ਜੇਲ੍ਹ ਚ ਬੈਠਾ ਗੈਂਗਸਟਰ ਚਲਾ ਰਿਹਾ ਹੈ ਨਸ਼ਾ ਤਸਕਰੀ ਦਾ ਕਾਰੋਬਾਰ
ਮੁਜਰਮ ਜੈਸਲਮੇਰ ਤੋਂ ਲੈ ਕੇ ਆਏ ਸਨ ਹੈਰੋਇਨ
ਸੁਖਜਿੰਦਰ ਮਾਨ
ਬਠਿੰਡਾ, 25 ਅਕਤੂੁਬਰ: ਬਠਿੰਡਾ ਪੁਲਿਸ ਨੂੰ ਬੀਤੀ ਰਾਤ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦ ਤਿੰਨ ਕਿੱਲੋ ਹੈਰੋਇਨ ਸਹਿਤ ਤਿੰਨ ਮੁਜਰਮ ਗਿ੍ਰਫ਼ਤਾਰ ਕਰ ਲਏ ਗਏ। ਮੁਜਰਮ ਜੈਸਲਮੇਰ ਤੋਂ ਹੈਰੋਇਨ ਦੀ ਖੇਪ ਲੈ ਕੇ ਆਏ ਸਨ। ਚਰਚਾ ਮੁਤਾਬਕ ਪਿੱਛਿਓ ਇਹ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਆਈ ਸੀ। ਮੁਢਲੀ ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਇਹ ਖੇਪ ਮੰਗਵਾਉਣ ਪਿੱਛੇ ਹੁਸ਼ਿਆਰਪੁਰ ਦੀ ਜੇਲ੍ਹ ’ਚ ਬੰਦ ਇੱਕ ਗੈਂਗਸਟਰ ਦਾ ਹੱਥ ਹੈ, ਜੋ ਅੰਦਰ ਬੈਠਾ ਹੀ ਚਲਾ ਰਿਹਾ ਨਸ਼ਾ ਤਸਕਰੀ ਦਾ ਕਾਰੋਬਾਰ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐੱਸਐੱਸਪੀ ਸ੍ਰੀ ਜੇ.ਇਲਨਚੇਲੀਅਨ ਨੇ ਦਸਿਆ ਕਿ ਦੀਵਾਲੀ ਮੌਕੇ ਪਿੰਡ ਪਥਰਾਲਾ ਵਿਖੇ ਪੁਲਿਸ ਟੀਮ ਵਲੋਂ ਨਾਕਾ ਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦ ਸੱਕ ਦੇ ਆਧਾਰ ‘ਤੇ ਇੱਕ ਗੱਡੀ ਸਕਾਰਪੀਉ ਨੂੰ ਰੋਕ ਕੇ ਚੈੱਕ ਕੀਤਾ ਤਾਂ ਗੱਡੀ ਵਿੱਚ ਸਵਾਰ ਤਿੰਨ ਵਿਅਕਤੀਆਂ ਦੇ ਕਬਜਾ ਵਿੱਚੋਂ 03 ਕਿਲੋ ਹੈਰੋਇਨ ਬ੍ਰਾਮਦ ਹੋਈ। ਕਥਿਤ ਦੋਸੀਆ ਦੀ ਪਹਿਚਾਣ ਅਸਵਨੀ ਕੁਮਾਰ ਵਾਸੀ ਸਲੇਮਪੁਰ ਜਿਲ੍ਹਾ ਹੁਸਿਆਰਪੁਰ, ਸਾਹਿਲ ਮੱਟੂ ਉਰਫ ਰੌਬਿਨ ਪੁੱਤਰ ਵਾਸੀ ਹਰੀਪੁਰ ਪੈਡਲ, ਰਘੂਨਾਥਪੁਰ ਕਠੂਆ ਜੰਮੂ ਐਂਡ ਕਸਮੀਰ ਅਤੇ ਅਜੈਬੀਰ ਸਿੰਘ ਉਰਫ ਬਿੱਲਾ ਵਾਸੀ ਹਵੇਲੀਆ, ਸਰਾਏ ਅਮਾਨਤ ਖਾਂਨ ਜਿਲ੍ਹਾ ਤਰਨਤਾਰਨ ਦੇ ਤੌਰ ’ਤੇ ਹੋਈ ਹੈ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਮੁੱਢਲੀ ਤਫਤੀਸ ਦੌਰਾਨ ਦੋਸੀਆਂਨ ਪਾਸੋਂ ਕੀਤੀ ਮੁੱਢਲੀ ਪੁੱਛ ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸਾਹਿਲ ਮੱਟੂ ਅਤੇ ਅਜੈਬੀਰ ਸਿੰਘ ਪਹਿਲਾਂ ਜੇਲ੍ਹ ਵਿੱਚ ਬੰਦ ਰਹੇ ਹਨ ਅਤੇ ਜੇਲ੍ਹ ਵਿੱਚ ਇਹਨਾਂ ਦੇ ਸਬੰਧ ਗੈਗਸਟਰ ਸੁਤਿੰਦਰ ਸਿੰਘ ਉਰਫ ਕਾਲਾ ਪਲੇਹੀ ਜਿਲ੍ਹਾ ਹੁਸਿਆਰਪੁਰ ਨਾਲ ਬਣ ਗਏ। ਉਕਤ ਸਾਹਿਲ ਮੱਟੂ ਅਤੇ ਅਜੈਬੀਰ ਸਿੰਘ ਜੇਲ੍ਹ ਤੋਂ ਜਮਾਨਤ ਪਰ ਬਾਹਰ ਆ ਗਏ ਤਾਂ ਕਾਲਾ ਪਲੇਹੀ ਨੇ ਇਹਨਾਂ ਨਾਲ ਸਪੰਰਕ ਕਰਕੇ, ਇਹਨਾਂ ਨੂੰ ਉਕਤ ਬ੍ਰਾਮਦਾ ਹੈਰੋਇਨ ਲੈਣ ਲਈ ਜੈਸਲਮੇਰ ਭੇਜਿਆ। ਉਕਤਾਨ ਦੋਸੀ ਕਾਲਾ ਪਲੇਹੀ ਦੇ ਕਹਿਣ ਪਰ ਹੀ ਜੈਸਲਮੇਰ ਗਏ ਅਤੇ ਕਾਲਾ ਪਲੇਹੀ ਨੇ ਹੀ ਆਪਣੇ ਸਪੰਰਕ ਰਾਂਹੀ ਉਕਤ ਹੈਰੋਇਨ ਇਹਨਾਂ ਤੋਂ ਮੰਗਵਾਈ ਹੈ। ਕਾਲਾ ਪਲੇਹੀ ਦੇ ਖਿਲਾਫ ਕਤਲ, ਨਸਾ ਤਸਕਰੀ ਅਤੇ ਹੋਰ ਸੰਗੀਨ ਜੁਰਮਾਂ ਦੇ ਤਕਰੀਬਨ 19 ਮੁਕੱਦਮੇ ਦਰਜ ਹਨ।ਐੱਸਐੱਸਪੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਗੈਂਗਸਟਰ ਕਾਲਾ ਪਲੇਹੀ ਤੋਂ ਇਲਾਵਾ ਇਕ ਹੋਰ ਵਿਅਕਤੀ ਵੀ ਵਿਦੇਸ਼ ਚ ਬੈਠ ਕੇ ਨਸ਼ਾ ਤਸਕਰਾਂ ਦੇ ਸੰਪਰਕ ਵਿੱਚ ਸੀ, ਜਿਸਦੇ ਬਾਰੇ ਜਲਦੀ ਹੀ ਖੁਲਾਸਾ ਕੀਤਾ ਜਾਵੇਗਾ। ਪੁਲੀਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਕਥਿਤ ਦੋਸ਼ੀਆਂ ਨੇ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਇਹ ਹੈਰੋਇਨ ਕਿਥੋਂ ਡਲਿਵਰ ਕੀਤੀ ਜਾਣੀ ਸੀ ਕਿਉਂਕਿ ਉਨ੍ਹਾਂ ਨਾਲ ਸੰਪਰਕ ਵਿਚ ਵਿਅਕਤੀ ਮੌਕੇ ਦੀ ਜਾਣਕਾਰੀ ਮੌਕੇ ਤੇ ਹੀ ਦੇ ਰਿਹਾ ਸੀ। ਇਹ ਵੀ ਪਤਾ ਚੱਲਿਆ ਹੈ ਕਿ ਫੜੇ ਗਏ ਤਿੰਨਾਂ ਵਿਅਕਤੀਆਂ ਵਿਰੁੱਧ ਪਹਿਲਾਂ ਵੀ ਕਈ ਥਾਣਿਆਂ ਵਿਚ ਪਰਚੇ ਦਰਜ ਸਨ ਜਿਨ੍ਹਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ । ਇਸ ਦੌਰਾਨ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਨਾਲ ਹੀ ਬਠਿੰਡਾ ਪੁਲਿਸ ਵਲੋਂ ਜੇਲ੍ਹ ਚ ਬੰਦ ਗੈਂਗਸਟਰ ਕਾਲਾ ਪਲਾਹੀ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਨਰਿੰਦਰ ਸਿੰਘ ਡੀਐਸਪੀ ਦਿਹਾਤੀ ਬਠਿੰਡਾ, ਥਾਣਾ ਸੰਗਤ ਦੇ ਇੰਚਾਰਜ ਇੰਸ: ਜਸਵਿੰਦਰ ਸਿੰਘ, ਚੌਂਕੀ ਇੰਚਾਰਜ ਪਥਰਾਲਾ ਸਬ ਹਰਬੰਸ ਸਿੰਘ ਵੀ ਹਾਜਰ ਸਨ।
Share the post "ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,ਤਿੰਨ ਕਿੱਲੋ ਹੈਰੋਇਨ ਸਹਿਤ ਤਿੰਨ ਮੁਜਰਮ ਗਿ੍ਰਫ਼ਤਾਰ"