇ ਇੱਕ ਹਜ਼ਾਰ ਗਜ਼ ਤੋਂ ਉਪਰ ਦੀਆਂ ਦੁਕਾਨਾਂ ਲਈ ਪ੍ਰਤੀ ਮਹੀਨਾ ਲੱਗਦੇ 500 ਤੋਂ ਘਟਾ ਕੇ 300 ਰੁਪਏ ਕਰ ਦਿੱਤੇ ਹਨ। ਇਸਤੋਂ ਇਲਾਵਾ ਸ਼ਹਿਰ ’ਚ ਚੱਲ ਰਹੇ ਪੈਟਰੋਲ ਪੰਪ ਮਾਲਕਾਂ ਨੂੰ ਹੁਣ ਪ੍ਰਤੀ ਮਹੀਨਾ 500 ਰੁਪਏ ਦੀ ਥਾਂ ਸਿਰਫ਼ 300 ਦੇਣੇ ਪੈਣੇ ਹਨ। ਇਸੇ ਤਰ੍ਹਾਂ ਪ੍ਰਾਈਵੇਟ ਕਾਲਜ਼ਾਂ ਨੂੰ ਛੱਡ ਬਾਕੀ ਸਿੱਖਿਆਂ ਸੰਸਥਾਵਾਂ ਦੇ ਚਾਰਜ਼ ਵੀ ਇੱਕ ਹਜ਼ਾਰ ਤੋਂ ਘਟਾ ਕੇ 500 ਰੁਪਏ ਕਰ ਦਿੱਤੇ ਹਨ। ਇੱਥੇ ਦਸਣਾ ਬਣਦਾ ਹੈ ਕਿ ਨਗਰ ਨਿਗਮ ਵਲੋਂ ਉਕਤ ਪ੍ਰਾਈਵੇਟ ਕੰਪਨੀ ਰਾਹੀਂ ਸਾਲ 2018 ਤੋਂ ਬਠਿੰਡਾ ਸ਼ਹਿਰ ਵਿਚ ਘਰ-ਘਰ ਤੋਂ ਕੂੜਾ ਚੁੱਕਣ ਦੀ ਮੁਹਿੰਮ ਚਲਾਈ ਹੋਈ ਹੈ। ਪ੍ਰੰਤੂ ਇਸਦੇ ਬਦਲੇ ਉਮੀਦ ਮੁੂਤਾਬਕ ਯੂਜਰ ਚਾਰਜ਼ ਇਕੱਠੇ ਨਾ ਹੋਣ ਦੇ ਚੱਲਦੇ ਪਿਛਲੇ ਸਾਲਾਂ ਦੌਰਾਨ ਨਗਰ ਨਿਗਮ ਨੇ ਇੱਕ ਮਤਾ ਪਾਸ ਕਰਕੇ ਪੈਸੇ ਇਕੱਠੇ ਕਰਨ ਦਾ ਕੰਮ ਉਕਤ ਕੰਪਨੀ ਨੂੰ ਦੇ ਦਿੱਤਾ ਸੀ ਪ੍ਰੰਤੂ ਕੰਪਨੀ ਦੇ ਮੁਲਾਜਮਾਂ ਨੂੰ ਵੀ ਚੰਗਾ ਹੂੰਗਾਰਾ ਨਹੀਂ ਮਿਲ ਰਿਹਾ, ਜਿਸਦੇ ਚੱਲਦੇ ਨਿਗਮ ਨੇ ਹੁਣ ਜੁਰਮਾਨਾ ਵਾਲੀ ਨੀਤੀ ਲਾਗੂ ਕੀਤੀ ਹੈ।
Share the post "ਘਰ-ਘਰ ਚੋਂ ਕੂੜਾ ਚੁੱਕਣ ਦੀ ਮੁਹਿੰਮ: ਬਠਿੰਡਾ ’ਚ ਰਿਹਾਇਸ਼ੀ ਇਲਾਕਿਆਂ ਦੇ ਚਾਰਜ਼ ਵਧੇ, ਵਪਰਾਕ ਥਾਵਾਂ ਦੇ ਘਟੇ"