ਪੰਜਾਬ ਅੰਦਰ ਪੈਂਦੇ ਤਿੰਨਾਂ ਤਖ਼ਤਾਂ ’ਤੇ ਸ਼੍ਰੀ ਅਖੰਠ ਪਾਠ ਸਾਹਿਬ ਪ੍ਰਕਾਸ਼ ਕਰਵਾਉਣ ਦਾ ਰੱਖਿਆ ਹੈ ਪੋ੍ਰਗਰਾਮ
ਸੁਖਜਿੰਦਰ ਮਾਨ
ਬਠਿੰਡਾ, 17 ਜੂਨ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ 34 ਸਾਲ ਪੁਰਾਣੇ ਰੋਡਰੇਜ਼ ਕੇਸ ’ਚ ਜੇਲ੍ਹ ਜਾਣ ਦੇ ਬਾਵਜੂਦ ਉਨ੍ਹਾਂ ਦੇ ਸਮਰਥਕ ਪੂਰੀ ਤਰ੍ਹਾਂ ਸਰਗਰਮ ਹਨ। ਸ: ਸਿੱਧੂ ਨੂੰ ਸਿਹਤ ਸਬੰਧੀ ਚੱਲ ਰਹੀਆਂ ਬੀਮਾਰੀਆਂ ਅਤੇ ਉਨ੍ਹਾਂ ਦੀ ਤੰਦਰੁਸਤੀ ਲਈ ਇੰਨਾਂ ਸਮਰਥਕਾਂ ਵਲੋਂ ਹੁਣ ਪੰਜਾਬ ਅੰਦਰ ਪੈਂਦੇ ਸਿੱਖਾਂ ਦੇ ਤਿੰਨਾਂ ਤਖ਼ਤਾਂ(ਸ਼੍ਰੀ ਅਕਾਲ ਤਖ਼ਤ, ਸ਼੍ਰੀ ਕੇਸਗੜ੍ਹ ਸਾਹਿਬ ਤੇ ਸ਼੍ਰੀ ਦਮਦਮਾ ਸਾਹਿਬ) ਵਿਖੇ ਸ਼੍ਰੀ ਅਖੰਠ ਪਾਠ ਪ੍ਰਕਾਸ਼ ਕਰਵਾਉਣ ਦਾ ਪ੍ਰੋਗਰਾਮ ਰੱਖਿਆ ਹੈ। ਇਸੇ ਪ੍ਰੋਗਰਾਮ ਦੀ ਕੜੀ ਤਹਿਤ ਅੱਜ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਵੀ ਸ਼੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ। ਜਿੱਥੇ ਸਿੱਧੂ ਸਮਰਥਕ ਅੱਧੀ ਦਰਜ਼ਨ ਸਾਬਕਾ ਵਿਧਾਇਕਾਂ ਤੋਂ ਇਲਾਵਾ ਦੱਖਣੀ ਮਾਲਵਾ ਦੇ ਕਈ ਜ਼ਿਲ੍ਹਿਆਂ ਦੇ ਸਮਰਥਕ ਪੁੱਜੇ ਹੋਏ ਸਨ। ਇਸ ਪ੍ਰੋਗਰਾਮ ਦੇ ਆਯੋਜਿਕ ਸੀਨੀਅਰ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ ਨੇ ਦਸਿਆ ਕਿ ‘‘ਬੇਸ਼ੱਕ ਸ: ਸਿੱਧੂ ਇਸ ਸਮੇਂ ਪਟਿਆਲਾ ਜੇਲ੍ਹ ’ਚ ਬੰਦ ਹਨ ਪ੍ਰੰਤੂ ਉਨ੍ਹਾਂ ਦੇ ਪ੍ਰਵਾਰ ਅਤੇ ਸਮਰਥਕਾਂ ਵਿਚ ਉਨ੍ਹਾਂ ਪ੍ਰਤੀ ਉਤਸ਼ਾਹ ਤੇ ਸਨੇਹ ਬਰਕਰਾਰ ਹੈ, ਜਿਸਦੇ ਚੱਲਦੇ ਇਹ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਸ: ਲਾਡੀ ਨੇ ਅੱਗੇ ਦਸਿਆ ਕਿ ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਨੂੰ ਬਚਾਉਣ ਲਈ ਦਿੱਤੇ ਪ੍ਰੋਗਰਾਮ ਨੂੰ ਉਨ੍ਹਾਂ ਦੇ ਸਮਰਥਕਾਂ ਵਲੋਂ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਹਰਦਿਆਲ ਸਿੰਘ ਕੰਬੋਜ ਤੇ ਪਿਰਮਿਲ ਸਿੰਘ ਧੋਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੀਨੀਅਰ ਆਗੂ ਹਾਜ਼ਰ ਰਹੇ।
Share the post "ਨਵਜੋਤ ਸਿੱਧੂ ਦੀ ਚੜ੍ਹਦੀ ਕਲਾਂ ਲਈ ਸਮਰਥਕਾਂ ਨੇ ਸ਼੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ"