ਸੁਖਜਿੰਦਰ ਮਾਨ
ਬਠਿੰਡਾ, 8 ਜੂਨ: ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਦੋ ਹਵਾਲਾਤੀਆਂ ਦੇ ਖਾਣਾ ਖਾਣ ਮੌਕੇ ਨਿੱਕੀ ਜਿਹੀ ਗੱਲ ਨੂੰ ਲੈ ਕੇ ਆਪਸ ਵਿਚ ਲੜਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਜੇਲ੍ਹ ਅਧਿਕਾਰੀਆਂ ਨੇ ਇਸ ਘਟਨਾ ਨੂੰ ਮਾਮੂਲੀ ਦਸਿਆ ਪ੍ਰੰਤੂ ਜਖਮੀ ਹੋਏ ਹਵਾਲਾਤੀਆਂ ਨੂੰ ਜਦ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਤਾਂ ਇੱਕ ਹਵਾਲਾਤੀ ਦੀ ਗੰਭੀਰ ਹਾਲਾਤ ਨੂੰ ਦੇਖਦਿਆਂ ਡਾਕਟਰਾਂ ਵਲੋਂ ਉਸਨੂੰ ਫ਼ਰੀਦਕੋਟ ਦੇ ਮੈਡੀਕਲ ਕਾਲਜ਼ ਵਿਚ ਰੈਫ਼ਰ ਕਰਨਾ ਪਿਆ। ਉਧਰ ਦੇਰ ਸ਼ਾਮ ਤੱਕ ਪੁਲਿਸ ਦੀ ਜੇਲ੍ਹ ’ਚ ਬਣੀ ਚੌਂਕੀ ਅਤੇ ਥਾਣਾ ਕੈਂਟ ਦੇ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਣਕਾਰੀ ਦੇਣ ਤੋਂ ਟਾਲਾ ਵੱਟਿਆਂ ਜਾਂਦਾ ਰਿਹਾ। ਸੂਤਰਾਂ ਮੁਤਾਬਕ ਮਾਮਲਾ ਭਖਣ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਵਲੋਂ ਘਟਨਾ ਦਾ ਰੁੱਕਾ ਜੇਲ੍ਹ ਚੌਕੀ ਨੂੰ ਭੇਜਿਆ ਜਾ ਚੁੱਕਾ ਹੈ। ਦੂਜੇ ਪਾਸੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੰਗ ਦੀ ਡਾਕਟਰ ਪੱਲਵੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਇੱਕ ਹਵਾਲਾਤੀ ਦੀ ਬਾਂਹ ਅਤੇ ਹੱਥ ’ਤੇ ਡੂੰਘੀ ਸੱਟ ਲੱਗੀ ਹੋਈ ਸੀ, ਜਿਸ ਕਾਰਨ ਉਸਨੂੰ ਰੈਫ਼ਰ ਕੀਤਾ ਗਿਆ ਹੈ। ਗੰਭੀਰ ਜ਼ਖਮੀ ਹਵਾਲਾਤੀ ਦੀ ਪਹਿਚਾਣ ਪਰਮਿੰਦਰ ਸਿੰਘ ਵਜੋਂ ਹੋਈ ਹੈ ਜਦੋਂਕਿ ਉਸਦੇ ਨਾਲ ਲੜਣ ਵਾਲੇ ਦੀ ਪਹਿਚਾਣ ਗੋਰਾ ਵਜੋਂ ਦੱਸੀ ਜਾ ਰਹੀ ਹੈ।
ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਹਵਾਲਾਤੀ ਆਪਸ ’ਚ ਭਿੜੇ, 1 ਜ਼ਖਮੀ
18 Views