ਸੁਖਜਿੰਦਰ ਮਾਨ
ਬਠਿੰਡਾ,11 ਫਰਵਰੀ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਮੂਹ ਲੋਕਾਂ ਨੂੰ ਦੰਭੀ ਵੋਟ ਸਿਆਸਤ ਦਾ ਰਾਹ ਤਿਆਗ ਕੇ ਆਪਣੀ ਪੁੱਗਤ ਸਥਾਪਤੀ ਲਈ ਵਿਸਾਲ, ਸਾਂਝੇ ਤੇ ਜਾਨ ਹੂਲਵੇਂ ਘੋਲਾਂ ਦਾ ਹੋਕਾ ਦੇਣ ਲਈ 17 ਫਰਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ਲੋਕ ਕਲਿਆਣ ਰੈਲੀ ਦੀ ਡਟਵੀਂ ਹਮਾਇਤ ਦਾ ਐਲਾਨ ਕਰਦਿਆਂ ਪੰਜਾਬ ਖੇਤ ਮਜਦੂਰ ਯੂਨੀਅਨ ਨੇ ਖੇਤ ਮਜਦੂਰਾਂ ਨੂੰ ਇਸ ਰੈਲੀ ‘ਚ ਪਰਿਵਾਰਾਂ ਸਮੇਤ ਸਾਮਲ ਹੋਣ ਦਾ ਸੱਦਾ ਦਿੱਤਾ ਹੈ। ਇਹ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਜਾਰੀ ਕੀਤੇ ਬਿਆਨ ਰਾਹੀਂ ਦਿੱਤੀ ਗਈ। ਉਹਨਾਂ ਕਿਹਾ ਵਿਧਾਨ ਸਭਾ ਦੀਆਂ ਮੌਜੂਦਾ ਚੋਣਾਂ ਦਾ ਖੇਤ ਮਜਦੂਰਾਂ ਤੇ ਕਿਸਾਨਾਂ ਸਮੇਤ ਸਮੂਹ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਬੇਰੁਜਗਾਰੀ, ਗਰੀਬੀ, ਕਰਜੇ , ਖੁਦਕੁਸੀਆਂ ਤੇ ਗੰਧਲੇ ਹੋ ਰਹੇ ਵਾਤਾਵਰਣ ਵਰਗੀਆਂ ਸਮੱਸਿਆਵਾਂ ਨੂੰ ਹੱਲ ਕਰਨ ਨਾਲ ਕੋਈ ਸਬੰਧ ਨਹੀਂ ਅਤੇ ਨਾਂ ਹੀ ਵਿਧਾਨ ਸਭਾਵਾਂ ਤੇ ਪਾਰਲੀਮੈਟਾਂ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਸਾਧਨ ਬਣਨ ਜੋਗੀਆਂ ਹਨ। ਉਹਨਾਂ ਕਿਹਾ ਕਿ ਖੇਤ ਮਜਦੂਰਾਂ ਦੀਆਂ ਆਰਥਿਕ ਤੇ ਸਮਾਜਿਕ ਸਮੱਸਿਆਵਾਂ ਦਾ ਹੱਲ ਤਾਂ ਸਾਮਰਾਜ ਅਤੇ ਜਗੀਰਦਾਰੀ ਤੇ ਸੂਦਖੋਰੀ ਦੀ ਲੁੱਟ ਖਾਤਮਾ ਕਰਕੇ ਜਮੀਨਾਂ ਜਾਇਦਾਦਾਂ ਤੇ ਸੰਦ ਸਾਧਨਾਂ ਦੀ ਖੇਤ ਮਜਦੂਰਾਂ ਤੇ ਗਰੀਬ ਕਿਸਾਨਾਂ ਚ ਵੰਡ ਕਰਨ, ਬਿਨਾਂ ਵਿਆਜ ਲੰਮੀ ਮਿਆਦ ਦੇ ਕਰਜੇ ਦੇਣ , ਖੇਤੀ ਅਧਾਰਿਤ ਰੁਜਗਾਰ ਮੁਖੀ ਸਨਅਤਾਂ ਦਾ ਜਾਲ ਵਿਛਾਉਣ, ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਕੇ ਸਭਨਾਂ ਖੇਤਰਾਂ ਨੂੰ ਸਰਕਾਰੀ ਹੱਥਾਂ ਚ ਲੈਕੇ ਪੱਕੀ ਭਰਤੀ ਕਰਨ, ਜਗੀਰਦਾਰਾਂ ਤੇ ਕਾਰਪੋਰੇਟ ਘਰਾਣਿਆਂ ਦੀ ਅੰਨੀ ਲੁੱਟ ਨੂੰ ਨੱਥ ਮਾਰਕੇ ਉਹਨਾਂ ਦੀ ਜਾਇਦਾਦ ਤੇ ਮੋਟੇ ਟੈਕਸ ਲਾਉਣ ਵਰਗੇ ਕਦਮ ਚੁੱਕਣ ਨਾਲ ਹੀ ਹੋਵੇਗਾ ਜਿਸਦੀ ਪੂਰਤੀ ਵਿਧਾਨ ਸਭਾਵਾਂ ਰਾਹੀਂ ਨਹੀਂ ਵਿਸਾਲ, ਸਾਂਝੇ ਤੇ ਜਾਨ ਹੂਲਵੇਂ ਘੋਲਾਂ ਰਾਹੀਂ ਹੀ ਸੰਭਵ ਹੈ। ਉਹਨਾਂ ਕਿਹਾ ਕਿ ਖੇਤ ਮਜਦੂਰਾਂ, ਕਿਸਾਨਾਂ ਤੇ ਸਮੂਹ ਲੋਕਾਂ ਦੇ ਹਕੀਕੀ ਵਿਕਾਸ ਦੇ ਉਕਤ ਮਾਡਲ ਨੂੰ ਪੇਸ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ 17 ਫਰਵਰੀ ਨੂੰ ਬਰਨਾਲਾ ਵਿਖੇ ਲੋਕ ਕਲਿਆਣ ਰੈਲੀ ਕੀਤੀ ਜਾ ਰਹੀ ਹੈ ਜਿਸਦੀ ਖੇਤ ਮਜਦੂਰ ਯੂਨੀਅਨ ਡਟਕੇ ਹਮਾਇਤ ਕਰਦੀ ਹੈ।
Share the post "ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ 17 ਫਰਵਰੀ ਦੀ ਲੋਕ ਕਲਿਆਣ ਰੈਲੀ ਦੀ ਹਮਾਇਤ ਦਾ ਐਲਾਨ"