ਸੁਖਜਿੰਦਰ ਮਾਨ
ਬਠਿੰਡਾ, 2 ਫ਼ਰਵਰੀ: ਪਿਛਲੇ ਦਿਨੀਂ ਦਿੱਲੀ ‘ਚ ਵਾਪਰੀ ਗੈਂਗਰੇਪ ਦੀ ਘਟਨਾ ਦੇ ਵਿਰੋਧ ਵਿਚ ਅੱਜ ਪੀਐਸਯੂ ਵਲੋਂ ਸਥਾਨਕ ਸਰਕਾਰੀ ਰਜਿੰਦਰਾ ਕਾਲਜ਼ ਦੇ ਗੇਟ ਅੱਗੇ ਕੇਂਦਰ ਸਰਕਾਰ ਦਾ ਪੁਤਲਾ ਫ਼ੂਕਿਆ ਗਿਆ | ਯੂਨੀਅਨ ਦੇ ਜ਼ਿਲ੍ਹਾ ਆਗੂ ਰਜਿੰਦਰ ਢਿਲਵਾਂ ਅਤੇ ਮਨਦੀਪ ਬਾਜਾਖਾਨਾ ਨੇ ਦੱਸਿਆ ਕਿ ਛੱਬੀ ਜਨਵਰੀ ਜਦੋਂ ਕੇਂਦਰ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਜਮਹੂਰੀਅਤ ਦਾ ਢੌਂਗ ਰਚਿਆ ਜਾ ਰਿਹਾ ਸੀ ਤਾਂ ਦੂਜੇ ਪਾਸੇ ਦਿੱਲੀ ਵਿੱਚ ਇਕ 21 ਸਾਲਾ ਲੜਕੀ ਨਾਲ ਗੈੰਗਰੇਪ ਵਰਗੀ ਅਣਮਨੁੱਖੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦਾ ਨਾਅਰਾ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਔਰਤਾਂ ਖਿਲਾਫ ਵਾਪਰ ਰਹੀਆਂ ਘਟਨਾਵਾਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ,ਪਰ ਭਾਰਤ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਕਿਸੇ ਵੀ ਕਿਸਮ ਦੇ ਸਖਤ ਕਦਮ ਨਹੀਂ ਚੁੱਕੇ ਜਾ ਰਹੇ ਜਿਸ ਤੋਂ ਸਰਕਾਰ ਦੀ ਔਰਤ ਵਿਰੋਧੀ ਮਾਨਸਿਕਤਾ ਸਾਫ ਤੌਰ ਤੇ ਝਲਕਦੀ ਹੈ | ਪੀਐਸਯੂ ਦੇ ਕਾਲਜ ਕਮੇਟੀ ਪ੍ਰਧਾਨ ਅਰਸਦੀਪ ਕੌਰ ਨੇ ਦੱਸਿਆ ਕਿ ਦਿੱਲੀ ਚ ਵਾਪਰੀ ਇਸ ਘਟਨਾ ਪਿੱਛੇ ਭਾਜਪਾ ਦਾ ਰਾਹ ਦਰਸਾਵਾ ਕਰਨ ਵਾਲੇ ਫ਼ਿਰਕੂ ਸੰਘ ਆਰ.ਐੱਸ.ਐੱਸ ਦਾ ਘੱਟ ਗਿਣਤੀਆਂ ਤੇ ਔਰਤ ਵਿਰੋਧੀ ਏਜੰਡਾ ਕੰਮ ਕਰ ਰਿਹਾ ਹੈ | ਇਸ ਮੌਕੇ ਕਾਲਜ ਕਮੇਟੀ ਮੈੰਬਰ ਰੀਮਾ,ਵੀਰਪਾਲ,ਹੁਸਨਦੀਪ ਕੌਰ,ਰੇਨੂੰ,ਗੁਰਪ੍ਰੀਤ ਸਿੰਘ ਆਦਿ ਹਾਜਰ ਸਨ |
Share the post "ਪੰਜਾਬ ਸਟੂਡੈਂਟਸ ਯੂਨੀਅਨ ਦੇ ਸੱਦੇ ਤਹਿਤ ਦਿੱਲੀ ਗੈਂਗਰੇਪ ਦੇ ਵਿਰੋਧ ‘ਚ ਕੇਂਦਰ ਦਾ ਪੁਤਲਾ ਫੂਕਿਆ"