ਸੁਖਜਿੰਦਰ ਮਾਨ
ਬਠਿੰਡਾ, 6 ਅਪ੍ਰੈਲ: ਸਥਾਨਕ ਨਗਰ ਨਿਗਮ ਵਲੋਂ ਅੱਜ ਸ਼ਹਿਰ ਦੇ ਪਾਸ਼ ਵਪਾਰਕ ਇਲਾਕੇ ਮੰਨੇ ਜਾਂਦੇ ਮਾਲ ਰੋਡ ਉਪਰ ਬਣੇ ਕਥਿਤ ਨਾਜਾਇਜ਼ ਥੜਿਆਂ ਤੇ ਰੈਂਪਾਂ ਨੂੰ ਤੋੜਣ ਲਈ ਵਿੱਢੀ ਮੁਹਿੰਮ ਦਾ ਦੁਕਾਨਦਾਰਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਪਣੀਆਂ ਦੁਕਾਨਾਂ ਤੇ ਸ਼ੋਅਰੂਮ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਨਗਰ ਨਿਗਮ ਨੂੰ ਵੀ ਅਪਣੀ ਕਾਰਵਾਈ ਇੱਕ ਵਾਰ ਰੋਕਣੀ ਪਈ। ਮਾਮਲੇ ਦੀ ਨਜ਼ਾਕਤ ਨੂੰ ਸਮਝਦਿਆਂ ਵੱਡੀ ਗਿਣਤੀ ਵਿਚ ਮੌਕੇ ’ਤੇ ਪੁਲਿਸ ਵੀ ਪੁੱਜੀ ਅਤੇ ਦੂਜੇ ਪਾਸੇ ਦੁਕਾਨਦਾਰਾਂ ਨੂੰ ਸਿਆਸੀ ਆਗੂਆਂ ਵਲੋਂ ਵੀ ਹਿਮਾਇਤ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਨਿਗਮ ਵਲੋਂ ਪਿਛਲੇ ਦਿਨੀਂ ਮਾਲ ਰੋਡ ਨੂੰ ਟਰੈਫਿਕ ਮੁਕਤ ਜ਼ੋਨ ਬਣਾਉਣ ਦਾ ਫੈਸਲਾ ਲਿਆ ਸੀ। ਇਸੇ ਫੈਸਲੇ ਦੇ ਤਹਿਤ ਅੱਜ ਇੱਥੇ ਦੁਕਾਨਾਂ ਅਤੇ ਸੋਅਰੂਮਾਂ ਵਿਰੁਧ ਕਾਫ਼ੀ ਅੱਗੇ ਵਧਾ ਕੇ ਬਣਾਏ ਗਏ ਥੜਿਆਂ ਅਤੇ ਰੈਂਪ ਨੂੰ ਢਾਹੁਣ ਨਿਗਮ ਅਧਿਕਾਰੀ ਅਤੇ ਕਰਮਚਾਰੀ ਜੇਸੀਬੀ ਮਸ਼ੀਨਾਂ ਅਤੇ ਪੁਲਿਸ ਨੂੰ ਨਾਲ ਲੈ ਕੇ ਪੁੱਜ ਗਏ। ਇਸ ਦੌਰਾਨ ਉਨ੍ਹਾਂ ਕਾਰਵਾਈ ਸ਼ੁਰੂ ਕਰਦਿਆਂ ਥੜਿਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ, ਜਿਸਦਾ ਪਤਾ ਲੱਗਣ ’ਤੇ ਵੱਡੀ ਗਿਣਤੀ ਵਿਚ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਨਿਗਮ ਦੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਸਥਾਨਕ ਵਿਧਾਇਕ ਅਤੇ ਪੰਜਾਬ ਸਰਕਾਰ ਵਿਰੁਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸਦੇ ਚੱਲਦੇ ਮੌਕੇ ’ਤੇ ਨਿਗਮ ਦੇ ਉਚ ਅਧਿਕਾਰੀ ਵੀ ਪੁੱਜੇ ਤੇ ਮਾਮਲੇ ਨੂੰ ਸੁਲਝਾਉਣ ਦਾ ਯਤਨ ਕੀਤਾ ਪ੍ਰੰਤੂ ਦੁਕਾਨਦਾਰਾਂ ਨੇ ਨਿਗਮ ਅਧਿਕਾਰੀਆਂ ਉਪਰ ਜਾਣਬੁੱਝ ਉਨ੍ਹਾਂ ਦੇ ਵਪਾਰ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਉਂਦਿਆਂ ਆਪਣੀਆਂ ਦੁਕਾਨਾਂ ਅਤੇ ਸ਼ੋਅਰੂਮ ਬੰਦ ਕਰਕੇ ਧਰਨਾ ਲਗਾਉਂਦਿਆਂ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਮੌਕੇ ਵਪਾਰ ਮੰਡਲ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਦੁਕਾਨਦਾਰਾਂ ਦੇ ਹੱਕ ਵਿਚ ਖੜਦਿਆਂ ਧਰਨੇ ਵਿਚ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ, ਜਿਸਤੋਂ ਬਾਅਦ ਨਿਗਮ ਟੀਮਾਂ ਅਪਣੀਆਂ ਮਸ਼ੀਨਾਂ ਲੈ ਕੇ ਵਾਪਸ ਚਲੀਆਂ ਗਈਆਂ। ਉਧਰ ਦੁਕਾਨਦਾਰਾਂ ਨੇ ਐਲਾਨ ਕੀਤਾ ਕਿ ਉਹ ਭਲਕੇ ਵੀ ਅਪਣਾ ਸੰਘਰਸ਼ ਜਾਰੀ ਰੱਖਣਗੇ।
Share the post "ਬਠਿੰਡਾ ਨਗਰ ਨਿਗਮ ਨੇ ਸ਼ਹਿਰ ਦੀ ਮਾਲ ਰੋਡ ’ਤੇ ਤੋੜੇ ਥੜੇ, ਦੁਕਾਨਦਾਰਾਂ ਨੇ ਜਤਾਇਆ ਰੋਸ਼"