ਸੁਖਜਿੰਦਰ ਮਾਨ
ਬਠਿੰਡਾ, 24 ਜੂਨ: ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਰਜਿ. ਨੰ. 31 ਵੱਲੋਂ ਜਿਲਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਦੀ ਪ੍ਰਧਾਨਗੀ ਹੇਠ ਸਥਾਨਕ ਭਾਗੂ ਰੋਡ ਬਠਿੰਡਾ ਵਿਖੇ ਕਾਰਜਕਾਰੀ ਇੰਜੀਨੀਅਰਾਂ ਮੰਡਲ ਨੰ 2 ਅਤੇ 3 ਦੇ ਦਫਤਰਾਂ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸੰਦੀਪ ਖਾਨ ਬਾਲਿਆਂਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਕੱਚੇ ਠੇਕਾ ਕਾਮਿਆਂ ਨੂੰ ਪੱਕਾ ਕਰਨ ਦਾ ਝੂਠਾ ਲਾਰਾ ਲਾ ਕੇ ਕੱਚੇ ਠੇਕਾ ਕਾਮਿਆਂ ਦੀ ਛਾਂਟੀ ਕਰਕੇ ਠੇਕਾ ਕਾਮਿਆਂ ਦੀ ਯੂਨੀਅਨ ਨੂੰ ਕਮਜ਼ੋਰ ਕਰਨ ਦੀ ਕਾਲੀ ਤੇ ਕੋਝੀ ਨੀਤੀ ਅਪਨਾਉਣ ਜਾ ਰਹੀ ਹੈ। ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਬਣਦਿਆਂ ਹੀ ਕੱਚੇ ਠੇਕਾ ਕਾਮਿਆਂ ਦਾ ਸਰਕਾਰੀ ਸਾਈਟ ਐਚ.ਆਰ.ਐਮ. ਐਸ. ਤੋ ਡਾਟਾ ਡਲੀਟ ਕਰ ਦਿੱਤਾ ਗਿਆ ਹੈ ਤਾਂ ਜੋ ਠੇਕਾ ਕਾਮਿਆਂ ਦਾ ਕੋਈ ਰਿਕਾਰਡ ਨਾਂ ਰਹੇ। ਹੁਣ ਸਰਕਾਰ ਅਧਿਕਾਰੀਆਂ ਤੋ ਉਹਨਾਂ ਕੱਚੇ ਠੇਕਾ ਕਾਮਿਆਂ ਦੀਆਂ ਲਿਸਟਾਂ ਮੰਗ ਰਹੀ ਹੈ। ਜਿਨ੍ਹਾਂ ਦੇ ਰਿਸ਼ਤੇਦਾਰ ਵਿਭਾਗ ਵਿੱਚ ਮੌਜੂਦਾ ਪੱਕੀ ਨੌਕਰੀ ਕਰ ਰਹੇ ਹਨ ਜਾ ਰਿਟਾਇਰਡ ਹੋ ਚੁੱਕੇ ਹਨ ਤਾਂ ਜੋ ਉਹਨਾਂ ਦੀ ਬਲੱਡ ਰਿਲੇਸਨ ਦੇ ਨਾਂ ਤੇ ਛਾਂਟੀ ਕੀਤੀ ਜਾਵੇ । ਬੁਲਾਰੇ ਨੇ ਦੱਸਿਆ ਕਿ ਸਾਰੇ ਪੰਜਾਬ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ਼ ਲਾਮਬੰਦ ਹੋ ਕੇ ਕੱਚੇ ਠੇਕਾ ਕਾਮੇ ਪਰਿਵਾਰਾਂ ਤੇ ਬੱਚਿਆਂ ਸਮੇਤ ਤਿੱਖਾ ਸੰਘਰਸ਼ ਵਿੱਢਣ ਲਈ ਤਿਆਰ ਹਨ। ਇਸ ਮੌਕੇ ਅੰਮਿ੍ਰਤਪਾਲ ਸਿੰਘ ਬੱਗੂ, ਸੰਦੀਪ ਸਿੰਘ ਬਾਜਕ,ਲਖਵਿੰਦਰ ਸਿੰਘ, ਨੇ ਵੀ ਆਏ ਵਰਕਰਾਂ ਨੂੰ ਸੰਬੋਧਨ ਕੀਤਾ।
Share the post "ਜਲ ਸਪਲਾਈ ਵਿਭਾਗ ਦੇ ਕੱਚੇ ਕਾਮਿਆਂ ਵੱਲੋਂ ਕਾਰਜਕਾਰੀ ਇੰਜੀਨੀਅਰਾਂ ਦੇ ਦਫਤਰਾਂ ਅੱਗੇ ਰੋਸ ਧਰਨਾ"