ਪੀਆਰਟੀਸੀ ਦੇ ਜੀਐਮ ਤੇ ਪ੍ਰਾਈਵੇਟ ਬੱਸ ਐਸੋਸੀਏਸ਼ਨ ਨੂੰ ਦਿੱਤਾ ਦੋ ਦਿਨ
ਸੁਖਜਿੰਦਰ ਮਾਨ
ਬਠਿੰਡਾ, 2 ਅਗਸਤ :ਪਿਛਲੇ ਲੰਮੇ ਸਮੇਂ ਤੋਂ ਆਮ ਲੋਕਾਂ ਤੇ ਖ਼ਾਸਕਰ ਬਜੁਰਗਾਂ ਤੇ ਬੀਮਾਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਆ ਰਹੇ ਬੱਸਾਂ ਅਤੇ ਹੋਰਨਾਂ ਵਹੀਕਲਾਂ ’ਤੇ ਲੱਗੇ ਪ੍ਰੇਸ਼ਰ ਹਾਰਨਾਂ ਵਿਰੁਧ ਹੁਣ ਟਰੈਫ਼ਿਕ ਪੁਲਿਸ ਨੇ ਮੁਹਿੰਮ ਵਿੱਢ ਦਿੱਤੀ ਹੈ। ਅੱਜ ਸਿਟੀ ਟਰੈਫਿਕ ਇੰਚਾਰਜ਼ ਸਬ ਇੰਸਪੈਕਟਰ ਅਮਰੀਕ ਸਿੰਘ ਦੀ ਅਗਵਾਈ ਹੇਠ ਟਰੈਫ਼ਿਕ ਮੁਲਾਜਮਾਂ ਸਥਾਨਕ ਬੱਸ ਸਟੈਂਡ, ਫ਼ੌਜੀ ਚੌਕ ਅਤੇ ਹੋਰਨਾਂ ਥਾਵਾਂ ‘ਤੇ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਨੂੰ ਰੋਕ ’ਕੇ ਉਨ੍ਹਾਂ ਉਪਰ ਲੱਗੇ ਪ੍ਰੇਸ਼ਰ ਹਾਰਨ ਉਤਰਾਵੇ ਗਏ। ਇਸਦੀ ਪੁਸ਼ਟੀ ਕਰਦਿਆਂ ਟਰੈਫ਼ਿਕ ਇੰਚਾਰਜ਼ ਅਮਰੀਕ ਸਿੰਘ ਨੈ ਦਸਿਆ ਕਿ ਮੋਟਰ ਵਹੀਕਲ ਐਕਟ ਤਹਿਤ ਪ੍ਰੇਸ਼ਰ ਹਾਰਨ ਲਗਾਉਣਾ ਮਨਾਂ ਹੈ ਤੇ ਇਸ ਸਬੰਧ ਵਿਚ ਉੱਚ ਅਦਾਲਤ ਵਲੋਂ ਵੀ ਸਪੱਸ਼ਟ ਹਿਦਾਇਤਾਂ ਕੀਤੀਆਂ ਹੋਈਆਂ ਹਨ। ਉਨ੍ਹਾਂ ਦਸਿਆ ਕਿ ਅੱਜ ਪਹਿਲੇ ਦਿਨ ਚਲਾਈ ਇਸ ਮੁਹਿੰਮ ਤਹਿਤ ਕਰੀਬ ਇੱਕ ਦਰਜ਼ਨ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਵਾਲਿਆਂ ਵਿਰੁਧ ਕਾਰਵਾਈ ਕੀਤੀ ਗਈ ਹੈ। ਟਰੈਫ਼ਿਕ ਇੰਚਾਰਜ਼ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਪ੍ਰਾਈਵੇਟ ਤੇ ਸਰਕਾਰੀ ਬੱਸ ਚਾਲਕਾਂ ਨੂੰ ਅਪਣੀਆਂ ਬੱਸਾਂ ਉੱਤੋਂ ਪ੍ਰੇਸ਼ਰ ਹਾਰਨ ਉਤਾਰਨ ਲਈ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ, ਇਸਦੇ ਲਈ ਪੀਆਰਟੀਸੀ ਬਠਿੰਡਾ ਡਿੱਪੂ ਦੇ ਜੀਐਮ ਅਤੇ ਪ੍ਰਾਈਵੇਟ ਬੱਸ ਦੇ ਮਾਲਕਾਂ ਤੋਂ ਇਲਾਵਾ ਪ੍ਰਾਈਵੇਟ ਬੱਸ ਅਪਰੇਟਰਜ਼ ਯੂਨੀਅਨ ਨੂੰ ਵੀ ਸੂਚਨਾ ਦਿੱਤੀ ਗਈ ਹੈ। ਜਿਸਦੇ ਚੱਲਦੇ ਜੇਕਰ ਦੋ ਦਿਨਾਂ ਤੋਂ ਬਾਅਦ ਵੀ ਬੱਸਾਂ ਉਪਰ ਪ੍ਰੇਸ਼ਰ ਹਾਰਨ ਪਾਏ ਗਏ ਤਾਂ ਉਨ੍ਹਾਂ ਨੂੰ ਨਿਯਮਾਂ ਤਹਿਤ ਚਲਾਨ ਕੱਟੇ ਜਾਣਗੇ ਤੇ ਜੁਰਮਾਨਾ ਪਾਇਆ ਜਾਵੇਗਾ। ਬੱਸਾਂ ਤੋਂ ਇਲਾਵਾ ਹੋਰਨਾਂ ਵਹੀਕਲਾਂ ਜਿਵੇਂ ਟਰੱਕਾਂ ਆਦਿ ਵਿਰੁਧ ਵੀ ਕਾਰਵਾਈ ਦਾ ਭਰੋਸਾ ਦਿੱਤਾ ਟਰੈਫ਼ਿਕ ਇੰਚਾਰਜ਼ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁਧ ਇਕਸਾਰ ਕਾਰਵਾਈ ਕੀਤੀ ਜਾਵੇਗੀ।
Share the post "ਬਠਿੰਡਾ ਟਰੈਫ਼ਿਕ ਪੁਲਿਸ ਨੇ ਬੱਸਾਂ ’ਤੇ ਲੱਗੇ ਪ੍ਰੇਸ਼ਰ ਹਾਰਨਾਂ ਵਿਰੁਧ ਚਲਾਈ ਮੁਹਿੰਮ"