ਐਸ.ਪੀ ਤੇ ਏਡੀਸੀ ਦੀ ਅਗਵਾਈ ’ਚ ਜੇਲ੍ਹ ਪੁੱਜੇ ਅਧਿਕਾਰੀਆਂ ਨੇ ਕਰਵਾਇਆ ਮਸਲਾ ਹੱਲ
ਸੁਖਜਿੰਦਰ ਮਾਨ
ਬਠਿੰਡਾ, 15 ਮਈ : ਪੰਜਾਬ ਦੀਆਂ ਸਭ ਤੋਂ ਵੱਧ ਚਰਚਿਤ ਜੇਲ੍ਹਾਂ ਵਿਚੋਂ ਇੱਕ ਮੰਨੀ ਜਾਣ ਵਾਲੀ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਪਿਛਲੇ ਪੰਜ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਗੈਂਗਸਟਰਾਂ ਵਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੰਗਾਂ ਮੰਨਣ ਦਾ ਭਰੋੋੋਸਾ ਦਿਵਾਉਣ ਤੋਂ ਬਾਅਦ ਹੜਤਾਲ ਵਾਪਸ ਲੈਣ ਦੀ ਸੂਚਨਾ ਮਿਲੀ ਹੈ। ਜੇਲ੍ਹ ਦੇ ਅਤਿ ਸੁਰੱਖਿਅਤ ਹਾਈ ਸਕਿਊਰਟੀ ਜੋਨ੍ਹਾਂ ਦੇ ਵੱਖ ਵੱਖ ਅਹਾਤਿਆਂ ’ਚ ਬੰਦ ਕਰੀਬ ਚਾਰ ਦਰਜ਼ਨ ਗੈਂਗਸਟਰਾਂ ਵਲੋਂ ਅਪਣੀਆਂ ਬੈਰਕਾਂ ਅੰਦਰ ਨਿਯਮਾਂ ਤਹਿਤ ਟੀਵੀ ਲਗਾਉਣ ਦੀ ਮੰਗ ਕੀਤੀ ਚਾਰ ਰਹੀ ਸੀ। ਜੇਲ੍ਹ ਪ੍ਰਸ਼ਾਸਨ ਵਲੋਂ ਇਸ ਮੰਗ ਨੂੰ ਪੂਰਾ ਨਾ ਕਰਨ ਦੇ ਚੱਲਦੇ ਇਹ ਗੈਂਗਸਟਰ ਪਿਛਲੇ ਪੰਜ ਦਿਨਾਂ ਤੋਂ ਜੇਲ੍ਹ ਅੰਦਰ ਭੁੱਖ ਹੜਤਾਲ ’ਤੇ ਬੈਠ ਗਏ ਸਨ। ਇਸ ਸਬੰਧ ਵਿਚ ਦੋ ਦਿਨ ਪਹਿਲਾਂ ਜੇਲ੍ਹ ਅੰਦਰ ਬੰਦ ਏ ਕੈਟਾਗਿਰੀ ਦੇ ਗੈਂਗਸਟਰ ਗੁਰਪ੍ਰੀਤ ਸੇਖੋ ਦੇ ਪਿਤਾ ਜੰਗੀਰ ਸਿੰਘ ਸੇਖੋ ਨੇ ਇੱਕ ਵੀਡੀਓ ਵਾਇਰਲ ਕਰਕੇ ਪੰਜਾਬ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਅਪੀਲ ਕੀਤੀ ਸੀ। ਜਿਸਤੋਂ ਬਾਅਦ ਮਾਮਲਾ ਮੀਡੀਆ ਵਿਚ ਵੀ ਆ ਗਿਆ ਸੀ। ਸੂਤਰਾਂ ਮੁਤਾਬਕ ਗੈਂਗਸਟਰਾਂ ਦੀ ਭੁੱਖ ਹੜਤਾਲ ਦੇ ਮਸਲੇ ਦਾ ਹੱਲ ਕਰਨ ਲਈ ਬੇਸ਼ੱਕ ਜੇਲ੍ਹ ਪ੍ਰਸ਼ਾਸਨ ਵਲੋਂ ਵੀ ਅਪਣੇ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪ੍ਰੰਤੂ ਅੱਜ ਇਸ ਮਾਮਲੇ ਵਿਚ ਪਹਿਲਕਦਮੀ ਕਰਦਿਆਂ ਜ਼ਿਲ੍ਹਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਜੇਲ੍ਹ ਪੁੱਜੇ ਹੋਏ ਸਨ। ਜਿੰਨ੍ਹਾਂ ਵਿਚ ਐਸ.ਪੀ ਡੀ ਅਜੈ ਗਾਂਧੀ, ਏਡੀਸੀ ਜਨਰਲ ਅਤੇ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਵੀ ਸ਼ਾਮਲ ਸਨ। ਮਿਲੀ ਸੂਚਨਾ ਮੁਤਾਬਕ ਉਕਤ ਅਧਿਕਾਰੀਆਂ ਵਲੋਂ ਜੇਲ੍ਹ ਪ੍ਰਸ਼ਾਸਨ ਨੂੰ ਨਾਲ ਲੈ ਕੇ ਲੰਮੇ ਸਮੇਂ ਤੱਕ ਭੁੱਖ ਹੜਤਾਲ ’ਤੇ ਬੈਠੇ ਗੈਂਗਸਟਰਾਂ ਨਾਲ ਗੱਲਬਾਤ ਕੀਤੀ ਗਈ। ਗੈਂਗਸਟਰ ਇਸ ਮੰਗ ’ਤੇ ਅੜੇ ਰਹੇ, ਕਿਉਂਕਿ ਉਨ੍ਹਾਂ ਦਾਅਵਾ ਕੀਤਾ ਕਿ ਫ਼ਿਰੋਜਪੁਰ ਦੀ ਕੇਂਦਰੀ ਜੇਲ੍ਹ ਅੰਦਰ ਵੀ ਇਹ ਸਹੂਲਤ ਮਿਲ ਰਹੀ ਹੈ। ਇਸਤੋਂ ਇਲਾਵਾ ਉਨ੍ਹਾਂ ਵਲੋਂ ਜੇਲ੍ਹ ਅੰਦਰੋਂ ਐਸ.ਟੀ.ਓ ਬੂਥਾਂ ਤੋਂ ਅਪਣੇ ਘਰ ਅਤੇ ਵਕੀਲ ਆਦਿ ਨਾਲ ਗੱਲ ਕਰਨ ਲਈ ਮਿਲਦੇ ਦਸ ਮਿੰਟ ਦੇ ਸਮੇਂ ਨੂੰ ਵਧਾਉਣ ਤੋਂ ਇਲਾਵਾ ਗੱਲ ਕਰਨ ਵਾਲਿਆਂ ਦੀ ਸੂਚੀ ਵੀ ਵਧਾਉਣ ਦੀ ਮੰਗ ਰੱਖੀ। ਜੇਲ੍ਹ ਅੰਦਰੋਂ ਮਿਲੀਆਂ ਸੂਚਨਾ ਮੁਤਾਬਕ ਸਿਵਲ ਤੇ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਨਿਯਮਾਂ ਤਹਿਤ ਉਨ੍ਹਾਂ ਨੂੰ ਹਰ ਸਹੂਲਤ ਮੁਹੱਈਆਂ ਕਰਵਾਉਣ ਦਾ ਭਰੋਸਾ ਦਿਵਾਇਆ। ਪਤਾ ਚੱਲਿਆ ਹੈ ਕਿ ਇੰਨ੍ਹਾਂ ਗੈਂਗਸਟਰਾਂ ਦੀਆਂ ਬੈਰਕਾਂ ਵਿਚ ਟੀਵੀ ਲਗਾਉਣ ਦੀ ਮੰਗ ਸਬੰਧੀ ਜੇਲ੍ਹ ਵਿਭਾਗ ਦੇ ਹੈਡਕੁਆਟਰ ਤੋਂ ਵੀ ਰਹਿਨੁਮਾਈ ਮੰਗੀ ਗਈ ਹੈ। ਉਧਰ ਜੇਲ੍ਹ ਅੰਦਰ ਭੁੱਖ ਹੜਤਾਲ ਖ਼ਤਮ ਹੋਣ ਦੀ ਪੁਸ਼ਟੀ ਕਰਦਿਆਂ ਜੇਲ੍ਹ ਸੁਪਰਡੈਂਟ ਐਨ.ਡੀ.ਨੇਗੀ ਨੇ ਦਸਿਆ ਕਿ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾ ਰਿਹਾ।
Share the post "ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਬਠਿੰਡਾ ਜੇਲ੍ਹ ’ਚ ਬੰਦ ਗੈਂਗਸਟਰਾਂ ਨੇ ਭੁੱਖ ਹੜਤਾਲ ਵਾਪਸ ਲਈ"