ਬਾਦਲਾਂ ਵਿਰੁਧ ਅਦਾਲਤ ’ਚ ਪੇਸ਼ ਕੀਤੇ ਚਲਾਨ ’ਤੇ ਪ੍ਰਗਟਾਈ ਖ਼ੁਸੀ
ਸੁਖਜਿੰਦਰ ਮਾਨ
ਬਠਿੰਡਾ, 25 ਫਰਵਰੀ: ਬੀਤੇ ਕੱਲ ਵਿਸੇਸ ਜਾਂਚ ਟੀਮ ਵਲੋਂ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ’ਚ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ’ਤੇ ਖ਼ੁਸੀ ਜਾਹਰ ਕਰਦਿਆਂ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪੰਜਾਬ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਜੇਕਰ ਉਹ ਬੇਅਦਬੀ ਅਤੇ ਗੋਲੀਕਾਂਡ ਦੇ ਕੇਸ ’ਚ ਗੰਭੀਰ ਹੈ ਤਾਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇ। ਅੱਜ ਬਠਿੰਡਾ ਦੇ ਸਰਕਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਭਾਈ ਮੰਡ ਨੇ ਵਿਸੇਸ ਜਾਂਚ ਟੀਮ ਵੱਲੋਂ ਪੇਸ਼ ਕੀਤੇ ਚਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ‘‘ਇਕੱਲੇ ਚਲਾਨ ਪੇਸ਼ ਕਰਨ ਨਾਲ ਸਿੱਖ ਕੌਮ ਦਾ ਢਿੱਡ ਨਹੀਂ ਭਰਨਾ, ਕਿਉਂਕਿ ਜਦ ਤੱਕ ਅਸਲੀ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਤਦ ਤੱਕ ਸਿੱਖ ਕੌਮ ਦੇ ਜਖਮਾਂ ’ਤੇ ਮੱਲਮ ਨਹੀਂ ਲੱਗਣੀ ਹੈ। ’’ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਡੀਜੀਪੀ ਸੁਮੇਧ ਸੈਣੀ ਸਮੇਤ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿਹਾ ਕਿ ਬੇਅਦਬੀ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਬਰਗਾੜੀ ਵਿਖੇ ਪੰਥਕ ਧਿਰਾਂ ਦੇ ਸਹਿਯੋਗ ਨਾਲ ਲੰਬਾ ਮੋਰਚਾ ਚੱਲਿਆ ਜਿਸ ਦੀ ਵੱਡੀ ਪ੍ਰਾਪਤੀ ਸਾਹਮਣੇ ਆਈ ਹੈ ਪਰ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫੈਸਲੇ ਨੂੰ ਅਮਲੀ ਰੂਪ ਦੇਵੇ। ਇਸ ਮੌਕੇ ਉਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਨ ਸਰਕਾਰ ਸਪੈਸ਼ਲ ਸੈਸਨ ਬੁਲਾਵੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮਤਾ ਪਾਸ ਕੀਤਾ ਜਾਵੇ ਫੇਰ ਦੇਖਾਂਗੇ ਕਿਹੜੀ ਪਾਰਟੀ ਦਾ ਵਿਧਾਇਕ ਵਿਰੋਧ ਕਰਦਾ ਹੈ। ਬੀਤੇ ਦਿਨ ਅਜਨਾਲਾ ਵਿਖੇ ਥਾਣੇ ਤੇ ਕਬਜ਼ਾ ਕਰਨ ਅਤੇ ਪਾਲਕੀ ਸਾਹਿਬ ਵਿੱਚ ਗੁਰੂ ਸਾਹਿਬ ਦੇ ਸਰੂਪ ਮੌਕੇ ਵਾਪਰੀ ਘਟਨਾ ਤੇ ਬੋਲਦਿਆਂ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਕੋਮ ਲੜਾਈ ਲੜਨ ਲੱਗੇ ਅਰਦਾਸ ਕਰਕੇ ਜਾਂਦੀਆਂ ਹਨ ਪਰ ਇਸ ਤਰਾਂ ਥਾਣਿਆਂ ਵਿੱਚ ਨਿੱਜੀ ਲੜਾਈ ਲਈ ਪਾਲਕੀ ਸਾਹਿਬ ਵਿੱਚ ਗੁਰੂ ਸਾਹਿਬ ਲੈ ਕੇ ਜਾਣਾ ਠੀਕ ਨਹੀਂ, ਉਮੀਦ ਕਰਦੇ ਹਾਂ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ ਕਿਉਂਕਿ ਗੁਰੂ ਦਾ ਸਤਿਕਾਰ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ, ਰਣਜੀਤ ਸਿੰਘ ਸਮੇਤ ਕਈ ਆਗੂ ਹਾਜਰ ਸਨ।
Share the post "ਪੰਜਾਬ ਸਰਕਾਰ ਜੇ ਬੇਅਦਬੀ ਕਾਂਡ ’ਚ ਗੰਭੀਰ ਤਾਂ ਦੋਸ਼ੀਆਂ ਨੂੰ ਕਰੇ ਤੁਰੰਤ ਗ੍ਰਿਫਤਾਰ: ਭਾਈ ਮੰਡ"