- ਗੋਇੰਦਵਾਲ ਸਾਹਿਬ, ਨਾਭਾ ਤੇ ਬਠਿੰਡਾ ਦੀ ਜਨਾਨਾ ਜੇਲ੍ਹ ’ਚ ਸ਼ੁਰੂ ਹੋਈ ਇਹ ਸਹੂਲਤ
ਪਹਿਲੇ ਦਿਨ ਬਠਿੰਡਾ ਦੀ ਜਨਾਨਾ ਜੇਲ੍ਹ ’ਚ ਬੰਦ ਚਾਰ ਹਵਾਲਾਤਣਾਂ ਨੇ ਪਤੀਆਂ ਨਾਲ ਬਿਤਾਇਆ ਸਮਾਂ
ਚੰਗੇ ਵਿਵਹਾਰ ਵਾਲੇ ਕੈਦੀਆਂ ਨੂੰ ਮਿਲੇਗਾ ਮੌਕਾ, ਪ੍ਰਾਈਵੇਟ ਕਮਰਿਆਂ ਨਾਲ ਅਟੈਚ ਹੋਣਗੇ ਬਾਥਰੂਮ
ਸੁਖਜਿੰਦਰ ਮਾਨ
ਚੰਡੀਗੜ੍ਹ, 20 ਸਤੰਬਰ : ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਹੁਣ ਅਪਣੇ ਪਤੀ ਜਾਂ ਪਤਨੀ ਨਾਲ ਪ੍ਰਾਈਵੇਟ ਤੌਰ ’ਤੇ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਇਸਦੇ ਲਈ ਜੇਲ੍ਹ ਅਧਿਕਾਰੀਆਂ ਵਲੋਂ ਅਲੱਗ ਤੋਂ ਕਮਰੇ ਰਾਖ਼ਵੇਂ ਰੱਖੇ ਹਨ, ਜਿੰਨ੍ਹਾਂ ਦੇ ਨਾਲ ਬਾਥਰੂਮ ਵੀ ਅਟੈਚ ਕੀਤੇ ਗਏ ਹਨ। ਸੂਬੇ ਦੀਆਂ ਤਿੰਨ ਜੇਲ੍ਹਾਂ ਗੋਇਦਵਾਲਾ ਸਾਹਿਬ, ਬਠਿੰਡਾ ਦੀ ਜਨਾਨਾ ਜੇਲ੍ਹ ਤੇ ਨਾਭਾ ਦੀ ਨਵੀਂ ਜੇਲ੍ਹ ਵਿਚ ਇਹ ਸਹੂਲਤ ਅੱਜ ਤੋਂ ਸ਼ੁਰੂ ਹੋ ਗਈ ਹੈ ਜਦੋਂਕਿ ਆਉਣ ਵਾਲੇ ਦਿਨਾਂ ‘ਚ ਪੰਜਾਬ ਦੀਆਂ ਹੋਰਨਾਂ ਜੇਲ੍ਹਾਂ ਵਿਚ ਵੀ ਇਹ ਸਕੀਮ ਲਾਗੂ ਕੀਤੀ ਜਾਵੇਗੀ। ਪਤਾ ਲੱਗਿਆ ਹੈ ਕਿ ਇਸ ਸਕੀਮ ਦੇ ਅੱਜ ਪਹਿਲੇ ਦਿਨ ਲਾਗੂ ਹੁੰਦੇ ਹੀ ਬਠਿੰਡਾ ਦੀ ਜਨਾਨਾ ਜੇਲ੍ਹ ’ਚ ਬੰਦ ਚਾਰ ਹਵਾਲਾਤਣਾਂ ਨੇ ਅਪਣੇ ਪਤੀਆਂ ਨਾਲ ਲੰਮਾ ਸਮਾਂ ਬਿਤਾਇਆ। ਜੇਲ੍ਹ ਵਿਭਾਗ ਦੇ ਸੂਤਰਾਂ ਮੁਤਾਬਕ ਨਿੱਜੀ ਮੁਲਾਕਾਤਾਂ ਤੋਂ ਬਾਅਦ ਉਹ ਕਾਫ਼ੀ ਖ਼ੁਸ ਨਜ਼ਰ ਆ ਰਹੀਆਂ ਸਨ। ਗੌਰਤਲਬ ਹੈ ਕਿ ਜੇਲ੍ਹਾਂ ’ਚ ਬੰਦ ਪਤੀ ਜਾਂ ਪਤਨੀ ਨਾਲ ਨਿੱਜੀ ਤੌਰ ’ਤੇ ਸਮਾਂ ਬਿਤਾਉਣ ਦੀ ਸਹੂਲਤ ਦੇਣ ਵਾਲਾ ਪੰਜਾਬ ਦੇਸ ਦਾ ਪਹਿਲਾਂ ਸੂਬਾ ਹੈ। ਉਝ ਅਮਰੀਕਾ, ਜਰਮਨ, ਕੈਨੇਡਾ, ਡੈਨਮਾਰਕ ਤੇ ਇੱਥੋਂ ਤੱਕ ਪਾਕਿਸਤਾਨ ਵਰਗੇ ਕਈ ਹੋਰ ਦੇਸਾਂ ’ਚ ਇਹ ਸਕੀਮ ਪਹਿਲਾਂ ਤੋਂ ਹੀ ਚੱਲ ਰਹੀ ਹੈ, ਜਿੱਥੇ ਲੰਮੇ ਸਮੇਂ ਤੋਂ ਬੰਦ ਕੈਦੀਆਂ ਨੂੰ ਅਪਣੇ ਪ੍ਰਵਾਰਾਂ ਨਾਲ ਸਮਾਂ ਬਿਤਾਉਣ ਲਈ ਮੌਕੇ ਦਿੱਤੇ ਜਾਂਦੇ ਹਨ। ਉਧਰ ਪੰਜਾਬ ਦੇ ਜੇਲ੍ਹ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਸਹੂਲਤ ਸਿਰਫ ਉਨ੍ਹਾਂ ਕੈਦੀਆਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਨੇ ਜੇਲ੍ਹ ਵਿਚ ਚੰਗਾ ਵਿਹਾਰ ਦਿਖਾਇਆ ਹੋਵੇਗਾ। ਅਜਿਹੇ ਕੈਦੀਆਂ ਜਾਂ ਹਵਾਲਾਤੀਆਂ ਨੂੰ ਅਪਣੇ ਪਤੀ ਜਾਂ ਪਤਨੀ ਨਾਲ ਸਮਾਂ ਬਿਤਾਉਣ ਲਈ ਦੋ ਘੰਟੇ ਵਾਸਤੇ ਪ੍ਰਾਈਵੇਟ ਕਮਰਾ ਦਿੱਤਾ ਜਾਵੇਗਾ, ਜਿੱਥੇ ਉਹ ਘਰ ਵਰਗਾ ਮਹਿਸੂਸ ਕਰਨਗੇ। ਜਦੋਂਕਿ ਗੈਂਗਸਟਰਾਂ, ਅੱਤਵਾਦੀਆਂ, ਵੱਡੇ ਨਸ਼ਾ ਤਸਕਰਾਂ, ਨਾਬਾਲਿਗ ਬੱਚਿਆਂ ਨਾਲ ਜਿਨਸੀ ਸੋਸਣ ਦੇ ਮਾਮਲੇ ’ਚ ਬੰਦ ਕੈਦੀਆਂ ਜਾਂ ਹਵਾਲਾਤੀਆਂ ਨੂੰ ਇਹ ਸਹੂਲਤ ਨਹੀਂ ਮਿਲੇਗੀ। ਕੈਦੀ ਆਪਣੀ ਪਤਨੀ ਨਾਲ ਦੋ ਘੰਟੇ ਬਿਤਾ ਸਕਣਗੇ। ਇਸ ਕਮਰੇ ਵਿਚ ਪਖਾਨੇ ਦੀ ਸਹੂਲਤ ਵੀ ਦਿੱਤੀ ਜਾਵੇਗੀ
ਪਤੀ-ਪਤਨੀ ਨਾਲ ਮਿਲਣ ਲਈ ਦੇਣੇ ਪੈਣਗੇ ਇਹ ਸਬੂਤ
ਚੰਡੀਗੜ੍ਹ: ਇਸ ਸਹੂਲਤ ਦਾ ਫ਼ਾਈਦਾ ਉਠਾਉਣ ਲਈ ਜੇਲ੍ਹ ’ਚ ਬੰਦ ਪਤੀ ਜਾਂ ਪਤਨੀ ਨੂੰ ਪਹਿਲਾਂ ਮੁਲਾਕਾਤ ਦੀ ਇਜ਼ਾਜਤ ਲੈਣ ਲਈ ਲਿਖ਼ਤੀ ਤੌਰ ’ਤੇ ਦੇਣਾ ਪਏਗਾ, ਜਿਸਤੋਂ ਬਾਅਦ ਇਜ਼ਾਜਤ ਮਿਲਣ ’ਤੇ ਉਨ੍ਹਾਂ ਨੂੰ ਮਿਲਣ ਆਉਣ ਵਾਲਿਆਂ ਨੂੰ ਮੈਰਿਜ ਸਰਟੀਫ਼ਿਕੇਟ, ਆਧਾਰ ਕਾਰਡ ਤੋਂ ਇਲਾਵਾ ਇੱਕ ਹਫ਼ਤਾ ਦੇ ਅੰਦਰ ਬਣਿਆ ਹੋਇਆ ਉਹ ਮੈਡੀਕਲ ਸਰਟੀਫਿਕੇਟ ਵੀ ਦੇਣਾ ਪਏਗਾ, ਜਿਸ ਵਿਚ ਇਹ ਤਸਦੀਕ ਕੀਤਾ ਹੋਵੇਗਾ ਕਿ ਉਹ ਏਡਜ਼, ਟੀਬੀ, ਕਰੋਨਾ ਜਾਂ ਹੋਰ ਕੋਈ ਭਿਆਨਕ ਬੀਮਾਰੀ ਦਾ ਸਿਕਾਰ ਨਹੀਂ। ਵੱਡੀ ਗੱਲ ਇਹ ਵੀ ਹੈ ਕਿ ਇਸ ਸਹੂਲਤ ਬਦਲੇ ਨਾ ਤਾਂ ਜੇਲ੍ਹ ਅੰਦਰ ਬੰਦ ਕੈਦੀ ਜਾਂ ਹਵਾਲਾਤੀ ਤੇ ਨਾ ਹੀ ਉਸਨੂੰ ਮਿਲਣ ਆਏ ਉਸਦੇ ਪਤੀ ਜਾਂ ਪਤਨੀ ਨੂੰ ਕੋਈ ਪੈਸਾ ਖ਼ਰਚਣਾ ਪਏਗਾ। ਇਹ ਵੀ ਦਸਣਾ ਜਰੂਰੀ ਹੈ ਕਿ ਜੇਲ੍ਹ ਵਿਭਾਗ ਵਲੋਂ ਬਣਾਏ ਨਿਯਮਾਂ ਤਹਿਤ ਪਹਿਲ ਉਨ੍ਹਾਂ ਕੈਦੀਆਂ ਨੂੰ ਹੀ ਦਿੱਤੀ ਜਾਵੇਗੀ, ਜੋ ਲੰਮੇ ਸਮੇਂ ਤੋਂ ਬੰਦ ਹਨ ਤੇ ਉਨ੍ਹਾਂ ਨੂੰ ਪੈਰੋਲ ਵੀ ਨਹੀਂ ਮਿਲੀ ਹੈ ਅਤੇ ਉਨ੍ਹਾਂ ਦਾ ਜੇਲ੍ਹ ਅੰਦਰ ਵਿਵਹਾਰ ਸਹੀਂ ਹੈ।
ਆਉਣ ਵਾਲੇ ਦਿਨਾਂ ’ਚ ਇੰਨ੍ਹਾਂ ਜੇਲ੍ਹਾਂ ਅੰਦਰ ਵੀ ਮਿਲੇਗੀ ਇਹ ਸਹੂਲਤ
ਚੰਡੀਗੜ੍ਹ: ਹਾਲਾਂਕਿ ਪੰਜਾਬ ਸਰਕਾਰ ਦੇ ਜੇਲ੍ਹ ਵਿਭਾਗ ਨੇ 20 ਸਤੰਬਰ ਤੋਂ ਇਹ ਸਹੂਲਤ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ, ਜ਼ਿਲ੍ਹਾ ਜੇਲ੍ਹ ਨਾਭਾ ਤੇ ਬਠਿੰਡਾ ਦੀ ਜਨਾਨਾ ਜੇਲ੍ਹ ਵਿਚ ਸ਼ੁਰੂ ਕੀਤੀ ਹੈ ਪ੍ਰੰਤੂ ਪਤਾ ਲੱਗਿਆ ਹੈ ਕਿ 25 ਸਤੰਬਰ ਤੋਂ ਇਹ ਸਹੂਲਤ ਕੇਂਦਰੀ ਜੇਲ੍ਹ ਸ਼੍ਰੀ ਅੰਮਿ੍ਰਤਸਰ ਸਾਹਿਬ ਤੇ ਫ਼ਰੀਦਕੋਟ ਤੋਂ ਇਲਾਵਾ ਜ਼ਿਲ੍ਹਾ ਜੇਲ੍ਹ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੀ ਮਿਲਣੀ ਸ਼ੁਰੂ ਹੋ ਜਾਵੇਗੀ। ਇਸੇ ਤਰ੍ਹਾਂ 30 ਸਤੰਬਰ ਤੋਂ ਕੇਂਦਰੀ ਜੇਲ੍ਹ ਬਠਿੰਡਾ, ਗੁਰਦਾਸਪੁਰ ਤੇ ਜਿਲ੍ਹਾ ਜੇਲ੍ਹ ਮਾਨਸਾ ਵਿਖੇ ਵੀ ਕੈਦੀ ਅਪਣੇ ਪਤੀ ਜਾਂ ਪਤਨੀ ਨਾਲ ਸਮਾਂ ਬਿਤਾ ਸਕਣਗੇ।
ਜੇਲ੍ਹ ਵਿਭਾਗ ਵਲੋਂ ‘ਗਲਵਕੜੀ’ ਸਕੀਮ ਵੀ ਕੀਤੀ ਹੋਈ ਹੈ ਸ਼ੁਰੂ
ਚੰਡੀਗੜ੍ਹ: ਕੈਦੀਆਂ ਨੂੰ ਸੁਧਾਰਨ ’ਚ ਲੱਗੇ ਜੇਲ੍ਹ ਵਿਭਾਗ ਨੇ ਕੁੱਝ ਦਿਨ ਪਹਿਲਾਂ ਇੱਕ ਹੋਰ ਸਕੀਮ ਸ਼ੁਰੂ ਕੀਤੀ ਸੀ, ਜਿਸਨੂੰ ਗੱਲਵਕੜੀ ਸਹੂਲਤ ਦਾ ਨਾਮ ਦਿੱਤਾ ਗਿਆ ਹੈ। ਇਸ ਸਹੂਲਤ ਦੇ ਤਹਿਤ ਜੇਲ੍ਹਾਂ ਅੰਦਰ ਬੰਦ ਕੈਦੀਆਂ ਜਾਂ ਹਵਾਲਾਤੀਆਂ ਨੂੰ ਉਨ੍ਹਾਂ ਦੇ ਪ੍ਰਵਾਰਕ ਮੈਂਬਰ ਹੁਣ ਜੰਗਲਿਆਂ ਰਾਹੀਂ ਨਹੀਂ, ਬਲਕਿ ਆਹਮੋ-ਸਾਹਮਣੇ ਬੈਠ ਕੇ ਨਾ ਸਿਰਫ਼ ਮਿਲ ਸਕਦੇ ਹਨ, ਬਲਕਿ ਉਨ੍ਹਾਂ ਨੂੰ ਗੱਲਵਕੜੀ ਵੀ ਪਾ ਸਕਦੇ ਹਨ। ਜੇਲ੍ਹ ਅਧਿਕਾਰੀਆਂ ਨੇ ਦਸਿਆ ਕਿ ਗੱਲਵਕੜੀ ਸਕੀਮ ਸ਼ੁਰੂ ਹੋਣ ਤੋਂ ਬਾਅਦ ਜੇਲ੍ਹਾਂ ਅੰਦਰ ਕਈ ਕਈ ਸਾਲਾਂ ਬਾਅਦ ਪ੍ਰਵਾਰਾਂ ਨੂੰ ਮਿਲਣ ਸਮੇਂ ਕਾਫ਼ੀ ਭਾਵੁਕ ਮਾਹੌਲ ਬਣਦਾ ਹੈ, ਜਿਸਦਾ ਕੈਦੀਆਂ ਤੇ ਹਵਾਲਾਤੀਆਂ ਉਪਰ ਵੀ ਚੰਗਾ ਪ੍ਰਭਾਵ ਪੈਂਦਾ ਹੈ।
ਜੇਲ੍ਹ ਵਿਭਾਗ ਦਾ ਨੇਕ ਉਪਰਾਲਾ, ਮਿਲਿਆ ਭਰਵਾਂ ਹੂੰਗਾਰਾ: ਡੀਆਈਜੀ ਜੇਲ੍ਹਾਂ
ਚੰਡੀਗੜ੍ਹ: ਜੇਲ੍ਹ ਵਿਭਾਗ ਦੇ ਡੀਆਈਜੀ ਤੇਜਿੰਦਰ ਸਿੰਘ ਮੋੜ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ‘‘ ਇਹ ਜੇਲ੍ਹ ਵਿਭਾਗ ਦਾ ਨੇਕ ਉਪਰਾਲਾ ਹੈ, ਜਿਸਨੂੰ ਪਹਿਲੇ ਦਿਨ ਭਰਵਾਂ ਹੂੰਗਾਰਾ ਮਿਲਿਆ ਹੈ। ’’ ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਪ੍ਰਵਾਰਾਂ ਨੂੰ ਇਕਜੁਟ ਰੱਖਣ ਤੇ ਜੇਲ੍ਹ ਅੰਦਰ ਬੰਦੀਆਂ ਨੂੰ ਸਮਾਜ ਨਾਲ ਜੋੜੀ ਰੱਖਣ ਦੀ ਪਹਿਲਕਦਮੀ ਹੈ। ਡੀਆਈਜੀ ਮੋੜ ਨੇ ਇਹ ਵੀ ਪੁਸ਼ਟੀ ਕੀਤੀ ਕਿ ਬਠਿੰਡਾ ਦੀ ਜਨਾਨਾ ਜੇਲ੍ਹ ’ਚ ਬੰਦ ਚਾਰ ਮਹਿਲਾਵਾਂ ਨੂੰ ਉਨ੍ਹਾਂ ਦੇ ਪਤੀ ਮਿਲਣ ਆਏ ਸਨ।
Share the post "ਪੰਜਾਬ ਦੀਆਂ ਜੇਲ੍ਹਾਂ ‘ਚ ਬੰਦ ਕੈਦੀਆਂ ਨੂੰ ਹੁਣ ਪਤੀ ਜਾਂ ਪਤਨੀ ਨਾਲ ਸਮਾਂ ਬਿਤਾਉਣ ਲਈ ਮਿਲਣਗੇ ਕਮਰੇ"