ਸੁਖਜਿੰਦਰ ਮਾਨ
ਬਠਿੰਡਾ, 17 ਫ਼ਰਵਰੀ : ਬਠਿੰਡਾ ਸ਼ਹਿਰੀ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦ ਨਹਿਰੋਂ ਪਾਰ ਇਲਾਕੇ ’ਚ ਵੱਡਾ ਪ੍ਰਭਾਵ ਰੱਖਣ ਵਾਲੇ ਸਾਬਕਾ ਕੋਂਸਲਰ ਧਰਮ ਸਿੰਘ ਸੰਘਾ ਅਪਣੇ ਸੈਂਕੜੇ ਸਾਥੀਆਂ ਨਾਲ ਜਗਰੂਪ ਸਿੰਘ ਗਿੱਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਸ: ਗਿੱਲ ਨੇ ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ਹੁਣ ਇਸ ਇਲਾਕੇ ਵਿਚ ਕਾਂਗਰਸ ਦਾ ਲੱਕ ਟੁੱਟ ਗਿਆ ਹੈ। ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਬਠਿੰਡਾ ਦੇ ਲੋਕ ਵਿਤ ਮੰਤਰੀ ਤੇ ਉਨ੍ਹਾਂ ਦੇ ਰਿਸ਼ਤੇਦਾਰ ਦੀਆਂ ਧੱਕੇਸ਼ਾਹੀਆਂ ਤੋਂ ਬਹੁਤ ਦੁਖੀ ਹਨ ਤੇ ਇਸਦਾ ਸਿੱਟਾ ਆਗਾਮੀ 20 ਫ਼ਰਵਰੀ ਨੂੰ ਵੋਟਾਂ ਦੇ ਰੂਪ ਵਿਚ ਸਾਹਮਣੇ ਆਵੇਗਾ। ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ 2017 ਵਿਚ ਥਰਮਲ ਪਲਾਂਟ ਚਾਲੂ ਕਰਨ ਸਹਿਤ ਦੋ ਦਰਜ਼ਨ ਤੋਂ ਵੱਧ ਵਾਅਦੇ ਬਠਿੰਡਾ ਵਾਲਿਆਂ ਨਾਲ ਕੀਤੇ ਗਏ ਪ੍ਰੰਤੂ ਉਨ੍ਹਾਂ ਦਾਅਵਿਆਂ ਦੇ ਉਲਟ ਨਾ ਸਿਰਫ਼ ਥਰਮਲ ਢਾਹ ਦਿੱਤਾ ਗਿਆ, ਬਲਕਿ ਸ਼ਹਿਰੀਆਂ ਨਾਲ ਧੱਕੇਸ਼ਾਹੀਆਂ ਕੀਤੀਆਂ ਗਈਆਂ। ਇਸ ਮੌਕੇ ਸਾਬਕਾ ਕੋਂਸਲਰ ਧਰਮ ਸਿੰਘ ਸੰਘਾ ਨੇ ਕਿਹਾ ਕਿ ਅੱਜ ਬਠਿੰਡਾ ਵਿਚਂੋ ਇੱਕ ਅਵਾਜ਼ ਆਮ ਆਦਮੀ ਪਾਰਟੀ ਤੇ ਜਗਰੂਪ ਸਿੰਘ ਗਿੱਲ ਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸ: ਗਿੱਲ ਇਸ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਕੋਂਸਲਰ ਸੁਖਦੀਪ ਸਿੰਘ ਢਿੱਲੋਂ ਤੇ ਦਰਜ਼ਨਾਂ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
Share the post "ਬਠਿੰਡਾ ’ਚ ਕਾਂਗਰਸ ਨੂੰ ਵੱਡਾ ਝਟਕਾ,ਸਾਬਕਾ ਕੋਂਸਲਰ ਧਰਮ ਸਿੰਘ ਸੰਘਾ ਸਾਥੀਆਂ ਨਾਲ ਆਪ ’ਚ ਸ਼ਾਮਲ"