ਕਈ ਪੇਡ ਪਾਰਕਿੰਗਾਂ ਵੀ ਕੀਤੀਆਂ ਖ਼ਤਮ, ਠੇਕੇਦਾਰ ਨੂੰ ਹੋਣ ਵਾਲੇ ਆਰਥਿਕ ਘਾਟੇ ਨੂੰ ਨਿਗਮ ਕਰੇਗਾ ਪੂਰਾ
ਸੁਖਜਿੰਦਰ ਮਾਨ
ਬਠਿੰਡਾ, 9 ਅਗਸਤ :ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਵਿਚ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਬਠਿੰਡਾ ਪਾਰਕਿੰਗ ਦਾ ਮੁੱਦਾ ਅੱਜ ਹੱਲ ਹੋ ਗਿਆ। ਬਾਅਦ ਦੁਪਿਹਰ ਨਿਗਮ ਦੀ ਵਿਤ ਤੇ ਲੇਖਾ ਕਮੇਟੀ ਦੀ ਹੋਈ ਮੀਟਿੰਗ ਵਿਚ ਠੇਕੇਦਾਰਾਂ ਨੂੰ ਦਿੱਤੇ ਠੇਕੇ ਦੀਆਂ ਸ਼ਰਤਾਂ ਵਿਚ ਸੋਧ ਕਰਕੇ ਸ਼ਹਿਰ ਵਿਚ ਹੁਣ ਪੀਲੀ ਲਾਈਨ ਦੇ ਅੰਦਰ ਖੜੀਆਂ ਗੱਡੀਆਂ ਚੁੱਕਣ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸਤੋਂ ਇਲਾਵਾ ਸ਼ਹਿਰ ਦੇ ਮਾਲ ਰੋਡ ਸਹਿਤ ਕਈ ਹੋਰ ਖੇਤਰਾਂ ਵਿਚ ਬਣਾਈਆਂ ਪੇਡ ਪਾਰਕਿੰਗਾਂ ਵੀ ਖ਼ਤਮ ਕਰ ਦਿੱਤੀਆਂ ਹਨ। ਕਮੇਟੀ ਦੀ ਅੱਜ ਦੇ ਫੈਸਲੇ ਤੋਂ ਬਾਅਦ ਸ਼ਹਿਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਂਜ ਸ਼ਰਤਾਂ ਵਿਚ ਤਬਦੀਲੀ ਕਰਨ ਦੇ ਨਾਲ ਠੇਕੇਦਾਰ ਨੂੰ ਪੈਣ ਵਾਲੇ ਆਰਥਿਕ ਘਾਟੇ ਨੂੰ ਦੇਖਦਿਆਂ ਨਿਗਮ ਵਲੋਂ ਠੇਕੇ ਦੀ ਰਾਸ਼ੀ ਨੂੰ ਘਟਾਉਣ ਦਾ ਵੀ ਫੈਸਲਾ ਲਿਆ ਗਿਆ ਹੈ।
ਬਠਿੰਡਾ ਦੀ ਬਹੁਮੰਜਿਲਾਂ ਪਾਰਕਿੰਗ ਦੇ ਮੁੱਦੇ ਦਾ ਜਲਦ ਹੋ ਸਕਦਾ ਹੈ ਹੱਲ, ਵਿਤ ਤੇ ਲੇਖਾ ਕਮੇਟੀ ਦੀ ਮੀਟਿੰਗ ਬੁੱਧਵਾਰ ਨੂੰ
ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਡਿਪਟੀ ਮੇਅਰ ਹਰਮਿੰਦਰ ਸਿੰਘ ਸਿੱਧੂ ਤੇ ਵਿਤ ਕਮੇਟੀ ਦੇ ਮੈਂਬਰ ਬਲਜਿੰਦਰ ਸਿੰਘ ਠੇਕੇਦਾਰ ਅਤੇ ਪ੍ਰਵੀਨ ਮਾਨੀ ’ਤੇ ਆਧਾਰਿਤ ਇਸ ਕਮੇਟੀ ਵਲੋਂ ਲਏ ਗਏ ਫੈਸਲੇ ਭਲਕ ਤੋਂ ਲਾਗੂ ਹੋ ਜਾਣਗੇ। ਇਸ ਮਸਲੇ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਜਿੱਥੇ ਵਪਾਰੀ ਵਰਗ, ਸਮਾਜ ਸੇਵੀਆਂ ਅਤੇ ਆਮ ਲੋਕਾਂ ਵਲੋਂ ਅਵਾਜ ਚੁੱਕੀ ਜਾ ਰਹੀ ਸੀ, ਉਥੇ ਇਸ ਮਤੇ ਨੂੰ ਪਾਸ ਕਰਨ ਵਾਲੀਆਂ ਸਿਆਸੀ ਪਾਰਟੀਆਂ ਵਲੋਂ ਵੀ ਲਗਾਤਾਰ ਕਮਿਸ਼ਨਰ ਨੂੰ ਠੇਕੇ ਦੀਆਂ ਸ਼ਰਤਾਂ ਵਿਚ ਸੋਧ ਕਰਨ ਦੀ ਮੰਗ ਕਰਨ ਲਈ ਮੰਗ ਪੱਤਰ ਦਿੱਤੇ ਜਾ ਰਹੇ ਸਨ। ਬੀਤੇ ਕੱਲ ਜਿੱਥੇ ਭਾਜਪਾ ਵਲੋਂ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਦੀ ਅਗਵਾਈ ਹੇਠ ਵਫ਼ਦ ਕਮਿਸ਼ਨਰ ਨੂੰ ਮਿਲਿਆ ਸੀ, ਇਸੇ ਤਰ੍ਹਾਂ ਅਕਾਲੀ ਦਲ ਵਲੋਂ ਵੀ ਹਲਕਾ ਇੰਚਾਰਜ਼ ਬਬਲੀ ਢਿੱਲੋਂ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ ਗਿਆ ਸੀ। ਜਦ ਕਿ ਕਾਂਗਰਸ ਪਾਰਟੀ ਵਲੋਂ ਅੱਜ ਦੂਜੀ ਵਾਰ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਕੋਂਸਲਰਾਂ ਦੁਆਰਾ ਇਸ ਮੁੱਦੇ ਨੂੰ ਹੱਲ ਕਰਨ ਲਈ ਜਨਰਲ ਹਾਊਸ ਦੀ ਮੀਟਿੰਗ ਬੁਲਾਉਣ ਦੀ ਮੰਗ ਰੱਖੀ ਗਈ ਸੀ।
ਬਹੁਮੰਜਿਲਾਂ ਪਾਰਕਿੰਗ: ਰਾਜਾ ਵੜਿੰਗ ਵਲੋਂ ਨਿਗਮ ਪ੍ਰਸ਼ਾਸਨ ਨੂੰ ਦੋ ਦਿਨਾਂ ‘ਚ ਮਸਲੇ ਦੇ ਹੱਲ ਦਾ ਅਲਟੀਮੇਟਮ
ਵਿਤ ਤੇ ਲੇਖਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਕਮਿਸ਼ਨਰ ਰਾਹੁਲ ਸਿੰਧੂ ਨੇ ਦਸਿਆ ਕਿ ਜਲਦੀ ਹੀ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਸੱਦ ਕੇ ਇੰਨ੍ਹਾਂ ਫੈਸਲਿਆਂ ਉਪਰ ਮੋਹਰ ਲਗਾਈ ਜਾਵੇਗੀ। ਇਸ ਸਬੰਧ ਵਿਚ ਬਕਾਇਦਾ ਨਿਗਮ ਵਲੋਂ ਕਾਨੂੰਨੀ ਰਾਏ ਵੀ ਲਈ ਗਈ ਹੈ, ਜਿਸਤੋਂ ਅੱਜ ਹੋਈ ਮੀਟਿੰਗ ਵਿਚ ਸ਼ਹਿਰ ਵਿਚ ਕਈ ਪੇਡ ਪਾਰਕਿੰਗਾਂ ਨੂੰ ਵੀ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ। ਕਮਿਸ਼ਨਰ ਨੇ ਅੱਗੇ ਦਸਿਆ ਕਿ ਫੈਸਲੇ ਤਹਿਤ ਪੀਲੀ ਲਾਈਨ ਦੇ ਅੰਦਰ ਸਹੀ ਤਰੀਕੇ ਨਾਲ ਖੜੀਆਂ ਗੱਡੀਆਂ ਨੂੰ ਠੇਕੇਦਾਰ ਦੇ ਮੁਲਾਜਮਾਂ ਵਲੋਂ ਚੁੱਕਣ ’ਤੇ ਰੋਕ ਲਗਾਉਣ ਤੋਂ ਇਲਾਵਾ ਸਪਰੋਟਸ ਮਾਰਕੀਟ ਦੀ ਪਾਰਕਿੰਗ ਅਤੇ ਮਾਲ ਰੋਡ ਉਪਰ ਕਈ ਪੇਡ ਪਾਰਕਿੰਗਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਦਸਿਆ ਕਿ ਪੇਡ ਪਾਰਕਿੰਗ ਖ਼ਤਮ ਕਰਨ ਤੋਂ ਭਾਵ ਇਹ ਨਹੀਂ ਕਿ ਕੋਈ ਵੀ ਵਹੀਕਲ ਚਾਲਕ ਜਿੱਥੇ ਮਰਜੀ ਅਪਣੀ ਗੱਡੀ ਖੜੀ ਕਰ ਦੇਵੇ, ਇਸਦੇ ਲਈ ਬਕਾਇਦਾ ਸ਼ਹਿਰ ਦੇ ਬਜ਼ਾਰਾਂ ਵਿਚ ਬੋਰਡ ਲਗਾਏ ਜਾਣਗੇ ਕਿ ਕਿੱਥੇ ਦੋ ਪਹੀਆ ਵਾਹਨ ਖੜੇ ਕੀਤੇ ਜਾ ਸਕਦੇ ਹਨ ਤੇ ਕਿੱਥੇ ਚਾਰ ਪਹੀਆ ਵਾਹਨ। ਜਿਕਰਯੋਗ ਹੈ ਕਿ ਸ਼ਹਿਰ ਦੇ ਮੁੱਖ ਬਜ਼ਾਰਾਂ ਧੋਬੀ ਬਜ਼ਾਰ, ਬੈਂਕ ਬਜ਼ਾਰ, ਸਦਰ ਬਜਾਰ, ਪੋਸਟ ਆਫ਼ਿਸ ਬਜਾਰ, ਸਿਰਕੀ ਬਜ਼ਾਰ, ਮਾਲ ਰੋਡ ਆਦਿ ਖੇਤਰਾਂ ਵਿਚ ਵਧਦੇ ਟਰੈਫ਼ਿਕ ਨੂੰ ਦੇਖਦਿਆਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਤੋਂ ਫ਼ਾਈਰ ਬ੍ਰਿਗੇਡ ਚੌਕ ਨਜਦੀਕ ਬਹੁਮੰਜਿਲਾਂ ਪਾਰਕਿੰਗ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਸੀ।
ਪਾਰਕਿੰਗ ਮੁੱਦਾ: ਸ਼੍ਰੋਮਣੀ ਅਕਾਲੀ ਦਲ ਦੇ ਕੌਸਲਰਾਂ ਨੇ ਮੇਅਰ ਕੋਲੋਂ ਜਨਰਲ ਹਾਊਸ ਦੀ ਮੀਟਿੰਗ ਸੱਦਣ ਦੀ ਕੀਤੀ ਮੰਗ
ਇਸ ਦੌਰਾਨ ਮਾਲ ਰੋਡ ’ਤੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਾਲੀ ਜਗ੍ਹਾਂ ਵਿਚ ਕਾਂਗਰਸ ਸਰਕਾਰ ਦੌਰਾਨ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ, ਜਿਹੜਾ ਮੌਜੂਦਾ ਆਪ ਸਰਕਾਰ ਦੌਰਾਨ ਪੂਰਾ ਹੋ ਗਿਆ। ਕਰੀਬ 29 ਕਰੋੜ ਦੀ ਲਾਗਤ ਨਾਲ ਤਿਆਰ ਹੋਏ ਇਸ ਪ੍ਰੋਜੈਕਟ ਨੂੰ ਪੂਰਾ ਹੋਣ ਤੋਂ ਬਾਅਦ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਮਤਾ ਪਾਸ ਕਰਕੇ ਲੰਘੀ 25 ਜੂਨ ਨੂੰ ਕਰੀਬ ਸਵਾ ਕਰੋੜ ’ਚ ਠੇਕੇ ’ਤੇ ਦੇ ਦਿੱਤਾ ਗਿਆ ਸੀ ਪ੍ਰੰਤੂ ਠੇਕੇ ’ਤੇ ਦੇਣ ਸਮੇਂ ਠੇਕੇਦਾਰ ਨੂੰ ਪੀਲੀ ਲਾਈਨ ਦੇ ਅੰਦਰ ਖੜੇ ਵਾਹਨਾਂ ਨੂੰ ਵੀ ਚੁੱਕਣ ਦਾ ਅਧਿਕਾਰ ਦੇ ਦਿੱਤਾ ਗਿਆ, ਜਿਸਦੇ ਚੱਲਦੇ ਠੇਕੇਦਾਰ ਦੇ ਬੰਦਿਆਂ ਵਲੋਂ ਧੜਾਧੜ ਬਜਾਰ ਵਿਚੋਂ ਵਾਹਨਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਤੇ ਇੰਨਾਂ ਵਾਹਨਾਂ ਨੂੰ ਛੱਡਣ ਬਦਲੇ ਇੱਕ ਹਜ਼ਾਰ ਰੁਪਏ ਦੀ ਫ਼ੀਸ ਲਗਾ ਦਿੱਤੀ, ਜਿਸਦਾ ਸ਼ਹਿਰ ਵਿਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ।
ਪੀਲੀ ਲਾਈਨ ਅੰਦਰ ਖੜ੍ਹੀਆਂ ਗੱਡੀਆਂ ਚੁੱਕਣ ਦੇ ਮਾਮਲੇ ਦਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਲਿਆ ਗੰਭੀਰ ਨੋਟਿਸ
ਬਾਕਸ
ਸਾਵਧਾਨ, ਜੇ ਤੁਹਾਡੀ ਕਾਰ ਦੇ ਦੋੋ ਟਾਈਰ ਵੀ ਪੀਲੀ ਲਾਈਨ ਦੇ ਹੋਏ ਬਾਹਰ ਤਾਂ ਠੇਕੇਦਾਰ ਚੁੱਕ ਸਕੇਗਾ ਗੱਡੀ
ਬਠਿੰਡਾ: ਕਮਿਸ਼ਨਰ ਰਾਹੁਲ ਨੇ ਦਸਿਆ ਕਿ ਵਿਤ ਤੇ ਲੇਖਾ ਕਮੇਟੀ ਦੀ ਮੀਟਿੰਗ ਵਿਚ ਹੋਏ ਫੈੈਸਲੇ ਤਹਿਤ ਬੇਸ਼ੱਕ ਪੀਲੀ ਲਾਈਨ ਦੇ ਅੰਦਰ ਲੱਗਣ ਵਾਲੀਆਂ ਗੱਡੀਆਂ ਨੂੰ ਪਾਰਕਿੰਗ ਫ਼ੀਸ ਮੁਕਤ ਕਰ ਦਿੱਤਾ ਗਿਆ ਹੈ ਪ੍ਰੰਤੂ ਇਸਦੇ ਲਈ ਜਰੂਰੀ ਹੈ ਕਿ ਇੱਥੇ ਖੜੀਆਂ ਗੱਡੀਆਂ ਸਹੀ ਤਰੀਕੇ ਨਾਲ ਲਗਾਈਆਂ ਹੋਣ। ਉਨ੍ਹਾਂ ਦਸਿਆ ਕਿ ਜੇਕਰ ਗੱਡੀ ਫੁੱਟਪਾਥ ਉਪਰ ਚੜਾ ਕੇ ਖੜਾਈ ਗਈ ਹੈ ਜਾਂ ਫ਼ਿਰ ਉਸਦੇ ਦੋ ਟਾਈਰ ਪੀਲੀ ਲਾਈਨ ਦੇ ਬਾਹਰ ਹਨ ਤਾਂ ਠੇੇਕੇਦਾਰ ਨੂੰ ਗੱਡੀ ਚੁੱਕਣ ਅਤੇ ਜੁਰਮਾਨਾ ਕਰਨ ਦਾ ਅਧਿਕਾਰ ਹੈ, ਜਿਸਦੇ ਚੱਲਦੇ ਲੋਕ ਅਪਣੀ ਗੱਡੀ ਨੂੰ ਸਹੀ ਤਰੀਕੇ ਨਾਲ ਖੜੀਆਂ ਕਰਨ।
Share the post "ਬਠਿੰਡਾ ’ਚ ਪਾਰਕਿੰਗ ਦਾ ਮੁੱਦਾ ਹੋਇਆ ਹੱਲ, ਹੁਣ ਪੀਲੀ ਲਾਈਨ ਦੇ ਅੰਦਰ ਖੜੀਆਂ ਗੱਡੀਆਂ ਨਹੀਂ ਚੁੱਕ ਸਕੇਗਾ ਠੇਕੇਦਾਰ"