15 ਫ਼ਰਵਰੀ ਤੋਂ 15 ਅਪ੍ਰੈਲ ਤੱਕ ਚੱਲੇਗੀ ਮੁਹਿੰਮ
ਸੁਖਜਿੰਦਰ ਮਾਨ
ਬਠਿੰਡਾ, 15 ਫ਼ਰਵਰੀ : ਸੂਬਾ ਸਰਕਾਰ ਵਲੋਂ ਲੰਪੀ ਚਮੜੀ ਰੋਗ ਦੀ ਰੋਕਥਾਮ ਲਈ ਸੁਰੂ ਕੀਤੀ ਜਾ ਰਹੀ ਟੀਕਾਕਰਨ ਮੁਹਿੰਮ ਦੀ ਅੱਜ ਸਥਾਨਕ ਸਿਰਕੀ ਬਜ਼ਾਰ ਵਿਖੇ ਸਥਿਤ ਸ਼੍ਰੀ ਗਊਸ਼ਾਲਾ ਵਿਖੇ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਪਸ਼ੂਆਂ ਖ਼ਾਸ ਤੌਰ ਤੇ ਗਊਧਨ ਚ ਪਾਈ ਜਾਣ ਵਾਲੀ ਲੰਪੀ ਚਮੜੀ ਰੋਗ ਦੀ ਰੋਕਥਾਮ ਲਈ 25 ਲੱਖ ਖੁਰਾਕਾਂ ਦੀ ਖ਼ਰੀਦ ਕੀਤੀ ਗਈ ਹੈ। ਇਸੇ ਤਹਿਤ ਜ਼ਿਲ੍ਹਾ ਬਠਿੰਡਾ ਨੂੰ 1 ਲੱਖ 55 ਹਜ਼ਾਰ ਖੁਰਾਕਾਂ ਵੈਕਸੀਨ ਪ੍ਰਾਪਤ ਹੋਈ ਹੈ, ਜੋ ਕਿ 46 ਵੈਟਨਰੀ ਅਫ਼ਸਰਾਂ ਦੀ ਅਗਵਾਈ ਵਿੱਚ 58 ਟੀਮਾਂ ਵਲੋਂ 15 ਫ਼ਰਵਰੀ ਤੋਂ 15 ਅਪ੍ਰੈਲ ਤੱਕ ਜੰਗੀ ਪੱਧਰ ਤੇ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਅਧੀਨ 100 ਫ਼ੀਸਦੀ ਗਊਧਨ ਨੂੰ ਵੈਕਸੀਨ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜੋ ਤਹਿ ਸਮੇਂ ਅਨੁਸਾਰ ਪੂਰਾ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ 3 ਮਹੀਨੇ ਤੋਂ ਵੱਧ ਉਮਰ ਦੇ ਸਾਰੇ ਗਊਧਨ ਨੂੰ ਇਹ ਵੈਕਸੀਨ ਜ਼ਰੂਰ ਲਗਵਾਉਣ ਅਤੇ ਕੀਮਤੀ ਪਸ਼ੂਧਨ ਨੂੰ ਲੰਪੀ ਚਮੜੀ ਰੋਗ ਤੋਂ ਬਚਾਉਣ ਲਈ ਕੀਤੇ ਜਾ ਰਹੇ ਇਸ ਉਪਰਾਲੇ ਵਿੱਚ ਆਪਣਾ ਪੂਰਨ ਸਹਿਯੋਗ ਦੇਣ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਸਥਾਨਕ ਸਿਰਕੀ ਬਜ਼ਾਰ ਵਿਖੇ ਸਥਿਤ ਸ਼੍ਰੀ ਗਊਸ਼ਾਲਾ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਵਲੋਂ ਪ੍ਰਬੰਧਕਾਂ ਕੋਲੋਂ ਗਊਆਂ ਸਬੰਧੀ ਸਮੱਸਿਆਵਾਂ ਜਾਣੀਆਂ ਤੇ ਉਨ੍ਹਾਂ ਕੋਲੋਂ ਲੋੜੀਂਦੇ ਸੁਝਾਅ ਆਦਿ ਵੀ ਲਏ ਗਏ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਸਿਖਲਾਈ ਅਧੀਨ ਆਈਏਐਸ ਅਧਿਕਾਰੀ ਮੈਡਮ ਮਾਨਸੀ, ਡਿਪਟੀ ਡਾਇਰੈਕਟਰ ਡਾ. ਰਾਜਦੀਪ ਸਿੰਘ, ਗਊਸ਼ਾਲਾ ਦੇ ਜਨਰਲ ਸਕੱਤਰ ਸਾਧੂ ਰਾਮ ਕੁਸ਼ਲਾ, ਰਾਜੂ ਭੱਠੇ ਵਾਲਾ, ਸੁਨੀਲ ਸਿੰਗਲਾ, ਮੋਹਨ ਲਾਲ ਗਰਗ, ਯਸ਼ਵਿੰਦਰ ਗੁਪਤਾ, ਯੁਗੇਸ਼ ਕੁਮਾਰ ਮੋਨੋ ਤੇ ਅਨਿੱਲ ਕੁਮਾਰ ਨੀਟਾ ਆਦਿ ਗਊਸ਼ਾਲਾ ਦੇ ਨੁਮਾਇੰਦੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਲੰਪੀ ਚਮੜੀ ਦੀ ਰੋਕਥਾਮ ਸਬੰਧੀ ਮੁਹਿੰਮ ਦੀ ਕੀਤੀ ਸ਼ੁਰੂਆਤ
8 Views