ਸੁਖਜਿੰਦਰ ਮਾਨ
ਬਠਿੰਡਾ, 14 ਫਰਵਰੀ : ਸੂਬੇ ’ਚ ਗੈਂਗਵਾਰ ਦੀਆਂ ਦਿਨੋ-ਦਿਨ ਵਧ ਰਹੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਅੱਜ ਪੰਜਾਬ ਪੁਲਿਸ ਵਲੋਂ ਸੂਬੇ ਭਰ ਵਿਚ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਬਠਿੰਡਾ ਪੁਲਿਸ ਵਲੋਂ ਵੀ ਪੰਜ ਦਰਜਨ ਥਾਵਾਂ ’ਤੇ ਟੀਮਾਂ ਬਣਾ ਕੇ ਛਾਂਪੇਮਾਰੀ ਕੀਤੀ ਗਈ। ਐਸਐਸਪੀ ਜੇ ਇਨਾਲਚੇਜ਼ੀਅਨ ਦੀ ਅਗਵਾਈ ਹੇਠ ਪੁਲਿਸ ਦੀਆਂ ਕਰੀਬ ਡੇਢ ਦਰਜ਼ਨ ਟੀਮਾਂ ਵਲੋਂ ਗੈਂਗਸਟਰਾਂ ਨਾਲ ਜੁੜੇ ਰਹੇ ਵਿਅਕਤੀਆਂ ਦੇ ਘਰਾਂ ਵਿਚ ਦਸਤਕ ਦਿੱਤੀ। ਇਸ ਦੌਰਾਨ ਇੱਕ ਦਰਜ਼ਨ ਤੋਂ ਵੱਧ ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ। ਸੂਚਨਾ ਮੁਤਾਬਕ ਇਸ ਸਬੰਧ ਵਿਚ ਬਣਾਈਆਂ ਟੀਮਾਂ ਦੀ ਅਗਵਾਈ ਡੀਐਸਪੀ ਰੈਂਕ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਤੇ ਖ਼ੁਦ ਐਸ.ਐਸ.ਪੀ ਆਪ ਵੀ ਫ਼ੀਲਡ ਵਿਚ ਰਹੇ ਤੇ ਕਈ ਘਰਾਂ ਵਿਚ ਖ਼ੁਦ ਜਾਂਚ ਕੀਤੀ। ਐਸਐਸਪੀ ਨੇ ਦਸਿਆ ਕਿ ਇਸ ਮੁਹਿੰਮ ਦੌਰਾਨ ਮਸ਼ਹੂਰ ਗੈਂਗਸਟਰਾਂ ਨਾਲ ਸਬੰਧਤ ਵਿਅਕਤੀਆਂ ਦੇ ਘਰਾਂ ’ਚ ਇਹ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਤੇ ਇਸਦਾ ਮੰਤਵ ਅਜਿਹੇ ਮਾੜੇ ਅਨਸਰਾਂ ਨੂੰ ਨੱਥ ਪਾਉਣਾ ਹੈ, ਜੋ ਗੈਂਗਵਾਰ ਦੇ ਨਾਂ ’ਤੇ ਸੂਬੇ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਇਸ ਦੌਰਾਨ ਸਰਚ ਆਪਰੇਸ਼ਨ ਵਿਚ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਗਈ। ਪਤਾ ਲੱਗਿਆ ਹੈ ਕਿ ਅੱਜ ਕੀਤੀ ਗਈ ਛਾਪੇਮਾਰੀ ਦੌਰਾਨ ਜਿਆਦਾਤਰ ਬੰਬੀਹਾ ਗਰੁੱਪ ਦੇ ਨਾਲ ਸਬੰਧਤ ਰਹੇ ਵਿਅਕਤੀਆਂ ਨੂੰ ਨਿਸ਼ਾਨੇ ’ਤੇ ਲਿਆ ਗਿਆ। ਐਸ.ਐਸ.ਪੀ ਨੇ ਮੰਨਿਆ ਕਿ ਇਹ ਚੈਕਿੰਗ ਆਉਣ ਵਾਲੇ ਸਮੇਂ ਵਿਚ ਵੀ ਕੀਤੀ ਜਾ ਸਕਦੀ ਹੈ।
Share the post "ਬਠਿੰਡਾ ਪੁਲਿਸ ਵਲੋਂ ਗੈਗਸਟਰਾਂ ਦੇ ਨਜਦੀਕੀਆਂ ਦੇ ਘਰਾਂ ’ਚ ਛਾਪੇਮਾਰੀ, ਇੱਕ ਦਰਜ਼ਨ ਸ਼ੱਕੀ ਹਿਰਾਸਤ ’ਚ ਲਏ"