ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 2 ਅਪ੍ਰੈਲ : ਬੀਤੇ ਕੱਲ ਕਂੇਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋ ਕੇ ਆਏ ਸਾਬਕਾ ਕ੍ਰਿਕਟਰ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਸੋਮਵਾਰ ਨੂੰ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਉਸਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਆਉਣਗੇ। ਇਸ ਮੌਕੇ ਉਨ੍ਹਾਂ ਵਲੋਂ ਪ੍ਰੈਸ ਕਾਨਫਰੰਸ ਵੀ ਰੱਖੀ ਗਈ ਹੈ, ਜਿੱਥੇ ਉਹ ਪੰਜਾਬ ਦੀ ਅਮਨ ਤੇ ਸ਼ਾਂਤੀ ਦੇ ਮੁੱਦੇ ’ਤੇ ਅਪਣੇ ਵਿਚਾਰ ਰੱਖਣਗੇ। ਇਸਦੀ ਜਾਣਕਾਰੀ ਖੁਦ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ਉਪਰ ਦਿੱਤੀ ਹੈ।ਇਹ ਸਿੱਧੂ ਦੀ ਗਾਇਕ ਦੇ ਘਰ ਪਹਿਲੀ ਫ਼ੇਰੀ ਹੋਵੇਗੀ, ਕਿਉਂਕਿ ਗਾਇਕ ਸਿੱਧੂ ਮੁੂਸੇਵਾਲਾ ਦਾ ਕਤਲ 29 ਮਈ 2022 ਨੂੰ ਕੀਤਾ ਗਿਆ ਸੀ ਜਦੋਂਕਿ ਨਵਜੋਤ ਸਿੱਧੂ 20 ਮਈ 2022 ਨੂੰ ਪਟਿਆਲਾ ਜੇਲ੍ਹ ਵਿਚ ਸਜ਼ਾ ਭੁਗਤਣ ਚਲੇ ਗਏ ਸਨ। ਇਸ ਦੌਰਾਨ ਉਨ੍ਹਾਂ ਰਿਹਾਈ ਤੱਕ ਇੱਕ ਵੀ ਛੁੱਟੀ ਨਹੀਂ ਲਈ। ਹਾਲਾਂਕਿ ਕੁੱਝ ਦਿਨ ਪਹਿਲਾਂ ਨਵਜੋਤ ਸਿੱਧੂ ਸਮਰਥਕ ਵਿਧਾਇਕਾਂ ਦਾ ਇੱਕ ਵਫ਼ਦ ਜਰੂਰ ਸਿੱਧੂ ਮੂਸੇਵਾਲਾ ਦੇ ਘਰ ਉਸਦੇ ਮਾਪਿਆਂ ਕੋਲ ਅਪਣੇ ਆਗੂ ਦਾ ਸੁਨੇਹਾ ਲੈ ਕੇ ਪੁੱਜੇ ਸਨ। ਉਧਰ ਮਹਰੂਮ ਗਾਇਕ ਦੇ ਪ੍ਰਵਾਰਕ ਮੈਂਬਰਾਂ ਨੂੰ ਵੀ ਨਵਜੋਤ ਸਿੱਧੂ ਤੋਂ ਕਾਫ਼ੀ ਉਮੀਦਾਂ ਦੱਸੀਆਂ ਜਾ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਖੁੱਲ ਕੇ ਬੋਲਣ ਵਾਲੇ ਸਿੱਧੂ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਅਵਾਜ਼ ਚੁੱਕੇਗਾ। ਇੱਥੇ ਦਸਣਾ ਬਣਦਾ ਹੈ ਕਿ ਅਪਣੇ ਪੁੱਤਰ ਦੇ ਕਾਤਲਾਂ ਅਤੇ ਉਸਦੇ ਕਤਲ ਦੀ ਸਾਜ਼ਸ ਰਚਣ ਵਾਲਿਆਂ ਨੂੰ ਫ਼ੜਾਉਣ ਦੀ ਮੰਗ ਨੂੰ ਲੈ ਕੇ ਮਹਰੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਵਿਧਾਨ ਸਭਾ ਅੱਗੇ ਵੀ ਧਰਨਾ ਲਗਾ ਚੁੱਕੇ ਹਨ। ਇਸਤੋਂ ਇਲਾਵਾ ਪਿਛਲੇ ਦਿਨੀਂ ਹੀ ਸਿੱਧੂ ਮੂੁਸੇਵਾਲਾ ਦੀ ਪਹਿਲੀ ਬਰਸੀ ਵੀ ਮਨਾਈ ਗਈ ਹੈ, ਜਿੱਥੇ ਪ੍ਰਵਾਰ ਵਾਲਿਆਂ ਨੇ ਪੰਜਾਬ ਸਰਕਾਰ ਉੱਪਰ ਲੋਕਾਂ ਨੂੰ ਪੁੱਜਣ ਤੋਂ ਰੋਕਣ ਲਈ ਭਾਈ ਅੰਮ੍ਰਿਤਪਾਲ ਸਿੰਘ ਦੀ ਫ਼ੜੋ-ਫ਼ੜਾਈ ਦਾ ਸਾਜਸ਼ ਤਹਿਤ ਸਿਲਸਿਲਾ ਸ਼ੁਰੂ ਕਰਨ ਦਾ ਦੋਸ਼ ਲਗਾਇਆ ਸੀ ਤਾਂ ਕਿ ਬਰਸੀ ਸਮਾਗਮ ਮੌਕੇ ਲੋਕਾਂ ਦਾ ਇਕੱਠ ਨਾ ਹੋ ਸਕੇ। ਹੁਣ ਸਿੱਧੂ ਦੇ ਬਾਹਰ ਆਉਣ ਕਾਰਨ ਇਸ ਮੁੱਦੇ ’ਤੇ ਉਹ ਸਰਕਾਰ ਨੂੰ ਘੇਰਣ ਦੀ ਕੋਸ਼ਿਸ਼ ਕਰਨਗੇ। ਉਧਰ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਮੰਨੇ ਜਾਂਦੇ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਨਾਜ਼ਰ ਸਿੰਘ ਮਾਨਸ਼ਾਹੀਆ ਆਦਿ ਵੀ ਇਸ ਮੌਕੇ ਹਾਜ਼ਰ ਰਹਿਣਗੇ।
ਨਵਜੋਤ ਸਿੱਧੂ ਸੋਮਵਾਰ ਨੂੰ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪੁੱਜਣਗੇ
11 Views