ਸੁਖਜਿੰਦਰ ਮਾਨ
ਬਠਿੰਡਾ, 16 ਜੁਲਾਈ : ਇੱਕ ਹਫਤੇ ਬਾਅਦ ਬਠਿੰਡਾ ਵਿਚ ਆਈ ਬਾਰਸ਼ ਨੇ ਸਹਿਰ ਨੂੰ ਜਲ ਥਲ ਕਰ ਦਿੱਤਾ। ਇਸ ਦੌਰਾਨ ਪਏ ਮੌਹਲੇਧਾਰ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਨੇ ਸਮੁੰਦਰ ਦਾ ਰੂਪ ਧਾਰਨ ਕਰ ਲਿਆ। ਹਰ ਵਾਰ ਦੀ ਤਰ੍ਹਾਂ ਸ਼ਹਿਰ ਦੇ ਨੀਂਵੇ ਇਲਾਕਿਆਂ ਵਿਚ ਪਾਣੀ ਭਰ ਗਿਆ ਅਤੇ ਸ਼ਹਿਰ ਵਿਚੋਂ ਲੰਘਦੀਆਂ ਕੌਮੀ ਤੇ ਰਾਜ ਮਾਰਗ ਵਾਲੀਆਂ ਸੜਕਾਂ ਵੀ ਪਾਣੀ ਵਿਚ ਡੁੱਬ ਗਈਆਂ। ਭਾਰੀ ਮੀਂਹ ਤੇ ਹਰ ਪਾਸੇ ਪਾਣੀ ਖੜ੍ਹਾ ਹੋਣ ਕਾਰਨ ਜਿੱਥੇ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਕਈ ਥਾਂ ਘਰਾਂ ਅਤੇ ਦੁਕਾਨਾਂ ਵਿਚ ਵੀ ਪਾਣੀ ਭਰ ਗਿਆ। ਜਿਸ ਕਾਰਨ ਉਨ੍ਹਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਵਿਚ ਪਿਛਲੇ ਦੋ ਦਹਾਕਿਆਂ ਤੋਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਕੀਤੇ ਜਾ ਰਹੇ ਦਾਅਵੇ ਵੀ ਮੀਂਹ ਦੇ ਪਾਣੀ ਵਿਚ ਡੁੱਬਦੇ ਨਜਰ ਆਏ। ਨਗਰ ਨਿਗਮ ਵਲੋਂ ਹਰ ਸਾਲ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਲਈ ਕਰੋੜਾਂ ਰੁਪਏ ਖਰਚੇ ਜਾਂਦੇ ਹਨ ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੀ ਦਿਖਾਈ ਦੇ ਰਿਹਾ ਹੈ। ਦੂਜੇ ਪਾਸੇ ਸੂਬੇ ਦੇ ਵੱਖ ਵੱਖ ਹਿੱਸਿਆਂ ਵਿਚ ਪਹਿਲਾਂ ਹੀ ਭਾਰੀ ਬਾਰਸ਼ ਕਾਰਨ ਆਏ ਵੱਡੇ ਹੜ੍ਹਾਂ ਦੇ ਚੱਲਦੇ ਆਮ ਲੋਕ ਚਿੰਤਤ ਦਿਖ਼ਾਈ ਦੇ ਰਹੇ ਹਨ। ਮੌਸਮ ਵਿਭਾਗ ਵਲੋਂ ਅਗਲੇ ਦੋ ਦਿਨਾਂ ਤੱਕ ਹੋਰ ਮੀਂਹ ਪੈਣ ਦੀ ਪੈਸੋਨਗੋਈ ਕੀਤੀ ਹੋਈ ਹੈ। ਅੱਜ ਦੀ ਬਾਰਸ਼ ਨੇ ਸ਼ਹਿਰ ਦੇ ਪਾਸ਼ ਇਲਾਕੇ ਮੰਨੇ ਜਾਂਦੇ ਦੇ ਖੇਤਰਾਂ, ਜਿਨ੍ਹਾਂ ਵਿੱਚ ਆਈਜੀ, ਐੱਸਐੱਸਪੀ, ਡਿਪਟੀ ਕਮਿਸ਼ਨਰ, ਸੈਸ਼ਨ ਜੱਜ ਹਾਊਸ ਸਮੇਤ ਸਮੁੱਚਾ ਜ਼ਿਲ੍ਹਾ ਕੰਪਲੈਕਸ ਅਤੇ ਕੋਰਟ ਕੰਪਲੈਕਸ ਇਲਾਕੇ ਵਾਲਾ ਸਿਵਲ ਸਟੇਸ਼ਨ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਇਸ ਤਰ੍ਹਾਂ ਸ਼ਹਿਰ ਦਾ ਮਾਲ ਰੋਡ, ਅਜੀਤ ਰੋਡ, ਪਰਸਰਾਮ ਨਗਰ, ਸਿਰਕੀ ਬਾਜ਼ਾਰ , ਕਮਲਾ ਨਹਿਰੂ ਕਲੋਨੀ, ਸਿਵਲ ਸਟੇਸ਼ਨ ਤੋਂ ਇਲਾਵਾ ਸਲੱਮ ਖੇਤਰਾਂ ਦੀਆਂ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ ਜਿਸ ਕਾਰਨ ਰਾਹਗੀਰਾਂ ਨੂੰ ਘਰ ਪਹੁੰਚਣ ਵਿੱਚ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਜੇਕਰ ਦਿਹਾਤੀ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਬਾਰਸ਼ ਕਾਰਨ ਝੋਨੇ ਦੇ ਖੇਤ ਪਾਣੀ ਨਾਲ ਨੱਕੋ ਨੱਕ ਭਰ ਗਏ। ਕਿਸਾਨਾਂ ਨੂੰ ਆਪਣੇ ਖੇਤਾਂ ਨੂੰ ਪਾਣੀ ਭਰਨ ਤੋਂ ਬਚਾਉਣ ਲਈ ਨੱਕੇ ਵੀ ਲਗਾਉਣੇ ਪਏ। ਖੇਤੀ ਮਾਹਰਾਂ ਮੁਤਾਬਕ ਜ਼ਿਆਦਾ ਬਰਸਾਤ ਕਾਰਨ ਬੇਸ਼ੱਕ ਝੋਨੇ ਦੀ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਪਰੰਤੂ ਨਰਮਾ ਅਤੇ ਹਰੇ-ਚਾਰੇ ਨੂੰ ਵੱਡੀ ਮਾਰ ਪੈ ਸਕਦੀ ਹੈ।
Share the post "ਤਿੰਨ ਘੰਟਿਆਂ ਦੇ ਭਰਵੇਂ ਮੀਂਹ ਨਾਲ ਬਠਿੰਡਾ ਹੋਇਆ ਜਲਥਲ, ਸੜਕਾਂ ਨੇ ਧਾਰਿਆਂ ਸਮੁੰਦਰ ਦਾ ਰੂੁਪ"