ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਬਠਿੰਡਾ ਸ਼ਹਿਰ ਵਿੱਚ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਈ ਸੀਨੀਅਰ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ , ਜਿਨ੍ਹਾਂ ਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਾਰਟੀ ਦਾ ਝੰਡਾ ਗਲ ਵਿੱਚ ਪਾ ਕੇ ਜੀ ਆਇਆਂ ਕਿਹਾ ਤੇ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਵਾਰਡ ਨੰਬਰ 39 ਦੇ ਇੰਚਾਰਜ ਰਿੰਕੂ ਬਦੂਰੀ ਅਤੇ ਉਨ੍ਹਾਂ ਦੇ ਪਤੀ ਵਰਿੰਦਰ ਕੁਮਾਰ ਸਮੇਤ ਸਾਥੀਆਂ ਨੇ ਕਿਹਾ ਕਿ ਪਾਰਟੀ ਵਿੱਚ ਡਿਕਟੇਟਰਸ਼ਿਪ ਭਾਰੂ ਹੈ, ਦੂਜੀਆਂ ਪਾਰਟੀਆਂ ਵਿੱਚੋਂ ਆਏ ਮਤਲਬਖੋਰ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਜਿਸ ਕਰਕੇ ਵਰਕਰਾਂ ਦਾ ਮਨੋਬਲ ਟੁੱਟਿਆ ਅਤੇ ਦੂਜੇ ਪਾਸੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਰਵਾਏ ਵਿਕਾਸ ਕਾਰਜ ਮੂੰਹੋਂ ਬੋਲਦੇ ਹਨ, ਜਿਸ ਕਰਕੇ ਉਹ ਕਾਂਗਰਸ ਵਿੱਚ ਸਾਮਲ ਹੋਏ । ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਦੀ ਸੋਚ ਨਾਲ ਤਾਂ ਉਸ ਦੇ ਵਿਧਾਇਕ ਵੀ ਸਹਿਮਤ ਨਹੀਂ ਹੁਣ ਤਕ 11 ਵਿਧਾਇਕ ਪਾਰਟੀ ਦਾ ਸਾਥ ਛੱਡ ਚੁੱਕੇ ਹਨ ਤੇ ਸ਼ਹਿਰ ਵਿੱਚ ਵੀ ਸੀਨੀਅਰ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸੋਚ ਸਰਬੱਤ ਦਾ ਭਲਾ ਹੈ ਜਿਸ ਲਈ ਹਮੇਸ਼ਾਂ ਪਾਰਟੀ ਦਿਨ ਰਾਤ ਕੰਮ ਕਰਦੀ ਹੈ ਇਸੇ ਸੋਚ ਨਾਲ ਪੰਜਾਬ ਅਤੇ ਬਠਿੰਡਾ ਸ਼ਹਿਰ ਨੂੰ ਤਰੱਕੀ ਵੱਲ ਤੋਰਨ ਦੇ ਯਤਨ ਹੋਏ, ਜਿਸ ਕਰਕੇ ਅੱਜ ਹਰ ਵਰਗ ਕਾਂਗਰਸ ਤੋਂ ਸੰਤੁਸ਼ਟ ਹੈ ।ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਿੱਚ ਵੱਡੇ ਧਮਾਕੇ ਹੋਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਆਪ ਦੇ ਕਈ ਸੀਨੀਅਰ ਆਗੂ ਵੀ ਕਾਂਗਰਸ ਵਿੱਚ ਸਾਮਲ ਹੋਣਗੇ। ਉਨ੍ਹਾਂ ਦੂਸਰੀ ਵਾਰ ਕਾਂਗਰਸ ਸਰਕਾਰ ਬਣਾਉਣ ਲਈ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਜੋ ਕਹਾਂਗੇ ਉਸ ਨੂੰ ਪੂਰਾ ਕਰਕੇ ਵਿਖਾਵਾਂਗੇ ਅਤੇ ਸ਼ਹਿਰ ਬਠਿੰਡਾ ਨੂੰ ਇੱਕ ਨੰਬਰ ਦਾ ਸ਼ਹਿਰ ਬਣਾਵਾਂਗੇ, ਜਿਸ ਲਈ ਸ਼ਹਿਰੀਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਆਪ ਕੋਲ ਵੋਟ ਮੰਗਣ ਲਈ ਕੋਈ ਏਜੰਡਾ ਨਹੀਂ, ਕਿਉਂਕਿ ਕਾਂਗਰਸ ਨੇ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਦੇ ਕੌਂਸਲਰ ਲੀਡਰ ਅਤੇ ਵਰਕਰ ਤੇ ਸ਼ਹਿਰ ਵਾਸੀ ਹਾਜਰ ਸਨ ।
Share the post "ਬਠਿੰਡਾ ਚ ਝਾੜੂ ਨੂੰ ਝਟਕਾ, ਵਿੱਤ ਮੰਤਰੀ ਦੀ ਮੌਜੂਦਗੀ ਵਿੱਚ ਆਪ ਵਰਕਰ ਹੋਏ ਕਾਂਗਰਸ ਵਿਚ ਸ਼ਾਮਲ"