ਟਰੈਕਟਰ ਨਾਲ ਗੰਦੇ ਪਾਣੀ ਨੂੰ ਅੱਗੇ ਕੱਢਣ ’ਤੇ ਲੋਕਾਂ ਨੇ ਕੀਤਾ ਵਿਰੋਧ
ਸੁਖਜਿੰਦਰ ਮਾਨ
ਬਠਿੰਡਾ, 12 ਅਪ੍ਰੈਲ : ਬੀਤੇ ਕੱਲ ਸਥਾਨਕ ਨਗਰ ਨਿਗਮ ਦੇ ਕਰਮਚਾਰੀਆਂ ਵਲੋਂ ਸੀਵਰ ਦੇ ਗੰਦੇ ਪਾਣੀ ਨਾਲ ਭਰੇ ਟੈਂਕਰ ਨੂੰ ਸਥਾਨਕ ਆਈ.ਟੀ.ਆਈ ਕੋਲ ਗੁਜ਼ਰਦੇ ਰਜਵਾਹੇ ਵਿਚ ਸੁੱਟਣ ਦਾ ਮਾਮਲਾ ਅੱਜ ਦੂਜੇ ਦਿਨ ਵੀ ਗਰਮਾਇਆ ਰਿਹਾ। ਹਾਲਾਂਕਿ ਸੋਸਲ ਮੀਡੀਆ ’ਤੇ ਰਜਵਾਹੇ ਵਿਚ ਗੰਦਾ ਪਾਣੀ ਸੁੱਟਦਿਆਂ ਦੀ ਵੀਡੀਓ ਵਾਈਰਲ ਹੋਣ ਤੋਂ ਬਾਅਦ ਲੋਕਾਂ ਵਲੋਂ ਨਿਗਮ ਅਧਿਕਾਰੀਆਂ ਨੂੰ ਲਾਹਨਾਤਾਂ ਵੀ ਪਾਈਆਂ ਗਈਆਂ ਸਨ ਤੇ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਗਿਆ ਸੀ। ਜਿਸਤੋਂ ਬਾਅਦ ਅੱਜ ਨਿਗਮ ਅਧਿਕਾਰੀਆਂ ਨੇ ਇੱਕ ਵੱਡੀ ਕਰੇਨ ਦੀ ਮੱਦਦ ਨਾਲ ਟਰੈਕਟਰ ਨੂੰ ਸੂਏ ਵਿਚ ਉਤਾਰ ਕੇ ਸੁੱਟੇ ਹੋੲੈ ਗੰਦੇ ਪਾਣੀ ਤੇ ਮਲਬੇ ਨੂੰ ਕਰਾਹੇ ਦੀ ਮੱਦਦ ਨਾਲ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਪ੍ਰੰਤੁੂ ਪਤਾ ਲੱਗਦੇ ਹੀ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਇਸਦਾ ਸਖ਼ਤ ਵਿਰੋਧ ਕੀਤਾ। ਗੌਰਤਲਬ ਹੈ ਕਿ ਬੀਤੇ ਕੱਲ ਨਿਗਮ ਕਾਮੇ ਟਰੈਕਟਰ ਪਿੱਛੇ ਗੰਦੇ ਪਾਣੀ ਵਾਲਾ ਟੈਂਕਰ ਲੈ ਕੇ ਡੀ-ਮਾਰਟ ਨਜਦੀਕ ਸਥਿਤ ਐਸਟੀਪੀ ਵਿਚ ਲੈ ਕੇ ਜਾ ਰਹੇ ਸਨ ਤੇ ਨਿਗਮ ਅਧਿਕਾਰੀਆਂ ਦੇ ਦਾਅਵੇ ਮੁਤਾਬਕ ਅਚਾਨਕ ਕੈਂਟਰ ਰਜਵਾਹੇ ਵਾਲੇ ਪਾਸੇ ਧਸ ਗਿਆ ਤੇ ਮੁੜ ਅੱਗੇ ਨਾ ਨਿਕਲਣ ਕਾਰਨ ਟੈਂਕਰ ਨੂੰ ਉਥੇ ਹੀ ਖ਼ਾਲੀ ਕਰ ਦਿੱਤਾ ਗਿਆ। ਜਿਸਤੋਂ ਬਾਅਦ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਪਾਇਪਾਂ ਦੀ ਮੱਦਦ ਨਾਲ ਉਕਤ ਸਥਾਨ ’ਚ ਗੰਦੇ ਪਾਣੀ ਨੂੰ ਮੁੜ ਟੈਂਕਰਾਂ ਵਿਚ ਭਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਗੰਦੇ ਪਾਣੀ ਦੀ ਬਦਬੂ ਕਾਰਨ ਅੱਜ ਮੁੜ ਉਸਨੂੰ ਰਜਵਾਹੇ ਵਿਚ ਟਰੈਕਟਰ ਉਤਾਰ ਕੇ ਸਾਫ਼ ਕਰਨ ਦੀ ਯੋਜਨਾ ਬਣਾਈ ਗਈ। ਉਧਰ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਜਤਾਉਂਦਿਆਂ ਅੱਜ ਭਾਈ ਮਤੀ ਦਾਸ ਨਗਰ, ਹਰਬੰਸ ਨਗਰ ਅਤੇ ਗਹਿਰੀ ਭਾਗੀ ਪਿੰਡ ਦੇ ਲੋਕਾਂ ਵਲੋਂ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਐਸਐਸਪੀ ਨੂੰ ਵੀ ਮੰਗ ਪੱਤਰ ਭੇਜਿਆ ਗਿਆ।
Share the post "ਬਠਿੰਡਾ ਦੇ ਰਜਵਾਹੇ ’ਚ ਸੀਵਰ ਦਾ ਗੰਦਾ ਪਾਣੀ ਪਾਉਣ ਦਾ ਮਾਮਲਾ ਦੂਜੇ ਦਿਨ ਵੀ ਗਰਮਾਇਆ"