ਸੁਖਜਿੰਦਰ ਮਾਨ
ਬਠਿੰਡਾ, 4 ਮਈ: ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਪ੍ਰੋਫੈਸਰ ਡਾ.ਆਰ.ਕੇ ਉੱਪਲ ਨੂੰ ਉੱਤਕਲ ਯੂਨੀਵਰਸਿਟੀ, ਉੜੀਸਾ ਵੱਲੋਂ ਉੱਚ ਸਿੱਖਿਆ ਦੇ ਖੇਤਰ ਵਿੱਚ ਸਭ ਤੋਂ ਵੱਡੀ ਸਿੱਖਿਆ ਦੀ ਡੀ.ਲਿਟ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਇਹ ਡਿਗਰੀ ਉੱਤਕਲ ਯੂਨੀਵਰਸਿਟੀ, ਉੜੀਸਾ ਦੀ 51ਵੀਂ ਕਨਵੋਕੇਸ਼ਨ ਵਿੱਚ ਜਸਟਿਸ ਬਿਧਯੁਤ ਰੰਜਨ ਸਾਰੰਗੀ ਜੋ ਕਿ ਹਾਈ ਕੋਰਟ ਆਫ਼ ਉੜੀਸਾ ਦੇ ਵਿੱਚ ਜੱਜ ਹਨ, ਦੁਆਰਾ ਦਿੱਤੀ ਗਈ। ਇਸ ਸ਼ੁੱਭ ਮੌਕੇ ‘ਤੇ ਉੜੀਸਾ ਦੇ ਉੱਚ ਸਿੱਖਿਆ ਮੰਤਰੀ ਡਾ. ਆਰੁਣ ਸਾਹੂ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਸਵਿਤਾ ਆਚਾਰੀਆ ਅਤੇ ਰਜਿਸਟਰਾਰ ਡਾ. ਅਵਿਆ ਕੁਮਾਰ ਨਾਇਕ ਹਾਜ਼ਰ ਸਨ। ਇਸ ਕਨਵੋਕੇਸ਼ਨ ਵਿੱਚ 189 ਪੀ.ਐੱਚ. ਡੀ. ਦੀਆਂ ਡਿਗਰੀਆਂ ਵੀ ਪ੍ਰਦਾਨ ਕੀਤੀਆਂ ਗਈਆਂ। ਡਾ. ਆਰ.ਕੇ.ਉੱਪਲ ਨੂੰ ਡੀ.ਲਿਟ ਦੀ ਡਿਗਰੀ ‘ਈ-ਡਲਿਵਰੀ ਚੈਨਲਾਂ ਰਾਹੀਂ ਭਾਰਤੀ ਬੈਂਕਾਂ ਵਿੱਚ ਪ੍ਰਬੰਧਕੀ ਪਰਿਵਰਤਨ: ਚੁਨੌਤੀਆਂ ਅਤੇ ਮੌਕੇ’ (ਮੈਨੇਜਿੰਗ ਟਰਾਂਸਫਰਮੇਸ਼ਨ ਇਨ ਇੰਡੀਅਨ ਬੈਂਕਸ ਥਰੂ ਈ-ਡਲਿਵਰੀ ਚੈਨਲਜ਼-ਚੈਲੇਂਜਜ਼ ਐਂਡ ਓਪਰਚੁਨਿਟੀਸ) ਦੇ ਵਿਸ਼ੇ ਉੱਪਰ ਖੋਜ ਕਰਨ ਦੇ ਲਈ ਦਿੱਤੀ ਗਈ।ਡਾ. ਉੱਪਲ ਨੇ ਇਸ ਗੱਲ ਦੀ ਖੋਜ ਕੀਤੀ ਹੈ ਕਿ ਈ. ਸਰਵਿਸਿਜ਼ ਨੂੰ ਪੇਂਡੂ ਖੇਤਰ ਵਿੱਚ ਕਿਵੇਂ ਵਿਕਸਿਤ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਸੇਵਾਵਾਂ ਦਾ ਬੈਂਕਾਂ ਦੀ ਕਾਰਗੁਜ਼ਾਰੀ ਉੱਪਰ ਕੀ ਪ੍ਰਭਾਵ ਪੈ ਰਿਹਾ ਹੈ। ਭਾਰਤ ਦੇ ਸਰਕਾਰੀ ਬੈਂਕ ਇਹਨਾਂ ਨਵੀਆਂ ਤਕਨੀਕਾਂ ਨੂੰ ਅਪਣਾਉਣ ਨਾਲ ਹੀ ਸਮੇਂ ਦੇ ਹਾਣੀ ਬਣ ਸਕਦੇ ਹਨ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਿਦੇਸ਼ੀ ਬੈਂਕਾਂ ਦਾ ਮੁਕਾਬਲਾ ਕਰ ਸਕਦੇ ਹਨ।ਡਾ. ਉੱਪਲ ਨੇ ਭਾਰਤੀ ਬੈਂਕਿੰਗ ਪ੍ਰਣਾਲੀ ਨਾਲ ਸਬੰਧਿਤ 72 ਤੋਂ ਜ਼ਿਆਦਾ ਪੁਸਤਕਾਂ ਲਿਖੀਆਂ ਹਨ ਅਤੇ ਉਨ੍ਹਾਂ ਨੇ ਅਨੇਕਾਂ ਯੂ.ਜੀ.ਸੀ. ਦੇ ਖੋਜ ਪ੍ਰੋਜੈਕਟਾਂ ਵਿੱਚ ਕੰਮ ਕੀਤਾ ਹੈ ਅਤੇ 300 ਤੋਂ ਵੀ ਜ਼ਿਆਦਾ ਬੈਂਕਾਂ ਦੇ ਨਾਲ ਸਬੰਧਿਤ ਖੋਜ ਪੇਪਰ ਲਿਖੇ ਹਨ ਅਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਕਈ ਯੂਨੀਵਰਸਿਟੀਆਂ ਨੇ ਡੀ.ਲਿਟ ਦੀ ਡਿਗਰੀ ਪ੍ਰਦਾਨ ਕੀਤੀ ਹੈ। ਡਾ. ਆਰ.ਕੇ.ਉੱਪਲ ਤੋਂ ਕਈ ਵਿਦਿਆਰਥੀ ਪੀ.ਐੱਚ.ਡੀ. ਵੀ ਕਰ ਚੁੱਕੇ ਹਨ ਅਤੇ ਉਹ ਇਸ ਸਮੇਂ ਕਈ ਖੋਜ ਪ੍ਰੋਜੈਕਟਾਂ ਵਿੱਚ ਕੰਮ ਵੀ ਕਰ ਰਹੇ ਹਨ। ਇਸ ਸ਼ਾਨਦਾਰ ਪ੍ਰਾਪਤੀ ‘ਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਡਾ. ਉੱਪਲ ਨੂੰ ਦਿਲੋਂ ਵਧਾਈ ਦਿੱਤੀ।
ਬਾਬਾ ਫ਼ਰੀਦ ਕਾਲਜ ਦੇ ਪ੍ਰੋਫੈਸਰ ਡਾ.ਉੱਪਲ ਡੀ.ਲਿਟ ਡਿਗਰੀ ਨਾਲ ਹੋਏ ਸਨਮਾਨਿਤ
5 Views