ਰੋਸ਼ ਰੈਲੀ ਕਰਨ ਤੋਂ ਬਾਅਦ ਭਾਈ ਘਨੱਈਆ ਚੌਕ ’ਚ ਕੀਤਾ ਪ੍ਰਦਰਸ਼ਨ
ਸੁਖਜਿੰਦਰ ਮਾਨ
ਬਠਿੰਡਾ, 13 ਨਵੰਬਰ: ਪੰਜਾਬ ਐਂਡ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਝੰਡੇ ਹੇਠ ਅੱਜ ਸੂਬੇ ਭਰ ਤੋਂ ਹਜ਼ਾਰਾਂ ਦੀ ਤਾਦਾਦ ਵਿਚ ਬਠਿੰਡਾ ਪੁੱਜੇ ਮੁਲਾਜਮਾਂ ਨੇ ਰੋਸ਼ ਰੈਲੀ ਕਰਦਿਆਂ ਸਥਾਨਕ ਭਾਈ ਘਨੱਈਆ ਚੌਕ ਅੱਗੇ ਜਾਮ ਲਗਾਉਂਦਿਆਂ ਪ੍ਰਦਰਸ਼ਨ ਕੀਤਾ। ਇਸ ਰੋਸ਼ ਪ੍ਰਦਰਸ਼ਨ ਵਿਚ ਅਪਣੀਆਂ ਮੰਗਾਂ ਨੂੰ ਲੈ ਕੇ ਫਰੰਟ ਵਲੋਂ ਰੈਲੀ ਵਿਚ ਵੱਖ ਵੱਖ ਵਿਭਾਗਾਂ ਦੇ ਮੁਲਾਜਮ ਤੇ ਪੈਨਸ਼ਨਰਜ਼ ਸਾਮਲ ਹੋਏ। ਸਥਾਨਕ ਅਮਰੀਕ ਸਿੰਘ ਰੋਡ ’ਤੇ ਰੱਖੀ ਇਸ ਰੋਸ਼ ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜਮ ਆਗੂਆਂ ਸਤੀਸ਼ ਰਾਣਾ, ਜਰਮਨਜੀਤ ਸਿੰਘ, ਬਲਦੇਵ ਸਿੰਘ, ਰਣਜੀਤ ਸਿੰਘ, ਗੁਰਸੇਵਕ ਸਿੰਘ ਸੰਧੂ, ਜਤਿੰਦਰ ਕਿ੍ਰਸ਼ਨ, ਮੱਖਣ ਸਿੰਘ ਖਣਗਵਾਲ, ਮਨਜੀਤ ਸਿੰਘ ਧੰਜਲ, ਸੁਖਵਿੰਦਰ ਸਿੰਘ ਕਿਲੀ, ਕਿਸ਼ੋਰ ਚੰਦ ਗਾਜ ਆਦਿ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁਧ ਦੋਸ਼ ਲਗਾਇਆ ਕਿ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਵਿਚ ਉਹ ਜਾਣ-ਬੁੱਝ ਕੇ ਅੜਿੱਕੇ ਖੜ੍ਹੇ ਕਰ ਰਹੇ ਹਨ। ਆਗੂਆਂ ਨੇ ਦੋਸ਼ਾਂ ਦੀ ਲੜੀ ਜਾਰੀ ਰੱਖਦਿਆਂ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਵਲੋਂ 1 ਜੁਲਾਈ ਨੂੰ ਪੰਜਾਬ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ 11 ਪ੍ਰਤੀਸ਼ਤ ਡੀਏ ਜਾਰੀ ਕਰਨ ਲਈ ਹੁਕਮ ਦਿੱਤਾ ਸੀ ਪ੍ਰੰਤੂ ਵਿੱਤ ਮੰਤਰੀ ਨੇ ਇੰਨ੍ਹਾਂ ਹੁਕਮਾਂ ਤੋਂ ਪਰੇ੍ਹ ਜਾਂਦਿਆਂ ਇਕੱਲੇ ਮੁਲਾਜ਼ਮਾਂ ਨੂੰ ਇਹ ਡੀਏ ਦੇਣ ਦਾ ਪੱਤਰ ਜਾਰੀ ਕਰ ਦਿੱਤਾ ਪ੍ਰੰਤੂ ਪੈਨਸ਼ਨਰਾਂ ਨੂੰ ਇਸ ਵਿਚੋਂ ਬਾਹਰ ਕਰ ਦਿੱਤਾ। ਇਸੇ ਤਰ੍ਹਾਂ ਬੱਝਵਾਂ ਮੈਡੀਕਲ ਭੱਤਾ ਵੀ ਸਿਰਫ ਮੁਲਾਜ਼ਮਾਂ ਲਈ ਜਾਰੀ ਕੀਤਾ ਗਿਆ। ਮੁਲਾਜਮਾਂ ਆਗੂਆਂ ਨੇ ਦਾਅਵਾ ਕੀਤਾ ਕਿ ਵਿਤ ਵਿਭਾਗ ਪੰਜਾਬ ਸਰਕਾਰ ਵਲੋਂ ਬਣਾਈਆਂ ਕੈਬਨਿਟ ਸਬ ਕਮੇਟੀ ਦੇ ਫੈਸਲਿਆਂ ਨੂੰ ਮੰਨਣ ਤੋਂ ਇੰਨਕਾਰੀ ਹੋਇਆ ਬੈਠਾ ਹੈ। ਇਸੇ ਤਰ੍ਹਾਂ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੀ ਸਕੀਮ ਨੂੰ ਵੀ ਸਹੀ ਤਰੀਕੇ ਨਾਲ ਨੇਪਰੇ ਨਹੀਂ ਚਾੜਿਆ ਜਾ ਰਿਹਾ। ਰੋਸ਼ ਰੈਲੀ ਤੋਂ ਬਾਅਦ ਮੁਲਾਜਮਾਂ ਦਾ ਇਕੱਠ ਸ਼ਹਿਰ ਵਿਚ ਪ੍ਰਦਰਸ਼ਨ ਕਰਦਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਜੀਟੀ ਰੋਡ ਅੱਗੇ ਸਥਿਤ ਦਫ਼ਤਰ ਅੱਗੇ ਪੁੱਜਿਆ। ਹਾਲਾਂਕਿ ਇਸ ਮੌਕੇ ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਪ੍ਰੰਤੂ ਮੁਲਾਜਮਾਂ ਨੇ ਇਸਦੀ ਪ੍ਰਵਾਹ ਨਾ ਕਰਦਿਆਂ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਪ੍ਰੰਤੂ ਇਸ ਮੌਕੇ ਮੁਲਾਜਮ ਆਗੂਆਂ ਨੂੰ ਇਹ ਪਤਾ ਲੱਗਦਿਆਂ ਦਫ਼ਤਰ ਵਿਚ ਕੋਈ ਆਗੂ ਮੌਜੂਦ ਨਹੀਂ ਤਾਂ ਉਹ ਅੱਗੇ ਘਨੱਈਆ ਚੌਕ ਵੱਲ ਚਲੇ ਗਏ। ਜਿੱਥੇ ਉਨ੍ਹਾਂ ਲੰਮਾ ਸਮਾਂ ਜਾਮ ਵੀ ਲਗਾਇਆ ਇਸ ਦੌਰਾਨ ਸੜਕ ’ਤੇ ਜਾਮ ਲਗਾਉਣ ਨੂੰ ਲੈ ਕੇ ਮੁਲਾਜਮਾਂ ਦੀ ਰਾਹਗੀਰਾਂ ਨਾਲ ਵੀ ਹਲਕੀ ਫੁਲਕੀ ਤਕਰਾਰ ਹੋਈ। ਇਸਤੋਂ ਇਲਾਵਾ ਇਸ ਮੌਕੇ ਫ਼ੌਜੀ ਗੱਡੀਆਂ ਟਪਾਉਣ ਨੂੰ ਲੈ ਕੇ ਮੁਲਾਜਮ ਆਗੂ ਆਪਸ ਵਿਚ ਵੀ ਉਲਝ ਗਏ। ਥਰਮਲ ਪਲਾਂਟ ਇੰਪਲਾਈਜ਼ ਫੈਡਰੇਸ਼ਨ ਦੇ ਆਗੂ ਗੁਰਸੇਵਕ ਸਿੰਘ ਸੰਧੂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਫ਼ੌਜੀ ਸਾਡੇ ਦੇਸ ਦੀ ਸੁਰੱਖਿਆ ਵਿਚ ਜੁਟੇ ਹਨ, ਜਿਸਦੇ ਚੱਲਦੇ ਉਨ੍ਹਾਂ ਨੂੰ ਰੋਕਣਾ ਵਾਜ਼ਬ ਨਹੀਂ ਹੈ।
ਬਠਿੰਡਾ ’ਚ ਵਿਤ ਮੰਤਰੀ ਵਿਰੁਧ ਗਰਜ਼ੇ ਹਜ਼ਾਰਾਂ ਮੁਲਾਜਮ
14 Views