ਚੰਡੀਗੜ੍ਹ ਤੋਂ ਆਈ ਟੀਮ ਨੇ ਗੋਦਾਮ ’ਚ ਭਰੇ ਸੈਂਪਲ, ਪੁਲਿਸ ਵਲੋਂ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 19 ਅਪ੍ਰੈਲ : ਪਿਛਲੇ ਸਾਲਾਂ ’ਚ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੇ ‘ਝੰਬੇ’ ਕਿਸਾਨਾਂ ਨੂੰ ਮੁੜ ਨਰਮੇ ਦੀ ਫ਼ਸਲ ਵੱਲ ਮੋੜਣ ਲਈ ਪੰਜਾਬ ਸਰਕਾਰ ਦੁਆਰਾ ਵਿੱਢੀ ਮੁਹਿੰਮ ਤਹਿਤ ਅੱਜ ਚੰਡੀਗੜ੍ਹ ਤੋਂ ਆਈਆਂ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵਲੋਂ ਬਠਿੰਡਾ ’ਚ ਡੇਢ ਦਰਜਨ ਦੇ ਕਰੀਬ ਗੋਦਾਮਾਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਈ ਗੋਦਾਮਾਂ ’ਚ ਅਣਧਿਕਰਾਤ ਤੌਰ ’ਤੇ ਨਕਲੀ ਦਵਾਈਆਂ ਦਾ ਜਖੀਰਾਂ ਬਰਾਮਦ ਹੋਣ ਦੀ ਸੂਚਨਾ ਹੈ। ਸੂਚਨਾ ਮੁਤਾਬਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ ਰਾਜ ਕੁਮਾਰ ਦੀ ਅਗਵਾਈ ਹੇਠ ਸਰਕਾਰ ਵਲੋਂ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿੰਨ੍ਹਾਂ ਦੀ ਅਗਵਾਈ ’ਚ ਅੱਜ ਬਠਿੰਡਾ ਸ਼ਹਿਰ ਦੇ ਆਸਪਾਸ ਕੀਟਨਾਸ਼ਕ ਦਵਾਈਆਂ ਦੇ ਗੋਦਾਮਾਂ ਦੀ ਚੈਕਿੰਗ ਕੀਤੀ ਗਈ। ਪਤਾ ਲੱਗਿਆ ਹੈ ਕਿ ਇਸ ਚੈਕਿੰਗ ਦੌਰਾਨ ਸਥਾਨਕ ਸਿਵੀਆ ਰੋਡ ’ਤੇ ਸਥਿਤ ਕੇ.ਸੀ ਕੰਪਲੈਕਸ ’ਚ ਦੱਖਣੀ ਭਾਰਤ ਦੀ ਇੱਕ ਕੰਪਨੀ ਟੀ-ਸਟੇਟ ਕੰਪਨੀ ਲਿਮਟਿਡ ਦੇ ਗੋਦਾਮ ਵਿਚੋਂ ਵੱਡੀ ਮਾਤਰਾ ’ਚ ਦਵਾਈਆਂ ਤੇ ਖਾਦਾਂ ਦਾ ਜਖੀਰਾਂ ਮਿਲਿਆ ਹੈ। ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ ਰਾਜ ਕੁਮਾਰ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਕੰਪਨੀ ਦੇ ਪ੍ਰਬੰਧਕਾਂ ਵਲੋਂ ਇੰਨ੍ਹਾਂ ਦਵਾਈਆਂ ਦਾ ਕੋਈ ਬਿਲ ਜਾਂ ਸਟਾਕ ਰਜਿਸਟਰਾਰ ਆਦਿ ਕੋਈ ਰਿਕਾਰਡ ਨਹੀਂ ਦਿੱਤਾ ਗਿਆ। ਜਿਸਦੇ ਚੱਲਦੇ ਇਹ ਦਵਾਈਆਂ ਨਕਲੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦਸਿਆ ਕਿ ਇੰਨ੍ਹਾਂ ਗੋਦਾਮਾਂ ਤੋਂ ਅੱਗੇ ਦੁਕਾਨਾਂ ਤੱਕ ਦਵਾਈਆਂ ਦੀ ਸਪਲਾਈ ਹੋਣੀ ਹੈ, ਜਿਸਦੇ ਚੱਲਦੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ’ਤੇ ਵਿਭਾਗ ਵਲੋਂ ਇੰਨ੍ਹਾਂ ਗੋਦਾਮਾਂ ’ਤੇ ਹੀ ਚੈਕਿੰਗ ਸ਼ੁਰੂ ਕਰਕੇ ਨਕਲੀਆਂ ਦਵਾਈਆਂ ਨੂੰ ਫ਼ੜਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਡਾ ਰਾਜ ਕੁਮਾਰ ਨੇ ਅੱਗੇ ਦਸਿਆ ਕਿ ਉਕਤ ਕੰਪਨੀ ਦੇ ਪ੍ਰਬੰਧਕਾਂ ਵਿਰੁਧ ਇਨਸੇਕਟੀਏਟ ਐਕਟ 1968 ਤਹਿਤ ਪਰਚਾ ਦਰਜ਼ ਕਰਵਾਉਣ ਲਈ ਥਾਣਾ ਥਰਮਲ ਵਿਚ ਲਿਖਤ ਸਿਕਾਇਤ ਦਿੱਤੀ ਜਾ ਚੁੱਕੀ ਹੈ। ਇਸਤੋਂ ਇਲਾਵਾ ਦਵਾਈਆਂ ਦੇ ਸੈਂਪਲ ਲਏ ਜਾ ਰਹੇ ਹਨ, ਜਿਸਤੋਂ ਬਾਅਦ ਗੋਦਾਮ ਨੂੰ ਸੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ।
Share the post "ਨਰਮੇ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਵਲੋਂ ਬਠਿੰਡਾ ’ਚ ਨਕਲੀ ਦਵਾਈਆਂ ਦਾ ਜਖੀਰਾ ਬਰਾਮਦ"