ਉਪ ਮੰਡਲ ਮੈਜਿਸਟਰੇਟ ਦੀ ਬਨਣ ਵਾਲੀ ਨਵੀਂ ਇਮਾਰਤ ਦਾ ਦੌਰਾ ਕਰਕੇ ਲਿਆ ਜਾਇਜ਼ਾ
ਸੁਖਜਿੰਦਰ ਮਾਨ
ਬਠਿੰਡਾ, 7 ਅਪ੍ਰੈਲ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹਰ ਸਾਲ ਮਨਾਏ ਜਾਣ ਵਾਲੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਸਬੰਧੀ ਅੱਜ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇੱਕ ਟੀਮ ਵਰਕ ਦੀ ਤਰ੍ਹਾਂ ਸੌਂਪੀਆਂ ਗਈਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਮਿਹਨਤ ਅਤੇ ਲਗਨ ਨਾਲ ਨਿਭਾਉਣ ਦੇ ਲੋੜੀਂਦੇ ਆਦੇਸ਼ ਦਿੱਤੇ। ਇਸ ਮੌਕੇ ਚੀਫ਼ ਵਿੱਪ ਪ੍ਰੋ: ਬਲਜਿੰਦਰ ਕੌਰ ਵਿਸ਼ੇਸ਼ ਤੌਰ ’ਤੇ ਮੌਜੂਦੇ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14 ਅਪ੍ਰੈਲ ਨੂੰ ਪੂਰੀ ਸ਼ਰਧਾ ਅਤੇ ਪ੍ਰੇਮ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਐਸ.ਡੀ.ਐਮ. ਤਲਵੰਡੀ ਸਾਬੋ ਨੂੰ ਮੇਲਾ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਮੇਲਾ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਨੂੰ ਹਦਾਇਤ ਕਰਦਿਆਂ ਕਿਹਾ ਉਹ ਸੀਨੀਅਰ ਪੁਲਿਸ ਕਪਤਾਨ ਨਾਲ ਤਾਲਮੇਲ ਕਰਕੇ ਐਨਡੀਆਰਐਫ਼ ਅਤੇ ਗੋਤਾਖ਼ੋਰ ਟੀਮ ਦਾ ਪ੍ਰਬੰਧ ਕਰਨਾ ਲਾਜ਼ਮੀ ਬਣਾਉਣ। ਉਨ੍ਹਾਂ ਡੀਐਸਪੀ ਤਲਵੰਡੀ ਸਾਬੋ ਨੂੰ ਕਿਹਾ ਕਿ ਉਹ ਪੁੱਛ-ਗਿੱਛ ਕੇਂਦਰਾਂ ਅਤੇ ਕੰਟਰੋਲ ਰੂਮਾਂ ਤੇ ਸੁਰੱਖਿਆ ਕਰਮਚਾਰੀਆਂ ਦੀ ਡਿਊਟੀ ਲਗਾਉਣਗੇ ਅਤੇ ਪੈਟਰੋਲਿੰਗ ਟੀਮਾਂ ਦਾ ਪ੍ਰਬੰਧ ਕਰਨਗੇ। ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੇਲੇ ਦੌਰਾਨ ਕਿਸੇ ਵੀ ਅਣ-ਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਸੀਨੀਅਰ ਪੁਲਿਸ ਕਪਤਾਨ ਦੀ ਮੰਗ ਅਨੁਸਾਰ ਫਾਇਰ ਬ੍ਰਿਗੇਡ ਦਾ ਪ੍ਰਬੰਧ ਕਰਨ ਲਈ ਕਿਹਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੀਐਮਓ ਬਠਿੰਡਾ ਮੈਡੀਕਲ ਫਸਟ ਏਡ ਪੋਸਟਾਂ ਦੇ ਕੰਮ ਲਈ ਓਵਰਆਲ ਇੰਚਾਰਜ ਹੋਣਗੇ। ਜਦੋਂਕਿ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਮੇਲੇ ਦੌਰਾਨ ਸੈਨੀਟੇਸ਼ਨ ਦੇ ਓਵਰਆਲ ਇੰਚਾਰਜ ਹੋਣਗੇ। ਮੇਲੇ ਤੋਂ ਪਹਿਲਾਂ-ਪਹਿਲਾਂ ਤਲਵੰਡੀ ਸਾਬੋ ਸ਼ਹਿਰ ਦੀ ਸਟਰੀਟ ਲਾਇਟ ਦੀ ਰਿਪੇਅਰ, ਸ਼ਹਿਰ ਅੰਦਰਲੀਆਂ ਸੜਕਾਂ ਦੇ ਡਿਵਾਈਡਰਾਂ ਦੀ ਰਿਪੇਅਰ ਅਤੇ ਰੰਗ ਰੋਗਨ, ਸੜਕਾਂ ਤੋਂ ਮਲਬਾ ਚੁਕਾਉਣਾ ਤੇ ਸ਼ਹਿਰ ਅੰਦਰਲੀਆਂ ਸੜਕਾਂ ਦੀ ਰਿਪੇਅਰ ਕਰਵਾਉਣਾ ਯਕੀਨੀ ਬਣਾਉਗੇ। ਸ਼ੌਕਤ ਅਹਿਮਦ ਪਰੇ ਨੇ ਕਾਰਜਕਾਰੀ ਇੰਜਨੀਅਰ ਜਨ ਸਿਹਤ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਮੇਲੇ ਦੌਰਾਨ ਆਮ ਜਨਤਾ ਅਤੇ ਸ਼ਰਧਾਲੂਆਂ ਲਈ ਵੱਖ-ਵੱਖ ਥਾਵਾਂ ਤੇ ਆਰਜੀ ਪਖ਼ਾਨੇ ਬਣਵਾਉਣਗੇ। ਉਨ੍ਹਾਂ ਜਨਰਲ ਮੈਨੇਜ਼ਰ ਬੀਐਸਐਨਐਲ ਨੂੰ ਕਿਹਾ ਕਿ ਉਹ ਟੈਲੀਫੋਨ ਖੰਭਿਆਂ ਅਤੇ ਤਾਰਾ ਦੀ ਚੈਕਿੰਗ ਕਰਕੇ ਇਨ੍ਹਾਂ ਦੇ ਠੀਕ ਹੋਣ ਸਬੰਧੀ ਸਰਟੀਫਿਕੇਟ ਮੇਲਾ ਅਫ਼ਸਰ ਨੂੰ ਦੇਣਗੇ। ਜਨਰਲ ਮੈਨੇਜ਼ਰ ਪੀਆਰਟੀਸੀ ਰਿਕਵਰੀ ਵੈਨਾਂ, ਵਾਧੂ ਬੱਸਾਂ ਦਾ ਪ੍ਰਬੰਧ ਕਰਨਗੇ। ਮੀਟਿੰਗ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਉਪ ਮੰਡਲ ਮੈਜਿਸਟਰੇਟ ਤਲਵੰਡੀ ਸਾਬੋ ਦੀ ਬਨਣ ਵਾਲੀ ਨਵੀਂ ਇਮਾਰਤ ਦਾ ਵੀ ਦੌਰਾ ਕਰਕੇ ਜਾਇਜ਼ਾ ਲਿਆ ਗਿਆ।
ਡਿਪਟੀ ਕਮਿਸ਼ਨਰ ਨੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਸਬੰਧੀ ਕੀਤੀ ਰੀਵਿਊ ਬੈਠਕ
10 Views