ਜਖਮੀਆਂ ਦੀ ਹਾਲਾਤ ਸਥਿਤਰ, ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਕਰਵਾਏ ਦਾਖ਼ਲ
ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ: ਜ਼ਿਲੇ੍ਹ ਦੇ ਕਸਬਾ ਕੋਟਫੱਤਾ ਨਜਦੀਕ ਅੱਜ ਪੀ.ਆਰ.ਟੀ.ਸੀ ਬਠਿੰਡਾ ਡੀਪੂ ਦੀ ਇੱਕ ਤੇਜ ਰਫ਼ਤਾਰ ਬੱਸ ਦੇ ਪਲਟਣ ਕਾਰਨ ਸਵਾ ਦਰਜ਼ਨ ਦੇ ਕਰੀਬ ਸਵਾਰੀਆਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਜਖ਼ਮੀਆਂ ਨੂੰ ਮੌਕੇ ’ਤੇ ਪੁੱਜੇ ਪਿੰਡਾਂ ਦੇ ਲੋਕਾਂ ਨੇ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ। ਹਾਦਸਾਗ੍ਰਸਤ ਬੱਸ ਮਾਨਸਾ ਤੋਂ ਵਾਪਸ ਬਠਿੰਡਾ ਵਲ ਆ ਰਹੀ ਸੀ ਕਿ ਕੋਟਫੱਤਾ ਅਤੇ ਭਾਈ ਬਖਤੌਰ ਨਜਦੀਕ ਪਲਟ ਗਈ। ਬੱਸ ਪਲਟਣ ਦਾ ਪਤਾ ਲੱਗਦੇ ਹੀ ਨਜਦੀਕ ਦੇ ਪਿੰਡਾਂ ’ਚ ਸਥਿਤ ਗੁਰੂਘਰਾਂ ਵਿੱਚੋਂ ਅਨਾਊਸਮੈਂਟਾਂ ਰਾਹੀ ਦਿੱਤੀ ਗਈ। ਜਿਸਤੋਂ ਬਾਅਦ ਲੋਕਾਂ ਨੇ ਪਲਟੀ ਹੋਈ ਬੱਸ ਵਿੱਚੋਂ ਸਵਾਰੀਆਂ ਨੂੰ ਕਾਫ਼ੀ ਜਦੋ-ਜਹਿਦ ਦੇ ਬਾਅਦ ਕੱਢਿਆ ਤੇ ਪ੍ਰਾਈਵੇਟ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਨਾਲ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ। ਘਟਨਾ ਸਮੇਂ ਬੱਸ ਵਿਚ 50 ਦੇ ਕਰੀਬ ਸਵਾਰੀਆ ਸਫਰ ਕਰ ਰਹੀਆਂ ਸਨ। ਬੱਸ ਦੇ ਡਰਾਇਵਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਗੇ ਜਾ ਰਹੀ ਥਾਰ ਗੱਡੀ ਦੇ ਚਾਲਕਾਂ ਵੱਲੋਂ ਅਚਾਨਕ ਕੱਟ ਮਾਰ ਦਿੱਤਾ ਅਤੇ ਜਿਸ ਕਾਰਨ ਬੱਸ ਦਾ ਸਤੁੰਲਨ ਵਿਗੜ ਗਿਆ ਅਤੇ ਦੂਸਰੀ ਸਾਇਡ ਸੜਕ ’ਤੇ ਜਾ ਰਹੇ ਮੋਟਰਸਾਇਕਲ ਸਵਾਰਾਂ ਨੂੰ ਬਚਾਉਣ ਸਮੇਂ ਗੱਡੀ ਬੇਕਾਬੂ ਹੋ ਗਈ। ਘਟਨਾ ਦਾ ਪਤਾ ਲਗਣ ’ਤੇ ਸਿਵਲ ਅਤੇ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪੁੱਜੇ, ਜਿੰਨ੍ਹਾਂ ਘਟਨਾ ਦੀ ਜਾਂਚ ਕੀਤੀ। ਜਖਮੀਆਂ ਦੀ ਪਹਿਚਾਣ ਸਪਨਾ ਰਾਣੀ ਬਠਿੰਡਾ, ਸਖਮੰਦਰ ਸਿੰਘ ਬਠਿੰਡਾ, ਬਲਵੀਰ ਸਿੰਘ ਵਾਸੀ ਦਿਓਣ, ਪੂਨਮ ਰਾਣੀ ਬਠਿੰਡਾ, ਦਲਜੀਤ ਸਿੰਘ ਕੋਟਫੱਤਾ, ਮਨਪ੍ਰੀਤ ਕੌਰ ਕੋਟਫੱਤਾ, ਰਚਨਾ ਦੇਵੀ ਪਥਰਾਲਾ, ਚਰਨਜੀਤ ਕੌਰ ਵਾਸੀ ਬੀੜ ਬਹਿਮਣ,ਸੰਨੀ ਸਰਖਪੀਰ ਰੋਡ ਬਠਿੰਡਾ, ਕੁਲਵਿੰਦਰ ਕੌਰ ਭਾਈ ਬਖਤੌਰ ,ਕਾਂਤਾ ਦੇਵੀ ਵਾਸੀ ਰਾਮਪੁਰਾ, ਰਾਜੂ ਯਾਦਵ ਵਾਸੀ ਪਰਸ ਰਾਮ ਨਗਰ ਦੇ ਤੌਰ ’ਤੇ ਹੋਈ ਹੈ, ਜਿਹੜੇ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ। ਹਸਪਤਾਲ ਦੇ ਡਾਕਟਰ ਖੁਸ਼ਦੀਪ ਸਿੰਘ ਨੇ ਦੱਸਿਆ ਕਿ ਜਖਮੀਆਂ ਦਾ ਇਲਾਜ ਕੀਤਾ ਜਾ ਰਿਹਾ, ਜਿੰਨਾ ਦੀ ਹਾਲਤ ਸਥਿਰ ਬਣੀ ਹੋਈ ਹੈ।
ਬਠਿੰਡਾ ’ਚ ਪੀਆਰਟੀਸੀ ਦੀ ਬੱਸ ਪਲਟੀ, ਸਵਾ ਦਰਜਨ ਸਵਾਰੀਆਂ ਹੋਈਆਂ ਜਖਮੀ
12 Views