ਸੁਖਜਿੰਦਰ ਮਾਨ
ਬਠਿੰਡਾ, 26 ਮਾਰਚ: ਇੱਕ ਥਾਣੇਦਾਰ ਨੂੰ ਇਰਾਦਾ ਕਤਲ ਦੇ ਝੂੁਠੇ ਕੇਸ ’ਚ ਫ਼ਸਾਉਣ ਵਾਲੇ ‘ਖੁਦ’ ਫ਼ਸ ਗਏ ਹਨ। ਪਹਿਲਾਂ ਥਾਣੇਦਾਰ ਨੂੰ ਭਿ੍ਰਸਟਾਚਾਰ ਦੇ ਕੇਸ ਵਿਚ ਫ਼ੜਾਉਣ ਵਾਲੇ ਨੇ ਹੁਣ ‘ਪੈਸੇ’ ਹੜੱਪਣ ਲਈ ਅਪਣੇ ਸਾਥੀਆਂ ਨਾਲ ਮਿਲਕੇ ਨੌਜਵਾਨ ਨੇ ਅਜਿਹੀ ਸਾਜਸ਼ ਰਚੀ ਕਿ ਪੁਲਿਸ ਨੂੰ ਅ/ਧ-307,148,149 ਹਿੰ.ਦੰ., 25,27/54/59 ਅਸਲਾ ਐਕਟ, ਥਾਣਾ ਨਥਾਣਾ ਵਿਚ ਪਰਚਾ ਦਰਜ਼ ਕਰਵਾਉਣ ਵਾਲਿਆਂ ਨੂੰ ਹੁਣ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਹੈ। ਮਹੱਤਵਪੂਰਨ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਕਥਿਤ ਦੋਸ਼ੀਆਂ ਨੇ ਖੁਦ ਵੀ ਮੁਦਈ ਤੇ ਖ਼ੁਦ ਹੀ ਮੁਜਰਮ ਬਣਕੇ ਗੋਲੀਆਂ ਚਲਾਉਣ ਤੋਂ ਬਾਅਦ ਹੁਣ ਥਾਣੇਦਾਰ ਤੇ ਉਸਦੇ ਸਾਥੀਆਂ ਦੀ ਗਿ੍ਰਫਤਾਰੀ ਲਈ ਦਬਾਅ ਪਾਉਣ ਦੀ ਨੀਤੀ ਤਹਿਤ ਆਉਣ ਵਾਲੇ ਦਿਨਾਂ ‘ਚ ਭੁੱਚੋਂ ਪੁਲਿਸ ਚੌਂਕੀ ਨੂੰ ਘੇਰਣ ਦੀ ਵੀ ਯੋਜਨਾ ਤਿਆਰ ਕੀਤੀ ਹੋਈ ਸੀ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਭੁੱਚੋਂ ਹਰਿੰਦਰ ਸਿੰਘ ਡੋਡ ਅਤੇ ਸੀਆਈ.ਏ-1 ਦੇ ਇੰਚਾਰਜ਼ ਤਰਜਿੰਦਰ ਸਿੰਘ ਨੇ ਦਸਿਆ ਕਿ ਲੰਘੀ 7 ਮਾਰਚ ਨੂੰ ਜਗਜੀਤ ਸਿੰਘ ਉਰਫ਼ ਬੋਹੜੀ ਵਾਸੀ ਤੂੰਗਵਾਲੀ ਨੇ ਥਾਣਾ ਨਥਾਣਾ ਵਿਚ ਦਰਜ਼ ਕਰਵਾਏ ਮੁਕੱਦਮੇ ਵਿਚ ਦੱਸੀ ਕਹਾਣੀ ਵਿਚ ਦੋਸ਼ ਲਗਾਇਆ ਸੀ ਕਿ 06 ਮਾਰਚ ਨੂੰ ਜਦ ਉਹ ਸੈਰ ਕਰ ਰਿਹਾ ਸੀ ਤਾਂ ਕਾਰ ’ਤੇ 4 ਵਿਅਕਤੀ ਆਏ, ਜਿੰਨਾਂ ਵਿੱਚੋਂ ਇੱਕ ਰਾਮ ਜੀ ਲਾਲ ਸੀ ਅਤੇ ਦੂਸਰਿਆਂ ਦਾ ਉਹ ਨਾਮ ਨਹੀ ਜਾਣਦਾ ਉਸਦੇ ਕੋਲੋਂ ਦੀ ਲੰਘੇ ਤੇ ਉਹਨਾਂ ਦੇ ਮਗਰ ਹੀ ਦੋ ਨਾ-ਮਾਲੂਮ ਮੋਟਰਸਾਇਕਲ ਸਵਾਰ ਆਏ, ਜਿੰਨ੍ਹਾਂ ਵਿਚੋਂ ਇੱਕ ੳੇੁਸਨੂੰ ਮਾਰ ਦੇਣ ਦੀ ਨੀਅਤ ਨਾਲ ਇੱਕ ਫਾਇਰ ਸੱਜੀ ਲੱਤ ਪਰ ਅਤੇ ਦੂਸਰਾ ਫਾਇਰ ਸੱਜੇ ਡੋਲੇ ’ਤੇ ਕਰ ਦਿੱਤਾ। ਇਸ ਮਾਮਲੇ ਵਿਚ ਪੁਲਿਸ ਵਲੋਂ ਮਾਮਲੇ ਦੀ ਜਾਂਚ ਲਈ ਇੱਕ ਵਿਸੇਸ ਜਾਂਚ ਟੀਮ ਬਣਾਈ ਗਈ ਸੀ। ਟੀਮ ਵਲੋਂ ਕੀਤੀ ਪੜਤਾਲ ਦੌਰਾਨ ਇਹ ਗਲ ਸਾਹਮਣੇ ਆਈ ਕਿ ਜਗਜੀਤ ਸਿੰਘ ਬੋਹੜੀ ਨੇ 12 ਜਨਵਰੀ 2020 ਨੂੰ ਕਿਸੇ ਕੇਸ ’ਚ ਅਪਣੇ ਮੋਟਰਸਾਈਕਲ ਦੀ ਸੁਪਰਦਾਰੀ ਲੈਣ ਦੇ ਦੋਸ਼ਾਂ ਹੇਠ ਤਤਕਾਲੀ ਭੁੱਚੋਂ ਚੌਕੀ ਇੰਚਾਰਜ਼ ਹਰਗੋਬਿੰਦ ਸਿੰਘ ਅਤੇ ਰਾਮਜੀ ਲਾਲ ਵਿਰੁਧ ਵਿਜੀਲੈਂਸ ਕੋਲ ਭਿ੍ਰਸਟਾਚਾਰ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕਰਵਾਇਆ ਸੀ। ਪੁਲਿਸ ਅਧਿਕਾਰੀ ਦੇ ਦਾਅਵੇ ਮੁਤਾਬਕ ਕੇਸ ਦਰਜ਼ ਹੋਣ ਤੋਂ ਬਾਅਦ ਮੁਦਈ ਨੇ ਕੁੱਝ ਲੈ ਦੇ ਕੇ ਸਮਝੋਤਾ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਗੱਲ ਨਾ ਬਣੀ, ਜਿਸ ਕਾਰਨ ਹੁਣ ਉਨ੍ਹਾਂ ਨੇ ਥਾਣੇਦਾਰ ਹਰਗੋਬਿੰਦ ਸਿੰਘ ਤੇ ਰਾਮਜੀ ਲਾਲ ਨੂੰ ਇੱਕ ਹੋਰ ਕੇਸ ਵਿਚ ਫ਼ਸਾਉਣ ਦੀ ਸਾਜਸ ਰਚੀ ਸੀ। ਇਸ ਸਾਜਸ਼ ਤਹਿਤ ਕਥਿਤ ਦੋਸ਼ੀ ਨੇ ਰਾਜਵਿੰਦਰ ਸਿੰਘ ਉਰਫ਼ ਰਾਜੀ ਵਾਸੀ ਰਾੲੈਖਾਨਾ ਅਤੇ ਦੂਜੇ ਮੁਜਰਮਾਂ ਬਿੰਦਰ ਸਿੰਘ ਤੇ ਗੁਰਸੇਵਕ ਸਿੰਘ ਵਾਸੀਆਨ ਪਿੰਡ ਢੱਡੇ, ਮੇਹਰ ਸਿੰਘ ਉਰਫ ਗੱਗੀ ਵਾਸੀ ਗਹਿਰੀ ਬਾਰਾ ਸਿੰਘ, ਮੇਹਰ ਸਿੰਘ ਵਾਸੀ ਰਾਏਖਾਨਾ ਅਤੇ ਗਗਨ ਵਾਸੀ ਲਾਲ ਸਿੰਘ ਬਸਤੀ ਨਾਲ ਮਿਲਕੇ ਆਪਣੇ ਤੌਰ ’ਤੇ ਫ਼ਿਲਮੀ ਕਹਾਣੀ ਬਣਾਉਂਦਿਆਂ 06/03/2022 ਨੂੰ ਬਿੰਦਰ ਸਿੰਘ ਪਾਸੋਂ ਜਗਜੀਤ ਸਿੰਘ ਉਰਫ ਬੋਹੜੀ ਨੇ ਪਿਸਤੌਲ ਨਾਲ ਦੋਸਤਾਨਾ ਢੰਗ ਨਾਲ ਫਾਇਰ ਮਰਵਾਏ। ਜਿਸਤੋਂ ਬਾਅਦ ਉਹ ਹਸਪਤਾਲ ਦਾਖ਼ਲ ਹੋ ਗਿਆ ਤੇ ਪਹਿਲਾਂ ਬਣਾਈ ਯੋਜਨਾ ਤਹਿਤ ਗਲਤ ਬਿਆਨਬਾਜੀ ਕਰਕੇ ਰਾਮਜੀ ਲਾਲ ਵਗੈਰਾ ਪਰ ਮੁਕੱਦਮਾ ਉਕਤ ਝੂਠਾ ਦਰਜ ਰਜਿਸਟਰ ਕਰਵਾ ਦਿੱਤਾ ਤੇ ਹੁਣ ਥਾਣੇਦਾਰ ਹਰਗੋਬਿੰਦ ਸਿੰਘ ਨੂੰ ਵੀ ਇਸ ਕੇਸ ਵਿਚ ਨਾਮਜਦ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ ਪ੍ਰੰਤੂ ਇਸਤੋਂ ਪਹਿਲਾਂ ਹੀ ਪੁਲਿਸ ਨੂੰ ਕਹਾਣੀ ਪਤਾ ਲੱਗ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਕਹਾਣੀ ਦੇ ਮੁੱਖ ਪਾਤਰ ਜਗਜੀਤ ਸਿੰਘ ਉਰਫ਼ ਬੋਹੜੀ ਨੂੰ ਛੱਡ ਕੇ ਬਾਕੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਇੰਨ੍ਹਾਂ ਵਲੋਂ ਵਰਤੀ ਹੌਂਡਾ ਅਮੇਜ਼ ਕਾਰ ਤੇ ਮੋਟਰਸਾਈਕਲ ਤੋਂ ਇਲਾਵਾ ਪਿਸਤੌਲ ਵੀ ਬਰਾਮਦ ਕਰ ਲਿਆ ਹੈ।
ਜਗਜੀਤ ਬੋਹੜੀ ਵਲੋਂ ਪੁਲਿਸ ਤੋਂ ਬਚਣ ਲਈ ਇੱਕ ਹੋਰ ਡਰਾਮਾ, ਰਾਮਪੁਰਾ ’ਚ ਕੇਸ ਦਰਜ਼
ਬਠਿੰਡਾ: ਉਧਰ ਪੁਲਿਸ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਬਾਕੀ ਕਥਿਤ ਦੋਸ਼ੀਆਂ ਦੀ ਗਿ੍ਰਫਤਾਰੀ ਤੋਂ ਬਾਅਦ ਕਹਾਣੀ ਦੇ ਮੁੱਖ ਪਾਤਰ ਜਗਜੀਤ ਸਿੰਘ ਉਰਫ਼ ਬੋਹੜੀ ਨੂੰ ਵੀ ਕਾਬੂ ਕਰਨ ਲਈ ਰਾਮਪੁਰਾ ਵਿਖੇ ਛਾਪਾਮਾਰੀ ਕੀਤੀ ਗਈ ਸੀ। ਪੁਲਿਸ ਅਧਿਕਾਰੀਆਂ ਦੇ ਮੁਤਾਬਕ ਗਿ੍ਰਫਤਾਰੀ ਤੋਂ ਬਚਣ ਲਈ ਉਕਤ ਨੇ ਅਪਣੇ ਆਪ ਨੂੰ ਜਖਮੀ ਕਰ ਲਿਆ ਤੇ ਪੁਲਿਸ ਦੀ ਵੀ ਡਿਊਟੀ ’ਚ ਵਿਘਨ ਪਾਇਆ। ਜਿਸਦੇ ਕਾਰਨ ਇਸ ਮਾਮਲੇ ਵਿਚ ਉਸਦੇ ਖਿਲਾਫ਼ ਥਾਣਾ ਰਾਮਪੁਰਾ ਸਿਟੀ ਵਿਚ ਧਾਰਾ 353, 186 ਆਈ.ਪੀ.ਸੀ ਤਹਿਤ ਕੇਸ ਦਰਜ਼ ਕਰਵਾਇਆ ਗਿਆ ਹੈ। ਪਤਾ ਲੱਗਿਆ ਹੈ ਕਿ ਉਸਦਾ ਇਲਾਜ਼ ਕਰਵਾਇਆ ਜਾ ਰਿਹਾ ਹੈ, ਜਿਸਤੋਂ ਬਾਅਦ ਉਸਦੀ ਗਿ੍ਰਫਤਾਰੀ ਪਾਈ ਜਾਵੇਗੀ।
ਥਾਣੇਦਾਰ ਨੂੰ ਝੂਠੇ ਕੇਸ ’ਚ ਫ਼ਸਾਉਣ ਲਈ ਖੁਦ ਗੋਲੀਆਂ ਚਲਾਉਣ ਵਾਲੇ ਖ਼ੁਦ ਫ਼ਸੇ
7 Views