6 Views
ਇਕ ਸਾਬਕਾ ਵਿਧਾਇਕ ਜਲਦ ਹੋ ਸਕਦਾ ਹੈ ਕਾਂਗਰਸ ਵਿਚ ਸਾਮਲ
ਸੁਖਜਿੰਦਰ ਮਾਨ
ਬਠਿੰਡਾ, 5 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਆਉਣ ਵਾਲੇ ਇੱਕ-ਦੋ ਦਿਨਾਂ ਦੌਰਾਨ ਬਠਿੰਡਾ ‘ਚ ਵੱਡਾ ਸਿਆਸੀ ਝਟਕਾ ਲੱਗਣ ਜਾ ਰਿਹਾ ਹੈ। ਜ਼ਿਲੇ ਵਿਚ ਚੰਗੀ ਪਕੜ ਰੱਖਣ ਵਾਲੇ ਇੱਕ ਸਾਬਕਾ ਵਿਧਾਇਕ ਵਲੋਂ ‘ਤੱਕੜੀ’ ਵਿਚੋਂ ਉਤਰ ਕੇ ਕਾਂਗਰਸ ਦੇ ‘ਪੰਜੇ’ ਨਾਲ ਹੱਥ ਮਿਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਕਈ ਵਾਰ ਵਿਧਾਇਕ ਰਹੇ ਇਸ ਅਕਾਲੀ ਆਗੂ ਨੂੰ ਕਾਂਗਰਸ ਵਿਚ ਲਿਆਉਣ ਲਈ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਪਹਿਲਕਦਮੀ ਕੀਤੀ ਜਾ ਰਹੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਨਵੀਂ ਦਿੱਲੀ ਵਿਚ ਵੱਡੇ ਆਗੂਆਂ ਦੀ ਹਾਜ਼ਰੀ ਵਿਚ ਉਕਤ ਸਾਬਕਾ ਵਿਧਾਇਕ ਕਾਂਗਰਸ ਪਾਰਟੀ ਵਿਚ ਸਮੂਲੀਅਤ ਕਰ ਲਵੇਗਾ। ਜਿਸਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਉਸਨੂੰ ਮੋੜ ਹਲਕੇ ਦੀ ਵਾਂਗਡੋਰ ਸੌਂਪੇ ਜਾਣ ਦੀ ਚਰਚਾ ਹੈ।ਬੁੱਧਵਾਰ ਨੂੰ ਉਕਤ ਆਗੂ ਦੁਆਰਾ ਮੋੜ ਹਲਕੇ ਨਾਲ ਸਬੰਧਤ ਅਪਣੇ ਪੁਰਾਣੇ ਸਮਰਥਕਾਂ ਨਾਲ ਇਸ ਮੁੱਦੇ ’ਤੇ ਲੰਮੀ ਮੀਟਿੰਗ ਵੀ ਕੀਤੀ ਗਈ ਹੈ, ਜਿਸਦੇ ਵਿਚ 150 ਦੇ ਕਰੀਬ ਇਕੱਠੇ ਹੋਏ ਹਲਕੇ ਦੇ ਮੋਹਤਬਰਾਂ ਨੇ ਇਸ ਫੈਸਲੇ ’ਤੇ ਸਹਿਮਤੀ ਜਤਾਈ ਹੈ।
ਦੂਜੇ ਪਾਸੇ ਅਕਾਲੀ ਦਲ ਨੇ ਵੀ ਅਪਣੇ ਇੱਕ ‘ਜੀਅ’ ਦੇ ਘਟਣ ਦੀ ਸੂਚਨਾ ਮਿਲਦੇ ਹੀ ਹੋਣ ਵਾਲੇ ਸੰਭਾਵੀ ਸਿਆਸੀ ਨੁਕਸਾਨ ਨੂੰ ਰੋਕਣ ਲਈ ਤਿਆਰੀਆਂ ਖਿੱਚ ਦਿੱਤੀਆਂ ਹਨ। ਸੂਤਰਾਂ ਮੁਤਾਬਕ ਵਰਕਰਾਂ ਨੂੰ ਸੰਭਾਲਣ ਲਈ ਜਿੱਥੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਗੋਨਿਆਣਾ ਦੀ ਡਿਊਟੀ ਲਗਾਈ ਗਈ ਹੈ, ਉਥੇ ਦੂਜੇ ਹਲਕੇ ਵਿਚ ਇਕ ਸਾਬਕਾ ਮੰਤਰੀ ਨੂੰ ਅਕਾਲੀ ਵਰਕਰਾਂ ਨੂੰ ਕਾਂਗਰਸ ਵਿੱਚ ਜਾਣ ਤੋਂ ਰੋਕਣ ਲਈ ਇਹ ਜਿੰਮੇਵਾਰੀ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਉਕਤ ਸਾਬਕਾ ਵਿਧਾਇਕ ਦਾ ਕੁੱਝ ਮੁੱਦਿਆਂ ’ਤੇ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਪਿਛਲੇ ਕੁੱਝ ਸਮੇਂ ਤੋਂ ਮਨਮੁਟਾਵ ਚੱਲਦਾ ਆ ਰਿਹਾ ਸੀ ਜਿਸ ਕਾਰਨ ਪਹਿਲਾਂ ਵੀ ਪਾਰਟੀ ਛੱਡਣ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਸਨ ਪ੍ਰੰਤੂ ਹੁਣ ਜੋ ਤਾਜ਼ਾ ਚਰਚਾ ਚੱਲ ਰਹੀ ਹੈ, ਉਹ ਆਖਰੀ ਗੇੜ ਦੀ ਦੱਸੀ ਜਾ ਰਹੀ ਹੈ ਕਿਉਂਕਿ ਹੁਣ ਸਭ ਕੁਝ ਤੈਅ ਹੋ ਗਿਆ ਦਸਿਆ ਜਾ ਰਿਹਾ ਹੈ।
ਇਸ ਸਾਬਕਾ ਵਿਧਾਇਕ ਦਾ ਦਿਲ ਵੀ ਲੰਮੇ ਸਮੇਂ ਤੋਂ ਮੋੜ ਹਲਕੇ ਨਾਲ ਹੀ ਜੁੜਿਆ ਰਿਹਾ ਹੈ ਬੇਸ਼ੱਕ ਉਸਨੂੰ ਮਜਬੂਰੀ ਵੱਸ ਕਿਸੇ ਹੋਰ ਹਲਕੇ ਨੂੰ ਅਪਣੀ ਸਿਆਸੀ ਕਰਮਭੂਮੀ ਬਣਾਉਣਾ ਪਿਆ। ਚਰਚਾਵਾਂ ਦੇ ਮੁਤਾਬਕ ਬੁੱਧਵਾਰ ਨੂੰ ਉਸਦੀ ਰਿਹਾਇਸ਼ ’ਤੇ ਪੁੱਜਣ ਵਾਲੇ ਜਿਆਦਾਤਰ ਸਮਰਥਕਾਂ ਵਿਚੋਂ ਇਕੱਲੀ ਕਾਂਗਰਸ ਨਾਲ ਹੀ ਨਹੀਂ, ਬਲਕਿ ਅਕਾਲੀ ਦਲ ਤੇ ਇੱਥੋਂ ਤੱਕ ਆਪ ਨਾਲ ਵੀ ਜੁੜੇ ਹੋਏ ਹਨ, ਪ੍ਰੰਤੂ ਇਨ੍ਹਾਂ ਸਮਰਥਕਾਂ ਵਿਚੋਂ ਕੁੱਝ ਇੱਕ ਨੂੰ ਛੱਡ ਕੇ ਜਿਆਦਾਤਰ ਅਪਣੇ ਪੁਰਾਣੇ ਆਗੂ ਨਾਲ ਖੜੇ ਦਿਖਾਈ ਦੇ ਰਹੇ ਹਨ।