ਰਾਜਪਾਲ ਨੂੰ ਪੱਤਰ ਲਿਖ ਕੇ ਕਿਹਾ ਕਿ ਚੰਡੀਗੜ੍ਹ ਦੇ ਐਸ.ਐਸ.ਪੀ. ਦੇ ਅਹੁਦੇ ਤੋਂ ਪੰਜਾਬ ਕਾਡਰ ਦੇ ਆਈ.ਪੀ.ਐਸ. ਅਫਸਰ ਨੂੰ ਵਾਪਸ ਭੇਜਣ ਨਾਲ ਯੂ.ਟੀ. ਦੇ ਕੰਮਕਾਜੀ ਮਾਮਲਿਆਂ ਵਿਚ ਸੂਬਿਆਂ ਦਰਮਿਆਨ ਸੰਤੁਲਨ ਵਿਗੜੇਗਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਦਸੰਬਰ: ਬੀਤੇ ਕੱਲ ਚੰਡੀਗੜ੍ਹ ਦੇ ਪ੍ਰਸ਼ਾਸਕ ਵਲੋਂ ਅਚਾਨਕ ਪੰਜਾਬ ਕਾਡਰ ਨਾਲ ਸਬੰਧਤ ਚੰਡੀਗੜ੍ਹ ਦੇ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਨੂੰ ਅਹੁੱਦੇ ਤੋਂ ਫ਼ਾਰਗ ਕਰਨ ‘ਤੇ ਫੈਸਲੇ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਸ਼ ਜਤਾਇਆ ਹੈ। ਉਨ੍ਹਾਂ ਅੱਜ ਸੂਬੇ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਜਾਣੂੰ ਕਰਵਾਇਆ ਕਿ ਕੇਂਦਰੀ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਐਸ.ਐਸ.ਪੀ. ਦੇ ਅਹੁਦੇ ਉਤੇ ਰਵਾਇਤੀ ਤੌਰ ਉਤੇ ਪੰਜਾਬ ਕਾਡਰ ਦਾ ਆਈ.ਪੀ.ਐਸ. ਅਧਿਕਾਰੀ ਹੀ ਤਾਇਨਾਤ ਹੁੰਦਾ ਹੈ। ਇਸੇ ਤਰ੍ਹਾਂ ਯੂ.ਟੀ. ਦਾ ਡਿਪਟੀ ਕਮਿਸ਼ਨਰ ਹਰਿਆਣਾ ਕਾਡਰ ਦਾ ਆਈ.ਏ.ਐਸ. ਅਧਿਕਾਰੀ ਨਿਯੁਕਤ ਹੁੰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਹੈ ਕਿ ਪੰਜਾਬ ਕਾਡਰ ਦੇ ਸਾਲ 2009 ਦੇ ਆਈ.ਪੀ.ਐਸ. ਅਧਿਕਾਰੀ ਕੁਲਦੀਪ ਸਿੰਘ ਚਾਹਲ ਨੂੰ ਸਮੇਂ ਤੋਂ ਪਹਿਲਾਂ ਹੀ ਪੰਜਾਬ ਵਾਪਸ ਭੇਜ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਲਈ ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਚੰਡੀਗੜ੍ਹ ਦੇ ਐਸ.ਐਸ.ਪੀ. ਦੇ ਅਹੁਦੇ ਉਤੇ ਹਰਿਆਣਾ ਕਾਡਰ ਦਾ ਆਈ.ਪੀ.ਐਸ. ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕਦਮ ਪੂਰੀ ਤਰ੍ਹਾਂ ਗੈਰ-ਵਾਜਬ ਹੈ ਕਿਉਂ ਜੋ ਇਸ ਨਾਲ ਯੂ.ਟੀ. ਦੇ ਮਾਮਲਿਆਂ ਨੂੰ ਚਲਾਉਣ ਵਿਚ ਸੂਬਿਆਂ ਦਰਮਿਆਨ ਸੰਤੁਲਨ ਵਿਗੜ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕਿਸੇ ਕਾਰਨ ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਨੂੰ ਵਾਪਸ ਭੇਜਣਾ ਹੀ ਸੀ ਤਾਂ ਪਹਿਲਾਂ ਪੰਜਾਬ ਤੋਂ ਆਈ.ਪੀ.ਐਸ. ਅਧਿਕਾਰੀਆਂ ਦਾ ਪੈਨਲ ਮੰਗ ਲੈਣਾ ਚਾਹੀਦਾ ਸੀ। ਇਸ ਮਾਮਲੇ ਵਿਚ ਰਾਜਪਾਲ ਦੇ ਦਖ਼ਲ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਛੇਤੀ ਹੀ ਐਸ.ਐਸ.ਪੀ. ਚੰਡੀਗੜ੍ਹ ਦੇ ਅਹੁਦੇ ਲਈ ਪੰਜਾਬ ਕਾਡਰ ਦੇ ਤਿੰਨ ਆਈ.ਪੀ.ਐਸ. ਅਧਿਕਾਰੀਆਂ ਦਾ ਪੈਨਲ ਭੇਜੇਗੀ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਪੰਜਾਬ ਕਾਡਰ ਦਾ ਆਈ.ਪੀ.ਐਸ. ਅਧਿਕਾਰੀ ਛੇਤੀ ਹੀ ਐਸ.ਐਸ.ਪੀ. ਚੰਡੀਗੜ੍ਹ ਦੇ ਅਹੁਦੇ ਉਤੇ ਨਿਯੁਕਤ ਹੋਵੇਗਾ।
ਵਿਰੋਧੀਆਂ ਪਾਰਟੀਆਂ ਨੇ ਵੀ ਜਤਾਇਆ ਰੋਸ਼
ਚੰਡੀਗੜ੍ਹ: ਉਧਰ ਵਿਰੋਧੀਆਂ ਪਾਰਟੀਆਂ ਨੇ ਵੀ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਇਸ ਫੈਸਲੇ ’ਤੇ ਰੋਸ਼ ਜਤਾਇਆ ਹੈ। ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖ਼ਹਿਰਾ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਅਕਾਲੀ ਆਗੂ ਡਾ ਦਲਜੀਤ ਸਿੰਘ ਚੀਮਾ ਆਦਿ ਨੇ ਦਾਅਵਾ ਕੀਤਾ ਕਿ ਜਿੱਥੇ ਕੇਂਦਰ ਨੇ ਚੰਡੀਗੜ ਦੇ ਪ੍ਰਸ਼ਾਸਕ ਰਾਹੀਂ ਪੰਜਾਬ ਦਾ ਆਈ.ਪੀ.ਐਸ ਅਫ਼ਸਰ ਵਾਪਸ ਭੇਜ ਕੇ ਸੂਬੇ ਨਾਲ ਧੱਕਾ ਕੀਤਾ ਹੈ, ਉਥੇ ਪੰਜਾਬ ਸਰਕਾਰ ਵੀ ਇਸ ਮਾਮਲੇ ਵਿਚ ਕੇਂਦਰ ਅੱਗੇ ਆਤਮਸਮਰਪਣ ਕਰਦੀ ਨਜ਼ਰ ਆ ਰਹੀ ਹੈ।
Share the post "ਪੰਜਾਬ ਕਾਡਰ ਦੇ ਐਸ.ਐਸ.ਪੀ ਨੂੰ ਫ਼ਾਰਗ ਕਰਨ ‘ਤੇ ਭਗਵੰਤ ਮਾਨ ਨੇ ਜਤਾਇਆ ਰੋਸ਼, ਕਿਹਾ ਨਵਾਂ ਪੈਨਲ ਤੁਰੰਤ ਭੇਜਾਂਗੇ"