ਨਿਗਮ ਗੇਟ ਅੱਗੇ ਧਰਨਾ ਦੇਣ ਤੋਂ ਬਾਅਦ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਸੁਖਜਿੰਦਰ ਮਾਨ
ਬਠਿੰਡਾ, 12 ਦਸੰਬਰ: ਸਥਾਨਕ ਨਗਰ ਨਿਗਮ ਦੇ ਇੱਕ ਬਿਲਡਿੰਗ ਇੰਸਪੈਕਟਰ ਵਿਰੁਧ ਕਾਂਗਰਸੀ ਕੋਂਸਲਰਾਂ ਨੇ ਮੋਰਚਾ ਖੋਲ ਦਿੱਤਾ ਹੈ। ਉਕਤ ਅਧਿਕਾਰੀਆਂ ਦੇ ਜੋਨ ਵਿਚ ਨਜਾਇਜ਼ ਇਮਾਰਤਾਂ ਉਸਰਨ ਦੇ ਦੋਸ਼ਾਂ ਤੋਂ ਇਲਾਵਾ ਕੋਂਸਲਰਾਂ ਨੂੰ ਅਣਗੋਲਿਆ ਕਰਨ ਦੇ ਦੋਸ਼ ਲਗਾਉਂਦਿਆਂ ਇੰਨ੍ਹਾਂ ਕੋਂਸਲਰਾਂ ਨੇ ਨਿਗਮ ਦਫ਼ਤਰ ਅੱਗੇ ਧਰਨਾ ਲਗਾਉਂਦਿਆਂ ਨਾਅਰੇਬਾਜ਼ੀ ਵੀ ਕੀਤੀ, ਜਿਸ ਵਿਚ ਵਿਸੇਸ ਤੌਰ ’ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਵੀ ਸ਼ਾਮਲ ਹੋਏ। ਇਸ ਮੌਕੇ ਨਿਗਮ ਦੇ ਕਮਿਸ਼ਨਰ ਰਾਹੁਲ ਨੂੰ ਮੰਗ ਪੱਤਰ ਦਿੰਦਿਆਂ ਤੁਰੰਤ ਉਕਤ ਇੰਸਪੈਕਟਰ ਵਿਰੁਧ ਕਾਰਵਾਈ ਦੀ ਮੰਗ ਵੀ ਕੀਤੀ ਗਈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਲਾਈਨੋਪਾਰ ਇਲਾਕੇ ਦੀ ਮਹਿਲਾ ਕੋਂਸਲਰ ਪੁਸ਼ਪਾ ਰਾਣੀ ਨੇ ਦਸਿਆ ਕਿ ਕਿਰਨਦੀਪ ਸਿੰਘ ਬਤੌਰ ਬਿਲਡਿੰਗ ਇੰਸਪੈਕਟਰ ਦੀ ਡਿਊਟੀ ਜੋਨ- 6 ਵਿੱਚ ਲੱਗੀ ਹੋਈ ਹੈ ਅਤੇ ਉਸਦਾ ਵਾਰਡ ਨੰਬਰ 39 ਵੀ ਜੋਨ-6 ਵਿੱਚ ਪੈਂਦਾ ਹੈ। ਜਿਸ ਨਾਲ ਸਾਨੂੰ ਰੋਜਾਨਾਂ ਵਾਂਗ ਹੀ ਛੋਟੇ-ਛੋਟੇ ਕੰਮਾਂ ਲਈ ਉਕਤ ਅਧਿਕਾਰੀ ਨਾ ਵਾਹ ਪੈਂਦਾ ਹੈ ਪ੍ਰੰਤੂ ਉਕਤ ਅਧਿਕਾਰੀ ਉਨ੍ਹਾਂ ਵਲੋਂ ਜਨਤਾ ਦੇ ਚੁੱਕੇ ਜਾਂਦੇ ਮਸਲਿਆਂ ਨੂੰ ਟਿੱਚ ਜਾਣਦਾ ਹੈ ਤੇ ਨਾਂ ਹੀ ਚੁਣੇ ਹੋਏ ਕੋਂਸਲਰਾਂ ਦਾ ਫ਼ੋਨ ਚੁੱਕਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਵਾਰਡ ਦੇ ਨਕਸ਼ੇ/ਐਨ.ਓ.ਸੀ./ ਜਾਣਕਾਰੀ ਸਰਟੀਫਿਕੇਟ/ਯੂ.ਆਈ.ਡੀ ਨੰਬਰ ਦੀ ਫਾਈਲ ਉਕਤ ਅਧਿਕਾਰੀ ਕੋਲ ਪਈ ਹੈ। ਪ੍ਰੰਤੂ ਦੋ ਮਹੀਨੇ ਤੋਂ ਉੱਪਰ ਸਮਾਂ ਹੋਣ ਦੇ ਬਾਵਜੂਦ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ। ਇਸਤੋਂ ਇਲਾਵਾ ਕੋਂਸਲਰਾਂ ਨੇ ਉਕਤ ਅਧਿਕਾਰੀ ਦੇ ਜੋਨ ’ਚ ਬਣੀਆਂ ਨਜ਼ਾਇਜ਼ ਇਮਾਰਤਾਂ ਦਾ ਮੁੱਦਾ ਚੁੱਕਦਿਆਂ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਉਣ ਦੀ ਵੀ ਮੰਗ ਕੀਤੀ। ਕਮਿਸ਼ਨਰ ਰਾਹੁਲ ਨੇ ਕੋਂਸਲਰਾਂ ਨੂੰ ਠੰਢਾ ਕਰਦਿਆਂ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਬਲਾਕ ਪ੍ਰਧਾਨ ਤੇ ਕੋਂਸਲਰ ਬਲਰਾਜ ਸਿੰਘ ਪੱਕਾ, ਹਰਵਿੰਦਰ ਸਿੰਘ ਲੱਡੂ, ਬਲਜਿੰਦਰ ਸਿੰਘ ਠੇਕੇਦਾਰ ਤੋਂ ਇਲਾਵਾ ਯੂਥ ਪ੍ਰਧਾਨ ਬਲਜੀਤ ਸਿੰਘ ਸਹਿਤ ਦਰਜ਼ਨਾਂ ਕੋਂਸਲਰ ਤੇ ਸਾਬਕਾ ਕੋਂਸਲਰ ਵੀ ਮੌਜੂਦ ਸਨ।
Share the post "ਬਠਿੰਡਾ ਨਿਗਮ ਦੇ ਕਾਂਗਰਸੀ ਕੋਂਸਲਰਾਂ ਨੇ ਬਿਲਡਿੰਗ ਇੰਸਪੈਕਟਰ ਵਿਰੁਧ ਖੋਲਿਆ ਮੋਰਚਾ"