ਸੁਖਜਿੰਦਰ ਮਾਨ
ਬਠਿੰਡਾ, 27 ਫ਼ਰਵਰੀ : ਪਿਛਲੇ ਕਈ ਦਿਨਾਂ ਤੋਂ ਖੇਤੀ ਮੋਟਰਾਂ ਦੇ ਬਿਜਲੀ ਕੁਨੈਕਸ਼ਨ ਦੇਣ ਦੇ ਮਾਮਲੇ ਵਿਚ ਕਿਸਾਨਾਂ ਨਾਲ ਹੋਈਆਂ ਠੱਗੀਆਂ ਦੇ ਮਾਮਲੇ ਵਿਚ ਪਾਵਰਕਾਮ ਦੇ ਮੁੱਖ ਇੰਜੀਨੀਅਰ ਤੇ ਥਰਮਲ ਪਲਾਂਟ ਦੇ ਗੇਟ ਅੱਗੇ ਪੱਕਾ ਧਰਨਾ ਲਗਾਈ ਬੈਠੇ ਕਿਸਾਨਾਂ ਨੇ ਅੱਜ ਭਾਈ ਘਨੱਈਆ ਚੌਕ ਵਿਚ ਧਰਨਾ ਲਗਾ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਚੱਲ ਰਹੇ ਇਸ ਧਰਨੇ ਵਿਚ ਪੁੱਜੇ ਮੁੱਖ ਇੰਜੀਨੀਅਰ ਵਲੋਂ ਕਿਸਾਨਾਂ ਨੂੰ ਮਸਲੇ ਦੇ ਹੱਲ ਲਈ ਉੱਚ ਅਧਿਕਾਰੀਆਂ ਨਾਲ ਗਲਬਾਤ ਦਾ ਭਰੋਸਾ ਦੇਣ ਤੋਂ ਬਾਅਦ ਦਫ਼ਤਰ ਛੱਡ ਕੇ ਚਲੇ ਜਾਣ ਦੇ ਚੱਲਦੇ ਕਿਸਾਨਾਂ ਨੇ ਰੋਹ ਵਿਚ ਆਉਂਦਿਆਂ ਚੌਕ ’ਚ ਧਰਨਾ ਲਗਾਉਂਦਿਆਂ ਰੋਹ ਭਰਪੂਰ ਨਾਅਰੇੇਬਾਜ਼ੀ ਕੀਤੀ। ਮਾਮਲੇ ਦੀ ਨਜ਼ਾਕਤ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਕੁਨੈਕਸ਼ਨ ਘਪਲੇ ਦੀ ਜਾਂਚ ਲਈ ਵਿਜੀਲੈਂਸ ਦੇ ਐਸ.ਐਸ.ਪੀ ਦੀ ਅਗਵਾਈ ਹੇਠ ਇੱਕ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ, ਜਿਸ ਵਿਚ ਪਾਵਰਕਾਮ ਦੇ ਪੱਛਮੀ ਜੋਨ ਦੇ ਮੁੱਖ ਇੰਜੀਨੀਅਰ ਤੋਂ ਇਲਾਵਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਕਮੇਟੀ ਦੀ ਮੀਟਿੰਗ 6 ਮਾਰਚ ਨੂੰ ਕਰਨ ’ਤੇ ਵੀ ਸਹਿਮਤੀ ਬਣੀ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਕਾਕਾ ਸਿੰਘ ਕੋਟੜਾ ,ਬਲਦੇਵ ਸਿੰਘ ਸਦੋਹਾ ਤੇ ਰੇਸ਼ਮ ਸਿੰਘ ਯਾਤਰੀ ਸਿੰਘ ਆਦਿ ਨੇ ਦੋਸ਼ ਲਗਾਇਆ ਕਿ ਪਿਛਲੇ ਸਮੇਂ ਦੌਰਾਨ ਪਾਵਰਕਾਮ ਦੇ ਮੁਲਾਜ਼ਮਾਂ ਵੱਲਂੋ ਕਿਸਾਨਾਂ ਨੂੰ ਖੇਤੀ ਮੋਟਰਾਂ ਦੇ ਟਿਉਬਵੈੱਲ ਕੁਨੈਕਸ਼ਨ ਦੇਣ ਲਈ ਪੂਰਾ ਦਸਤਾਵੇਜ ਲਏ ਗਏ ਸਨ ਤੇ ਬਣਦੀ ਰਾਸ਼ੀ ਜਮ੍ਹਾਂ ਕਰਵਾਉਣ ਤੋਂ ਬਾਅਦ ਕਿਸਾਨਾਂ ਨੂੰ ਟਰਾਸਫਾਰਮਰ, ਖੰਬੇ ,ਤਾਰਾ ਆਦਿ ਸਾਰਾ ਸਮਾਨ ਗਰਿਡ ਚੋ ਦਿੱਤਾ ਗਿਆ। ਪ੍ਰੰਤੂ ਹੁਣ ਪਾਵਰਕਾਮ ਦੇ ਅਧਿਕਾਰੀ ਇੰਨ੍ਹਾਂ ਕੁਨੈਕਸ਼ਨਾਂ ਨੂੰ ਜਾਅਲੀ ਮੋਟਰ ਕੁਨੈਕਸ਼ਨ ਕਰਾਰ ਦੇ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਬੰਧ ਵਿਚ ਬਿਜਲੀ ਸਕੱਤਰ ਅਤੇ ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨਾਲ ਵੀ ਮੀਟਿੰਗ ਹੋਈ, ਜਿਸ ਵਿਚ ਸਰਕਾਰ ਨੇ ਕਿਸਾਨਾਂ ਨਾਲ ਮੋਟਰ ਕੁਨੈਕਸ਼ਨ ਮੁੱਲ ਲੈ ਕੇ ਦੇਣ ਦੇ ਨਾਮ ’ਤੇ ਹੋਏ ਘਪਲੇ ਦੀ ਜਾਂਚ ਲਈ ਕਮੇਟੀ ਦਾ ਵੀ ਗਠਨ ਕੀਤਾ ਸੀ। ਪ੍ਰੰਤੂ ਅੱਜ ਤੱਕ ਉਸ ਕਮੇਟੀ ਦੀ ਕੋਈ ਰੀਪੋਰਟ ਨਹੀਂ ਆਈ ਹੈ।
Share the post "ਟਿਊਬਵੈਲ ਕੁਨੈਕਸ਼ਨ ਘਪਲੇ ਦੀ ਜਾਂਚ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਚੌਕ ’ਚ ਦਿੱਤਾ ਧਰਨਾ"