ਸੁਖਜਿੰਦਰ ਮਾਨ
ਬਠਿੰਡਾ, 9 ਮਈ : ਪੰਜਾਬ ਪੁਲਿਸ ਵਲੋਂ ਸੂਬੇ ਭਰ ਵਿਚ ਸ਼ੁਰੂ ਕੀਤੀ ਦੋ ਰੋਜ਼ਾ ਚੌਕਸੀ ਮੁਹਿੰਮ ਤਹਿਤ ਅੱਜ ਬਠਿੰਡਾ ਪੁਲਿਸ ਵਲੋਂ ਸ਼ਹਿਰ ’ਚ ਫਲੈਗ ਮਾਰਚ ਕੱਢਣ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ਦੀ ਚੈਕਿੰਗ ਕੀਤੀ ਗਈ। ਇਸਦੇ ਲਈ ਬਕਾਇਦਾ ਤੌਰ ‘ਤੇ ਬਠਿੰਡਾ ਪੁੱਜੇ ਏਡੀਜੀਪੀ ਨਰੇਸ ਅਰੋੜਾ ਦੀ ਅਗਵਾਈ ਹੇਠ ਪੁਲਿਸ ਵਲੋਂ ਲੋਕਾਂ ’ਚ ਕਾਨੂੰਨ ਵਿਚ ਵਿਸਵਾਸ ਪੈਦਾ ਕਰਨ ਅਤੇ ਗੈਰ ਸਮਾਜੀ ਅਨਸਰਾਂ ਨੂੰ ਨੱਥ ਪਾਉਣ ਦਾ ਸੁਨੇਹਾ ਦਿੱਤਾ ਗਿਆ। ਸਥਾਨਕ ਸ਼ਹਿਰ ਦੇ ਫ਼ਾਈਰ ਬ੍ਰਿਗੇਡ ’ਚ ਇਕੱਤਰ ਹੋਣ ਤੋਂ ਬਾਅਦ ਪੁਲਿਸ ਵਲੋਂ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਗਿਆ। ਇਸਤੋਂ ਇਲਾਵਾ ਸ਼ਹਿਰ ਦੇ ਇੱਕ ਮਸਹੂਰ ਮਾਲ, ਹੋਟਲ, ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ ਜਨਤਕ ਥਾਵਾਂ ਅਤੇ ਬਜ਼ਾਰਾਂ ’ਚ ਕਿਸੇ ਘਟਨਾ ਨਾਲ ਨਜਿੱਠਣ ਲਈ ਵਿਸੇਸ ਤੌਰ ’ਤੇ ਚੈਕਿੰਗ ਵੀ ਕੀਤੀ ਗਈ। ਇਸ ਮੌਕੇ ਏਡੀਜੀਪੀ ਨਰੇਸ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਗੈਰ ਸਮਾਜੀ ਅਨਸਰਾਂ ਵਿਚ ਕਾਨੂੰਨ ਦਾ ਭੈਅ ਪੈਦਾ ਕਰਨਾ ਹੈ ਜਦੋਂਕਿ ਆਮ ਲੋਕਾਂ ਵਿਚ ਪੰਜਾਬ ਪੁਲਿਸ ਦਾ ਵਿਸਵਾਸ ਬਹਾਲ ਰੱਖਣਾ ਹੈ। ਅਰੋੜਾ ਨੇ ਅੱਗੇ ਕਿਹਾ ਕਿ ਇਸ ਦੋ ਰੋਜ਼ਾ ਮੁਹਿੰਮ ਦੌਰਾਨ ਪੰਜਾਬ ਪੁਲਿਸ ਵਿਸੇਸ ਤੌਰ ‘ਤੇ ਚੌਕੰਨੀ ਹੋ ਕੇ ਕੰਮ ਕਰੇਗੀ ਅਤੇ ਜਨਤਕ ਥਾਵਾਂ ਵਿਖੇ ਡਰਿੱਲਾਂ ਕੀਤੀਆਂ ਜਾਣਗੀਆਂ। ਇਸ ਮੌਕੇ ਬਠਿੰਡਾ ਪੁਲਿਸ ਦੇ ਉਚ ਅਧਿਕਾਰੀਆਂ ਐਸ.ਪੀ ਅਜੈ ਗਾਂਧੀ, ਐਚ.ਐਸ.ਸੰਘਾ, ਡੀਐਸਪੀ ਸਿਟੀ ਵਿਸਵਜੀਤ ਸਿੰਘ ਮਾਨ ਸਹਿਤ ਸ਼ਹਿਰ ਦੇ ਸਮੂਹ ਥਾਣਿਆਂ ਦੇ ਮੁਖੀ ਅਤੇ ਵੱਡੀ ਤਾਦਾਦ ਵਿਚ ਪੁਲਿਸ ਫ਼ੌਰਸ ਵੀ ਮੌਜੂਦ ਰਹੀ।
Share the post "ਪੰਜਾਬ ਪੁਲਿਸ ਦੀ ਦੋ ਰੋਜ਼ਾ ਚੌਕਸੀ ਮੁਹਿੰਮ, ਬਠਿੰਡਾ ਪੁਲਿਸ ਨੇ ਥਾਂ-ਥਾਂ ਕੀਤੀ ਚੈਕਿੰਗ"