ਸੁਖਜਿੰਦਰ ਮਾਨ
ਬਠਿੰਡਾ, 19 ਮਈ: ਸਥਾਨਕ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਸਾਲ 2023 ਵਿੱਚ ਭਾਰਤ ਦੀ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਦਰਜਾਬੰਦੀ ਕਰਨ ਲਈ ਕਾਰਵਾਈ ਗਈ ਆਈ.ਆਈ.ਆਰ.ਐਫ. ਰੈਂਕਿੰਗ 2023 ਵਿੱਚ ’ਕੇਂਦਰੀ ਯੂਨੀਵਰਸਿਟੀਆਂ’ ਸ਼੍ਰੇਣੀ ਵਿੱਚ 7ਵਾਂ ਸਥਾਨ ਪ੍ਰਾਪਤ ਕੀਤਾ ਹੈ। ਇੰਡੀਅਨ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਸਾਲ 2012 ਤੋਂ ਉੱਚ ਸਿੱਖਿਆ ’ਤੇ ਕੇਂਦ੍ਰਿਤ ਮੈਗਜ਼ੀਨ ਐਜੂਕੇਸ਼ਨ ਪੋਸਟ ਵੱਲੋਂ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਆਈ.ਆਈ.ਆਰ.ਐਫ. ਦੇਸ਼ ਭਰ ਵਿੱਚ 1,000 ਤੋਂ ਵੱਧ ਵਿਦਿਅਕ ਸੰਸਥਾਵਾਂ ਦਾ ਮੁਲਾਂਕਣ ਕਰਦਾ ਹੈ।ਸਾਲ 2023 ਵਿੱਚ ਭਾਰਤ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਦਰਜਾਬੰਦੀ ਕਰਨ ਲਈ ਕਾਰਵਾਈ ਗਈ ਆਈ.ਆਈ.ਆਰ.ਐਫ. ਰੈਂਕਿੰਗ ਵਿੱਚ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦਾ ਸੱਤ ਮਾਪਦੰਡਾਂ ’ਤੇ ਮੁਲਾਂਕਣ ਕੀਤਾ ਜਾਂਦਾ ਹੈ, ਜੋ ਕਿ ਇਸ ਪ੍ਰਕਾਰ ਹਨ- ਪਲੇਸਮੈਂਟ ਪ੍ਰਦਰਸ਼ਨ; ਅਧਿਆਪਨ ਸਿਖਲਾਈ ਸਰੋਤ ਅਤੇ ਸਿੱਖਿਆ ਸ਼ਾਸਤਰ; ਖੋਜ; ਉਦਯੋਗ ਪਲੇਸਮੈਂਟ ਅਤੇ ਏਕੀਕਰਣ; ਪਲੇਸਮੈਂਟ ਰਣਨੀਤੀਆਂ ਅਤੇ ਸਹਾਇਤਾ; ਭਵਿੱਖ ਦੀ ਸਥਿਤੀ; ਅਤੇ ਬਾਹਰੀ ਧਾਰਨਾ। ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਇਨ੍ਹਾਂ ਸਾਰੇ ਮਾਪਦੰਡਾਂ ਵਿੱਚ 1000 ਵਿੱਚੋਂ 980.85 ਅੰਕ ਪ੍ਰਾਪਤ ਕੀਤੇ ਹਨ। ਦਸਣਾ ਬਣਦਾ ਹੈ ਕਿ ਕੁਝ ਮਹੀਨੇ ਪਹਿਲਾਂ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਨੈਕ ) ਤੋਂ ’ਏ+’ (1+) ਗ੍ਰੇਡ’ ਪ੍ਰਾਪਤ ਕੀਤਾ ਹੈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਸੀਯੂਪੀਬੀ ਪਰਿਵਾਰ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।
Share the post "ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਆਈ.ਆਈ.ਆਰ.ਐਫ. ਰੈਂਕਿੰਗ 2023 ਵਿੱਚ 7ਵਾਂ ਸਥਾਨ ਪ੍ਰਾਪਤ ਕੀਤਾ"