ਸੁਖਜਿੰਦਰ ਮਾਨ
ਬਠਿੰਡਾ, 2 ਸਤੰਬਰ : ਸਥਾਨਕ ਬਰਨਾਲਾ ਬਾਈਪਾਸ ’ਤੇ ਭੱਟੀ ਰੋਡ ਅਤੇ ਗਰੀਨ ਪੈਲੇਸ ਕਰਾਸਿਗ ਉੱਤੇ ਬਣਾਏ ਜਾ ਰਹੇ ਦੀਵਾਰਾਂ ਵਾਲੇ ਓਵਰਬਰਿਜ ਦੀ ਥਾਂ ਪਿੱਲਰਾਂ ਵਾਲਾ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਹੁਣ ਭਾਜਪਾ ਵੀ ਖੁੱਲ ਕੇ ਸਾਹਮਣੇ ਆ ਗਈ ਹੈ। ਇਸ ਮਾਮਲੇ ਨੂੰ ਪਹਿਲਾਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਸਿੰਗਲਾ ਤੇ ਹੋਰਨਾਂ ਵਲੋਂ ਚੁੱਕਿਆ ਜਾ ਰਿਹਾ ਸਂ। ਅਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਡਵੋਕੇਟ ਅਸੋੋਕ ਭਾਰਤੀ ਨੇ ਦਸਿਆ ਕਿ ਇਸ ਸਬੰਧ ਵਿਚ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕੇਂਦਰੀ ਪਰਿਵਹਨ ਮੰਤਰੀ ਨਿਤੀਨ ਗੜਕਰੀ ਨੂੰ ਇੱਕ ਪੱਤਰ ਲਿਖਿਆ ਹੈ। ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਡਵੋਕੇਟ ਅਸ਼ੋਕ ਭਾਰਤੀ ਨੇ ਦਸਿਆ ਕਿ ਸਰਕਾਰ ਨੂੰ ਇਸ ਮਾਮਲੇ ਵਿੱਚ ਸਾਰਥਕ ਹੱਲ ਕੱਢਣਾ ਚਾਹੀਦਾ ਹੈ ਤੇ ਲੋਕਾਂ ਦੀ ਮੰਗ ਅਨੁਸਾਰ ਦੀਵਾਰਾਂ ਵਾਲੇ ਓਵਰਬਰਿਜ ਦੀ ਜਗ੍ਹਾ ਏਲਿਵੇਟੇਡ ਰੋਡ ਬਣਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਭੇਜੇ ਪੱਤਰ ਵਿੱਚ ਬਠਿੰਡਾ ਸ਼ਹਿਰ ਵਿੱਚ ਵੱਧ ਰਹੇ ਟਰੈਫਿਕ ਅਤੇ ਇਲਾਕੇ ਦੀ ਜਰੂਰਤ ਦੇ ਅਨੁਸਾਰ ਪਿੱਲਰ ਵਾਲੇ ਓਵਰਬਰਿਜ ਦੇ ਨਾਲ ਇਸਨੂੰ ਏਲਿਵੇਟੇਡ ਰੋਡ ਦੇ ਨਾਲ ਜੋੜਣ ਦੀ ਮੰਗ ਕੀਤੀ ਹੈ। ਅਡਵੋਕੇਟ ਅਸ਼ੋਕ ਭਾਰਤੀ ਨੇ ਕਿਹਾ ਕਿ ਦੀਵਾਰਾਂ ਵਾਲਾ ਪੁਲ ਬਣਨ ਕਾਰਨ ਬਠਿੰਡਾ ਸ਼ਹਿਰ ਦੋ ਹਿੱਸਿਆ ਵਿਚ ਵੰਡਿਆ ਜਾਵੇਗਾ। ਇਸਦੇ ਇਲਾਵਾ ਬਹੁਤ ਸਾਰੇ ਲੋਕਾਂ ਦਾ ਰੋਜਗਾਰ ਵੀ ਬੰਦ ਹੋ ਜਾਵੇਗਾ।