ਐਕਸਾਈਜ਼ ਤੇ ਪੁਲਿਸ ਵਿਭਾਗ ਵਲੋਂ 2500 ਲੀਟਰ ਦੇ ਕਰੀਬ ਲਾਹਣ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 02 ਮਾਰਚ: ਨਸ਼ਾ ਤਸਕਰੀ ਦੇ ਧੰਦੇ ’ਚ ਲੱਗੇ ਤਸਕਰਾਂ ਦੇ ਹੋਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਸੂਏ ਦੀ ਪਟੜੀ ’ਤੇ ਹੀ ਦੇਸੀ ਦਾਰੂ ਬਣਾਉਣ ਲਈ ਲਾਹਣ ਦੱਬ ਦਿੱਤੀ। ਗੁਪਤ ਸੂਚਨਾ ਦੇ ਆਧਾਰ ’ਤੇ ਐਕਸਾਈਜ਼ ਅਤੇ ਪੁਲਿਸ ਵਿਭਾਗ ਵਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਕਰੀਬ 2500 ਲੀਟਰ ਕੱਚੀ ਲਾਹਨ ਅਤੇ ਤਿਆਰ ਦੇਸੀ ਸ਼ਰਾਬ ਬਰਾਮਦ ਹੋਈ ਹੈ। ਹਾਲਾਂਕਿ ਇਸ ਮਾਮਲੇ ਵਿਚ ਫ਼ਿਲਹਾਲ ਥਾਣਾ ਥਰਮਲ ਦੀ ਪੁਲਿਸ ਨੇ ਲਾਹਨ ਤੇ ਸ਼ਰਾਬ ਅਪਣੇ ਕਬਜ਼ੇ ਵਿਚ ਲੈ ਕੇ ਅਗਿਆਤ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰ ਲਿਆ ਹੈ ਪ੍ਰੰਤੂ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਸ਼ੱਕ ਦੀ ਸੂਈ ਸ਼ਹਿਰ ਦੇ ਨਾਲ ਲੱਗਦੇ ਸਰਾਬ ਤਸਕਰੀ ਵਿਚ ਲੱਗੇ ਇੱਕ ਚਰਚਿਤ ਪਿੰਡ ਵੱਲ ਜਾ ਰਹੀ ਹੈ। ਸੂਚਨਾ ਮੁਤਾਬਕ ਐਕਸਾਈਜ਼ ਤੇ ਪੁਲਿਸ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਲੋਟ ਰੋਡ ’ਤੇ ਸਥਿਤ ਕਿੰਗਫ਼ਿਸਰ ਰੀਜੋਰਟ ਦੇ ਨਜਦੀਕ ਲੰਘਦੇ ਇੱਕ ਸੂਏ ਦੀ ਪਟੜੀ ਉਪਰ ਦੇੇਸ਼ੀ ਸਰਾਬ ਤਿਆਰ ਕਰਨ ਲਈ ਵੱਡੀ ਮਾਤਰਾ ’ਚ ਲਾਹਣ ਪਾਈ ਹੋ ਸਕਦੀ ਹੈ। ਥਾਣਾ ਥਰਮਲ ਦੇ ਐਸਐਚਓ ਬਲਵਿੰਦਰ ਸਿੰਘ ਅਤੇ ਐਕਸਾਈਜ ਇੰਸਪੈਕਟਰ ਜਸਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਕੇ ’ਤੇ ਪੁੱਜੀ ਟੀਮ ਵਲੋਂ ਧਰਤੀ ਹੇਠਾਂ ਦੱਬੇ 5 ਡਰੰਮ ਲਾਹਣ ਅਤੇ 20 ਲਿਟਰ ਸ਼ਰਾਬ ਦੀ ਕੈਨੀ ਬਰਾਮਦ ਕੀਤੀ ਗਈ ਹੈ। ਥਾਣਾ ਥਰਮਲ ਦੇ ਮੁਖੀ ਬਲਵਿੰਦਰ ਸਿੰਘ ਨੇ ਦਸਿਆ ਕਿ ਅਗਿਆਤ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰਕੇ ਪੜਤਾਲ ਕੀਤੀ ਜਾ ਰਹੀ ਹੈ।
ਤਸਕਰਾਂ ਦੇ ਹੋਸਲੇ ਬੁਲੰਦ, ਸੂਏ ਕੇ ਕੰਢੇ ’ਤੇ ਨੱਪੀ ਲਾਹਣ
17 Views