ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਪੁਲਿਸ ਪ੍ਰਸਾਸ਼ਨ ਪੂਰੀ ਤਰ੍ਹਾਂ ਚੋਕਸ : ਜ਼ਿਲ੍ਹਾ ਪੁਲਿਸ ਮੁਖੀ
ਐਮ.ਆਰ.ਐਸ.ਪੀ.ਟੀ.ਯੂ. ਵਿਖੇ ਐਡਵਾਸ ਸੈਂਟਰ ਫ਼ਾਰ ਰੋਡ ਸੇਫਟੀ ਦੀ ਕੀਤੀ ਗਈ ਸਥਾਪਨਾ
ਸੁਖਜਿੰਦਰ ਮਾਨ
ਬਠਿੰਡਾ, 17 ਜੂਨ : ਦਿਨ-ਪ੍ਰਤੀ-ਦਿਨ ਟ੍ਰੈਫ਼ਿਕ ਦੀ ਵੱਧ ਰਹੀ ਸਮੱਸਿਆ ਤੇ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਸਮਾਜ ਦੇ ਹਰ ਵਰਗ ਵਲੋਂ ਸਾਥ ਦੇਣਾ ਅਤਿ ਜ਼ਰੂਰੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਯੂਨੀਵਰਸਿਟੀ ਵਿਖੇ ਐਡਵਾਸ ਸੈਂਟਰ ਫ਼ਾਰ ਰੋਡ ਸੇਫਟੀ ਦੀ ਸਥਾਪਨਾ ਕਰਨ ਮੌਕੇ ਕੀਤਾ। ਇਸ ਮੌਕੇ ਬਠਿੰਡਾ ਜ਼ਿਲ੍ਹਾ ਰੋਡ ਸੇਫ਼ਟੀ ਰਿਪੋਰਟ 2017-20 ਨੂੰ ਵੀ ਜਾਰੀ ਕੀਤਾ ਗਿਆ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਟ੍ਰੈਫ਼ਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਥੋੜੀ ਜਿਹੀ ਲਾਹਪਰਵਾਹੀ ਕਾਰਨ ਅਸੀਂ ਆਪਣੀ ਜਿੰਦਗੀ ਨੂੰ ਦੁੱਖਾਂ ਦੀਆਂ ਜੰਜੀਰਾਂ ਵਿੱਚ ਕੈਦ ਕਰ ਲੈਂਦੇ ਹਾਂ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਸੀਟ ਬੈਲਟ, ਸਪੀਡ ਲਿਮਟ, ਆਪਣੇ ਵਾਹਨਾਂ ਤੇ ਰਿਫਲੈਕਟਰ ਲਗਾਉਣ, ਸਿਰ ਉੱਤੇ ਹੈਲਮੈਟ ਪਹਿਣਨ ਤੋਂ ਇਲਾਵਾ ਹੋਰ ਆਵਾਜਾਈ ਦੇ ਨਿਯਮਾਂ ਦੀ ਸੁਚੱਜੇ ਢੰਗ ਨਾਲ ਪਾਲਣਾ ਕੀਤੀ ਜਾਵੇ।
ਇਸ ਮੌਕੇ ਜ਼ਿਲ੍ਹੇ ਦੇ ਐਸ.ਐਸ.ਪੀ ਸ਼੍ਰੀ ਜੇ. ਇਲਨਚੇਲੀਅਨ ਨੇ ਕਿਹਾ ਕਿ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਪੁਲਿਸ ਪ੍ਰਸਾਸ਼ਨ ਪੂਰੀ ਤਰ੍ਹਾਂ ਚੋਕਸ ਹੈ। ਉਨ੍ਹਾਂ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਟ੍ਰੈਫ਼ਿਕ ਦੀ ਵੱਧ ਰਹੀ ਗਿਣਤੀ ਨੂੰ ਠੱਲ੍ਹ ਪਾਉਣ ਲਈ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਵੀ ਆਯੋਜਤ ਕਰਨਗੇ। ਸ਼੍ਰੀ ਇਲਨਚੇਲੀਅਨ ਨੇ ਕਿਹਾ ਕਿ ਟ੍ਰੈਫ਼ਿਕ ਪੁਲਿਸ ਦੇ ਨੁਮਾਇੰਦੇ ਸਕੂਲਾਂ, ਕਾਲਜਾਂ ਅਤੇ ਹੋਰ ਸਮਾਜਿਕ ਪਲੇਟ ਫਾਰਮਾਂ ਤੇ ਜਾ ਕੇ ਟ੍ਰੈਫ਼ਿਕ ਨਿਯਮਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹਨ।
ਇਸ ਮੌਕੇ ਪੰਜਾਬ ਸਰਕਾਰ ਦੇ ਟ੍ਰੈਫ਼ਿਕ ਮੈਨੇਜ਼ਮੈਂਟ ਐਡਵਾਈਜ਼ਰ ਡਾ. ਨਵਦੀਪ ਅਸੀਜ਼ਾ ਵਲੋਂ ਪ੍ਰਦਰਸ਼ਨੀ ਰਾਹੀਂ 2017 ਤੋਂ ਲੈ ਕੇ 2020 ਤੱਕ ਸੇਫ਼ਟੀ ਰਿਪੋਰਟ ਤੋਂ ਇਲਾਵਾ ਟ੍ਰੈਫ਼ਿਕ ਦੇ ਜ਼ਰੂਰੀ ਸੂਚਨਾ ਤੇ ਚੇਤਾਵਨੀ ਵਾਲੇ ਚਿੰਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ ਗਈ। ਉਨ੍ਹਾਂ ਕਿਹਾ ਕਿ 3.5 ਫ਼ੀਸਦੀ ਮੌਤਾਂ ਰੋਡ ਐਕਸੀਡੈਂਟਾਂ ਨਾਲ ਹੁੰਦੀਆਂ ਹਨ। ਜਿਸ ਵਿੱਚ ਪੰਜਾਬ ਦਾ ਸਾਲਾਨਾ 15 ਹਜਾਰ ਕਰੋੜ ਦਾ ਨੁਕਸਾਨ ਹੁੰਦਾ ਹੈ। ਡਾ. ਨਵਦੀਪ ਅਸੀਜ਼ਾ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ 14 ਫ਼ੀਸਦੀ ਮੌਤਾਂ ਦੀ ਗਿਣਤੀ ਘੱਟ ਹੋਈ ਸੀ। ਇਸ ਮੌਕੇ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਬਣਾਈ ਜਾਵੇ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।
ਸਮਾਗਮ ਦੌਰਾਨ ਹਾਜਰ ਸਰੋਤਿਆਂ ਨੇ ਟ੍ਰੈਫ਼ਿਕ ਨਾਲ ਸਬੰਧਤ ਸਮੱਸਿਆਵਾਂ, ਅਵਾਰਾ ਪਸ਼ੂਆਂ ਅਤੇ ਟ੍ਰੈਫ਼ਿਕ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕੀਤਾ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਸ਼੍ਰੀ ਜੀਪੀਐਸ ਬਰਾੜ ਵਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ। ਇਸ ਮੌਕੇ ਕੈਂਪਸ ਡਾਇਰੈਕਟਰ ਡਾ. ਸੰਜੀਵ ਅਗਰਵਾਲ, ਡਾ. ਮਨਜੀਤ ਬਾਂਸਲ, ਡਾਇਰੈਕਟਰ ਲੋਕ ਸੰਪਰਕ ਸ਼੍ਰੀ ਹਰਜਿੰਦਰ ਸਿੱਧੂ, ਪੁਲਿਸ ਦੇ ਅਧਿਕਾਰੀਆਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਫਕੈਲਟੀ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਟ੍ਰੈਫ਼ਿਕ ਨੂੰ ਠੱਲ੍ਹ ਪਾਉਣ ਲਈ ਸਮਾਜ ਦੇਵੇ ਸੰਪੂਰਨ ਸਹਿਯੋਗ : ਡਿਪਟੀ ਕਮਿਸ਼ਨਰ
8 Views