ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਅਤੇ ਡੀਈਓ ਭੁਪਿੰਦਰ ਕੌਰ ਵੱਲ੍ਹੋਂ ਕੀਤੀ ਉਵਰ ਆਲ ਟਰਾਫੀ ਲਾਂਚ
ਪਹਿਲੇ ਪੜਾਅ ਦੌਰਾਨ ਸਿੱਖਿਆ ਵਿਕਾਸ ਮੰਚ ਵੱਲ੍ਹੋਂ 20 ਖੇਡ ਸੈਂਟਰ ਖੋਲ੍ਹਣ ਦਾ ਫੈਸਲਾ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 1 ਅਪ੍ਰੈਲ: ਸਿੱਖਿਆ ਵਿਕਾਸ ਮੰਚ ਮਾਨਸਾ ਨੇ ਜ਼ਿਲ੍ਹੇ ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਰਾਜ ਪ੍ਰਾਇਮਰੀ ਖੇਡਾਂ-2023 ਦੌਰਾਨ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਵਾਲੇ ਖਿਡਾਰੀਆਂ ਦੇ ਵਿਸ਼ੇਸ਼ ਸਨਮਾਨ ਲਈ ਇਕ ਲੱਖ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਹੈ,ਨਾਲ ਹੀ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਵੱਖ-ਵੱਖ ਸਕੂਲਾਂ ਚ ਖੇਡ ਟਰੇਨਿੰਗ ਸੈਂਟਰ ਖੋਲ੍ਹਣ ਦਾ ਵੀ ਅਹਿਮ ਫੈਸਲਾ ਲਿਆ ਹੈ,ਜਿਥੇ ਮਾਹਿਰ ਕੋਚਾਂ ਵੱਲ੍ਹੋਂ ਖਿਡਾਰੀਆਂ ਨੂੰ ਸਿੱਖਿਆ ਦੇ ਇਸ ਮੁੱਢਲੇ ਪੜਾਅ ਤੋਂ ਹੀ ਖੇਡਾਂ ਪ੍ਰਤੀ ਮੁਹਾਰਤ ਹਾਸਲ ਕਰਵਾਈ ਜਾਵੇਗੀ।
ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭੁਪਿੰਦਰ ਕੌਰ ਨੇ ਜ਼ਿਲ੍ਹਾ ਪ੍ਰਾਇਮਰੀ ਖੇਡਾਂ-2023 ਦੀ ਉਵਰ ਆਲ ਟਰਾਫੀ ਲਾਂਚ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਚ ਗੁਣਤਾਕਮਕ ਸਿੱਖਿਆ ਦੇ ਨਾਲ-ਨਾਲ ਖੇਡਾਂ,ਸਭਿਆਚਾਰ ਸਰਗਰਮੀਆਂ ਨੂੰ ਵੀ ਪ੍ਰਫੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲ੍ਹੋਂ ਸਿੱਖਿਆ, ਖੇਡਾਂ ਨੂੰ ਦਿੱਤੀ ਜਾ ਰਹੀ ਵਿਸ਼ੇਸ਼ ਤਰਜੀਹ ਨਾਲ ਸੂਬੇ ਅੰਦਰ ਵਿਦਿਆਰਥੀ ਪੜ੍ਹਾਈ ਅਤੇ ਖੇਡਾਂ ਚ ਆਪਣੇ ਰਾਜ ਦਾ ਨਾਮ ਦੇਸ਼ ਭਰ ਚ ਰੋਸ਼ਨ ਕਰਨਗੇ। ਸਿੱਖਿਆ ਵਿਕਾਸ ਮੰਚ ਮਾਨਸਾ ਦੇ ਚੇਅਰਮੈਨ ਡਾ ਸੰਦੀਪ ਘੰਡ ਨੇ ਆਪਣੇ ਨਿੱਜੀ ਫੰਡ ਚੋਂ 51 ਹਜ਼ਾਰ ਰੁਪਏ ਦੀ ਰਾਸ਼ੀ ਮੰਚ ਨੂੰ ਭੇਂਟ ਕਰਦਿਆਂ ਕਿਹਾ ਕਿ ਮਾਨਸਾ ਜ਼ਿਲ੍ਹੇ ਚ ਪ੍ਰਾਇਮਰੀ ਪੱਧਰ ਤੋਂ ਹੀ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਪਹਿਲੇ ਪੜ੍ਹਾਅ ਦੌਰਾਨ ਵੱਖ-ਵੱਖ ਸਕੂਲਾਂ ਅੰਦਰ 20 ਦੇ ਕਰੀਬ ਖੇਡ ਸੈਂਟਰ ਖੋਲ੍ਹਦਿਆਂ ਮਾਹਿਰ ਕੋਚ,ਖੇਡ ਕਿੱਟਾਂ ਅਤੇ ਖੇਡਾਂ ਦਾ ਸਾਜੋ ਸਮਾਨ ਮਹੱਈਆ ਕਰਵਾਇਆ ਜਾਵੇਗਾ। ਨਾਲ ਹੀ ਅਗਲੇ ਮਹੀਨਿਆਂ ਦੌਰਾਨ ਵੱਖ-ਵੱਖ ਬਾਲ ਖੇਡ ਮੇਲੇ ਕਰਵਾਏ ਜਾਣਗੇ। ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋਂ ਲੜਕੀਆਂ ਨੁੰ ਸਵੈ ਰੋਜ਼ਗਾਰ ਨਾਲ ਜੋੜਨ ਅਤੇ ਉਹਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਹਿੱਤ ਪਹਿਲਾਂ ਤੋ ਹੀ 10 ਪਿੰਡਾਂ ਵਿੱਚ ਸਕਿੱਲ ਅਪ ਸਿਖਲਾਈ ਸੈਂਟਰ ਖੋਲਣ ਲਈ ਵੱਖ ਵੱਖ ਪਿੰਡਾਂ ਵਿੱਚ ਲੜਕੀਆਂ ਦੀ ਚੋਣ ਕੀਤੀ ਜਾ ਰਹੀ ਹੈ।ਡਾ ਘੰਡ ਨੇ ਵੱਖ ਵੱਖ ਸਕਿੱਲ ਟਰੇਨਿੰਗ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੁੰ ਸਿੱਖਿਆ ਵਿਕਾਸ ਮੰਚ ਨਾਲ ਸਪੰਰਕ ਕਰਨ ਦੀ ਅਪੀਲ ਕੀਤੀ। ਉਪ ਜ਼ਿਲ੍ਹਾ ਸਿੱਖਿਆ ਅਫਸਰ ਗੁਰਲਾਭ ਸਿੰਘ ਅਤੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਵਰ੍ਹੇ ਦੌਰਾਨ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਮਾਨਸਾ ਜ਼ਿਲ੍ਹੇ ਦੀ ਸ਼ਾਨਦਾਰ ਕਾਰਗੁਜ਼ਾਰੀ ਰਹੀ ਹੈ,ਜਿਸ ਦੌਰਾਨ ਨੰਨ੍ਹੇ ਖਿਡਾਰੀਆਂ ਨੇ 54 ਮੈਡਲ ਹਾਸਲ ਕੀਤੇ। ਉਨ੍ਹਾਂ ਆਸ ਪ੍ਰਗਟਾਈ ਕਿ ਹੁਣ ਜਦੋਂ ਨਵੇਂ ਸ਼ੈਸਨ ਦੇ ਅਰੰਭ ਤੋਂ ਹੀ ਖੇਡਾਂ ਸਬੰਧੀ ਵਿਉਂਤਬੰਦੀ ਬਣਾਈ ਜਾ ਰਹੀ ਹੈ,ਤਾਂ ਇਸ ਦੇ ਹੋਰ ਸਾਰਥਿਕ ਸਿੱਟੇ ਸਾਹਮਣੇ ਆਉਣਗੇ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ,ਆਪ ਪਾਰਟੀ ਦੇ ਜ਼ਿਲ੍ਹਾ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਰਮੇਸ਼ ਖਿਆਲਾ, ਸਮਾਜ ਸੇਵੀ ਇੰਦਰਜੀਤ ਸਿੰਘ ਉੱਭਾ ਸਕੱਤਰ ਸਿੱਖਿਆ ਵਿਕਾਸ ਮੰਚ,ਗੁਰਮੀਤ ਸਿੰਘ ਖੁਰਮੀ ਨੇ ਸਿੱਖਿਆ ਵਿਕਾਸ ਮੰਚ ਮਾਨਸਾ ਵੱਲ੍ਹੋਂ ਪ੍ਰਾਇਮਰੀ ਪੱਧਰ ਤੋਂ ਹੀ ਖੇਡਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਵੱਲ੍ਹੋਂ ਹਰ ਪੱਖੋਂ ਸਹਿਯੋਗ ਦਾ ਭਰੋਸਾ ਦਿੱਤਾ।
Share the post "ਜ਼ਿਲ੍ਹਾ ਪ੍ਰਾਇਮਰੀ ਖੇਡਾਂ-2023 ਦੀ ਟਰਾਫੀ ਕੀਤੀ ਲਾਂਚ,ਖਿਡਾਰੀਆਂ ਲਈ ਇਕ ਲੱਖ ਰੁਪਏ ਦੀ ਰਾਸ਼ੀ ਦਾ ਐਲਾਨ"