ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 31 ਜੁਲਾਈ : ਖੇਤੀਬਾੜੀ ਵਿਭਾਗ ਵਲੋਂ ਮੁੱਖ ਖੇਤਬਾੜੀ ਅਫ਼ਸਰ ਡਾ. ਹਸਨ ਸਿੰਘ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਬਲਜਿੰਦਰ ਸਿੰਘ ਦੀ ਅਗਵਾਈ ਹੇਠ ਸਉਣੀ ਦੀਆਂ ਫ਼ਸਲਾਂ ਨਰਮਾ ਅਤੇ ਝੋਨੇ ਦੀ ਸਿੱਧੀ ਬਿਜਾਈ ਅਤੇ ਬਾਸਮਤੀ ਝੋਨੇ ਸਬੰਧੀ ਪਿੰਡ ਜੰਡਾਂਵਾਲਾ, ਖਿਆਲੀਵਾਲਾ ਅਤੇ ਗੰਗਾ ਅਬਲੂ ਕੀ ਵਿਖੇ ਕਿਸਾਨ ਸਿਖਲਾਈ ਕੈੰਪ ਲਗਾਇਆ ਗਿਆ। ਕੈੰਪ ਵਿੱਚ ਡਾ. ਅਮਨਦੀਪ ਕੌਰ ਨੇ ਨਰਮੇ ਦੀ ਫ਼ਸਲ ਵਿੱਚ ਚਿੱਟੀ ਮੱਖੀ, ਹਰੇ ਤੇਲੇ ਅਤੇ ਗੁਲਾਬੀ ਸੁੰਡੀ ਦੇ ਸਰਵੇਖਣ ਸਬੰਧੀ ਅਤੇ ਇਸ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਨਰਮੇ ਦੀ ਫ਼ਸਲ ਵਿੱਚ ਖਾਦ 13: 0: 45 ਦੀਆਂ ਚਾਰ ਸਪਰੇ ਹਫ਼ਤੇ- ਹਫ਼ਤੇ ਬਾਅਦ ਕਰਨ ਦੀ ਸਲਾਹ ਦਿਤੀ । ਡਾ ਜਸਵਿੰਦਰ ਕੁਮਾਰ ਵੱਲੋਂ ਝੋਨੇ ਅਤੇ ਬਾਸਮਤੀ ਫ਼ਸਲ ਦੀਆਂ ਬਿਮਾਰੀਆਂ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਬੇਲੋੜੀਆ ਖਾਦਾਂ ਅਤੇ ਕੀੜੇਮਾਰ ਦਵਾਈਆ ਨਾ ਵਰਤਣ। ਉਹਨਾਂ ਖੇਤਾਂ ਦੇ ਆਲੇ ਦੁਆਲੇ ਤੋਂ ਨਦੀਨਾਂ ਨੂੰ ਨਸ਼ਟ ਕਰਨ ਅਤੇ ਮਿੱਟੀ ਪਾਣੀ ਦੀ ਪਰਖ ਦੇ ਅਧਾਰ ਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ । ਇਸ ਕੈਂਪ ਵਿੱਚ ਤਾਰਾ ਸਿੰਘ, ਜਗਮੀਰ ਸਿੰਘ ਅਤੇ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।
ਨਰਮੇ ਤੇ ਝੋਨੇ ਦੀ ਫ਼ਸਲ ਸਬੰਧੀ ਕਿਸਾਨ ਸਿਖਲਾਈ ਕੈਂਪ ਆਯੋਜਿਤ
13 Views