ਕਿਹਾ ਭਗਵੰਤ ਮਾਨ ਦੱਸਣ ਕਿ ਉਨ੍ਹਾਂ ਤੇ ਕੈਪਟਨ ਵਿਚਕਾਰ ਕੀ ਅੰਤਰ ਰਹਿ ਗਿਆ
ਕੈਪਟਨ ਨੇ ਬੀਬੀ ਭੱਠਲ ਨੂੰ ਦਿੱਤਾ ਸੀ ਕੈਬਨਿਟ ਰੈਂਕ ਦਾ ਦਰਜ਼ਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਦਸੰਬਰ: ਬੀਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਵਿਚ ਚੀਫ਼ ਵਿੱਪ ਪ੍ਰੋ ਬਲਜਿੰਦਰ ਕੌਰ ਨੂੰ ਕੈਬਨਿਟ ਮੰਤਰੀ ਦਾ ਦਰਜ਼ਾ ਦੇਣ ’ਤੇ ਭੁਲੱਥ ਹਲਕੇ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਨੇਤਾ ਵਿਰੋਧੀ ਧਿਰ ਸੁਖਪਾਲ ਸਿੰਘ ਖ਼ਹਿਰਾ ਨੇ ਸਵਾਲ ਚੁੱਕੇ ਹਨ। ਉਨ੍ਹਾਂ ਜਾਰੀ ਇੱਕ ਟਵੀਟ ’ਚ ਭਗਵੰਤ ਮਾਨ ਨੂੰ ਸੰਬੋਧਤ ਹੁੰਦਿਆਂ ਸਵਾਲ ਪੁੱਛਿਆਂ ਹੈ ਕਿ ਇਸ ਫੈਸਲੇ ਤੋਂ ਬਾਅਦ ਉਹ ਦੱਸਣ ਕਿ ਉਨ੍ਹਾਂ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਕੀ ਫ਼ਰਕ ਰਹਿ ਗਿਆ ਹੈ? ਸ: ਖ਼ਹਿਰਾ ਨੇ ਕਿਹਾ ਕਿ ਕੈਪਟਨ ਨੇ ਇਸੇ ਤਰ੍ਹਾਂ ਯੋਜਨਾ ਬੋਰਡ ਦੀ ਉਪ ਚੇਅਰਮੈਨ ਰਹੀ ਬੀਬੀ ਰਜਿੰਦਰ ਕੌਰ ਭੱਠਲ ਨੂੰ ਕੈਬਨਿਟ ਮੰਤਰੀ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਸਨ ਤੇ ਹੁਣ ਮਾਨ ਸਰਕਾਰ ਨੇ ਬਲਜਿੰਦਰ ਕੌਰ ਨੂੰ ਇਹ ਅਹੁੱਦਾ ਦਿੱਤਾ ਹੈ, ਜਿਸ ਵਿਚ ਹਜ਼ਾਰਾਂ ਰੁਪਏ ਮਹੀਨਾ ਭੱਤਾ, ਮੰਤਰੀਆਂ ਵਾਲੀ ਸਰਕਾਰੀ ਰਿਹਾਇਸ਼ ਤੇ ਕਾਰ ਆਦਿ ਸਹੂਲਤਾਂ ਦਿੱਤੀਆਂ ਗਈਆਂ ਹਨ। ਸੁਖਪਾਲ ਸਿੰਘ ਖ਼ਹਿਰਾ ਨੇ ਪੰਜਾਬ ਕੈਬਨਿਟ ਦੇ ਇਸ ਫੈਸਲੇ ਨੂੰ ਨਜ਼ਾਇਜ਼ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ‘‘ ਅਜਿਹੇ ਫੈਸਲਿਆਂ ਤੋਂ ਬਾਅਦ ਵਿਧਾਇਕਾਂ ਦੀਆਂ ਇਕੱਲੀਆਂ ਪੈਨਸ਼ਨਾਂ ਬਚਾਉਣ ਦਾ ਢੰਡੋਰਾ ਪਿੱਟਣਾ ਕਿੱਥੋਂ ਤੱਕ ਜਾਇਜ਼ ਰਹਿ ਜਾਂਦਾ ਹੈ। ’’ ਜਿਕਰ ਕਰਨਾ ਬਣਦਾ ਹੈ ਕਿ ਬਠਿੰਡਾ ਜ਼ਿਲੇ ਦੇ ਹਲਕਾ ਤਲਵੰਡੀ ਸਾਬੋ ਤੋਂ ਆਪ ਦੀ ਦੂਜੀ ਵਾਰ ਵਿਧਾਇਕਾ ਬਲਜਿੰਦਰ ਕੌਰ ਨੂੰ ਸੀਨੀਅਰ ਹੋਣ ਦੇ ਬਾਵਜੂਦ ਹਾਲੇ ਤੱਕ ਮਾਨ ਸਰਕਾਰ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਵਿਚ ਪਿਛਲੇ ਸਮੇਂ ਦੌਰਾਨ ਚੀਫ਼ ਵਿੱਪ ਦਾ ਅਹੁੱਦਾ ਦਿੱਤਾ ਗਿਆ ਸੀ। ਜਿਸਦੇ ਚੱਲਦੇ ਹੁਣ ਸੰਭਾਵੀ ਹੋਣ ਵਾਲੇ ਮੰਤਰੀ ਮੰਡਲ ਦੇ ਵਾਧੇ ਵਿਚ ਉਨ੍ਹਾਂ ਦੇ ਮੰਤਰੀ ਬਣਨ ਦੀ ਚਰਚਾ ਚੱਲ ਰਹੀ ਸੀ ਪ੍ਰੰਤੂ ਭਗਵੰਤ ਮਾਨ ਦੀ ਅਗਵਾਈ ਹੇਠਲੀ ਕੈਬਨਿਟ ਨੇ ਚੀਫ਼ ਵਿੱਪ ਨੂੰ ਕੈਬਨਿਟ ਮੰਤਰੀ ਦੀਆਂ ਸਹੂਲਤਾਂ ਦੇ ਕੇ ਸਰਕਾਰ ਵਿਚ ਸ਼ਾਮਲ ਹੋਣ ਦਾ ਇੱਕ ਤਰ੍ਹਾਂ ਨਾਲ ਰਾਹ ਰੋਕ ਦਿੱਤਾ ਹੈ, ਜਿਸਦੀ ਸਿਆਸੀ ਹਲਕਿਆਂ ਵਿਚ ਵੱਡੀ ਚਰਚਾ ਹੈ।
ਬਲਜਿੰਦਰ ਕੌਰ ਨੂੰ ਕੈਬਨਿਟ ਰੈਂਕ ਦੇਣ ’ਤੇ ਸੁਖਪਾਲ ਖ਼ਹਿਰਾ ਨੇ ਚੁੱਕੇ ਸਵਾਲ
9 Views