ਵਿੱਤ ਮੰਤਰੀ ਵੱਲੋਂ ਵਿਭਾਗਾਂ ਵੱਲੋਂ ਫੰਡਾਂ ਦੀ ਵਰਤੋਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ
ਫੰਡਾਂ ਦੀ ਵਰਤੋਂ ਦੀ ਸਮੀਖਿਆ ਲਈ ਮੁੱਖ ਵਿਭਾਗਾਂ ਨਾਲ ਮਹੀਨਾਵਾਰ ਮੀਟਿੰਗ ਹੋਇਆ ਕਰੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 19 ਅਕਤੂਬਰ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਅਤੇ ਭਲਾਈ ਸਕੀਮਾਂ ਲਈ ਮੁਹੱਈਆ ਕਰਵਾਏ ਗਏ ਫੰਡਾਂ ਦੀ ਸਮੇਂ ਸਿਰ ਵਰਤੋਂ ਨੂੰ ਯਕੀਨੀ ਬਣਾਉਣ ਤਾਂ ਜੋ ਸੂਬੇ ਦੇ ਸਰਵਪੱਖੀ ਵਿਕਾਸ ਵਿੱਚ ਤੇਜੀ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਮੱਠੀ ਰਫਤਾਰ ਜਾਂ ਭਲਾਈ ਸਕੀਮਾਂ ਦੀ ਸਪੁਰਦਗੀ ਵਿੱਚ ਦੇਰੀ ਕਾਰਨ ਫੰਡਾਂ ਦੇ ਅਣਵਰਤੇ ਰਹਿ ਜਾਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਵਿੱਤ ਮੰਤਰੀ ਨੇ ਅੱਜ ਇੱਥੇ ਵਿਤ ਤੇ ਯੋਜਨਾ ਭਵਨ ਵਿਖੇ ਸਿਹਤ ਅਤੇ ਪਰਿਵਾਰ ਭਲਾਈ, ਸਥਾਨਕ ਸਰਕਾਰਾਂ, ਟਰਾਂਸਪੋਰਟ ਅਤੇ ਜਲ ਸਰੋਤ ਵਿਭਾਗ ਨਾਲ ਵਿਭਾਗੀ ਸਮੀਖਿਆ ਮੀਟਿੰਗਾਂ ਦੌਰਾਨ ਇਹ ਨਿਰਦੇਸ ਦਿੱਤੇ। ਵਿੱਤ ਮੰਤਰੀ ਨੇ ਬਜਟ ਪ੍ਰਬੰਧਾਂ ਅਤੇ ਵੱਖ-ਵੱਖ ਰਾਜ ਅਤੇ ਕੇਂਦਰ ਸਪਾਂਸਰਡ ਸਕੀਮਾਂ ਤਹਿਤ ਇਨ੍ਹਾਂ ਵਿਭਾਗਾਂ ਨੂੰ ਮੁਹੱਈਆ ਕਰਵਾਏ ਫੰਡਾਂ ਦੀ ਵਰਤਮਾਨ ਸਥਿਤੀ ਦੀ ਸਮੀਖਿਆ ਕੀਤੀ। ਸ. ਹਰਪਾਲ ਸਿੰਘ ਚੀਮਾ ਨੇ ਵਿੱਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਹਾਜਰੀ ਵਿੱਚ ਉੱਚ ਪੱਧਰੀ ਮੀਟਿੰਗਾਂ ਦੀ ਲੜੀ ਦੌਰਾਨ ਵਿਭਾਗਾਂ ਦੇ ਮੁਖੀਆਂ ਨੂੰ ਸਾਰੇ ਚੱਲ ਰਹੇ ਪ੍ਰੋਜੈਕਟਾਂ ਦੀ ਨਿਯਮਤ ਸਮੀਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ। ਵਿੱਤ ਮੰਤਰੀ ਨੇ ਦੁਹਰਾਇਆ ਕਿ ਸੂਬੇ ਦਾ ਤੇਜੀ ਨਾਲ ਵਿਕਾਸ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਵਿੱਤ ਮੰਤਰੀ ਸ. ਚੀਮਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਜਿਆਦਾਤਰ ਵਿਭਾਗਾਂ ਨੇ ਆਪਣੇ ਕੰਮਕਾਜ ਵਿੱਚ ਸੁਧਾਰ ਕਰ ਲਿਆ ਹੈ, ਜਿਸ ਨਾਲ ਵਿਕਾਸ ਕਾਰਜਾਂ ਅਤੇ ਫੰਡਾਂ ਦੀ ਵਰਤੋਂ ਦੀ ਰਫਤਾਰ ਵਿੱਚ ਵਾਧਾ ਹੋਇਆ ਹੈ, ਜਦਕਿ ਕੁਝ ਵਿਭਾਗਾਂ ਦੀ ਕਾਰਗੁਜਾਰੀ ਤਸੱਲੀਬਖਸ ਨਹੀਂ ਹੈ ਅਤੇ ਉਨ੍ਹਾਂ ਕੋਲ ਕਰੋੜਾਂ ਰੁਪਏ ਦੇ ਫੰਡ ਆਪਣੀ ਯੋਗ ਵਰਤੋਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਸਾਰੇ ਵਿਭਾਗਾਂ ‘ਤੇ ਪੂਰੀ ਨਜਰ ਰੱਖੇਗਾ ਅਤੇ ਉਹ ਨਿੱਜੀ ਤੌਰ ‘ਤੇ ਪ੍ਰਮੁੱਖ ਵਿਭਾਗਾਂ ਦੀ ਮਹੀਨਾਵਾਰ ਸਮੀਖਿਆ ਮੀਟਿੰਗ ਕਰਕੇ ਉਨ੍ਹਾਂ ਦੀ ਕਾਰਗੁਜਾਰੀ ਵਿੱਚ ਸੁਧਾਰ ਦਾ ਅਧਿਐਨ ਕਰਨਗੇ।ਵਿੱਤ ਮੰਤਰੀ ਨੇ ਜਨਤਕ ਵਿੱਤ ਪ੍ਰਬੰਧਾਂ ਵਿੱਚ ਪਾਰਦਰਸਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਵਿਭਾਗਾਂ ਨੂੰ ਸਾਰੇ ਸਰਗਰਮ ਬੈਂਕ ਖਾਤਿਆਂ ਦੇ ਵੇਰਵਿਆਂ ਅਤੇ ਫੰਡਾਂ ਦਾ ਈ.ਡੀ.ਐਮ.ਐਸ. ਪੋਰਟਲ ‘ਤੇ ਖੁਲਾਸਾ ਕਰਨ ਦੇ ਵੀ ਨਿਰਦੇਸ ਦਿੱਤੇ।
Share the post "ਫੰਡ ਲੈਪਸ ਨਹੀਂ ਹੋਣੇ ਚਾਹੀਦੇ, ਵਿਕਾਸ ਕਾਰਜਾਂ ਦੀ ਮੱਠੀ ਰਫਤਾਰ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ-ਚੀਮਾ"