ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ: ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਸਾਇੰਸਜ਼ ਦੇ ਬਾਇਉਟੈਕਨਾਲੋਜੀ ਅਤੇ ਬੋਟਨੀ ਵਿਭਾਗ ਨੇ ‘ਭਾਰਤ ਵਿੱਚ ‘ਔਸ਼ਧੀ ਅਤੇ ਖ਼ੁਸ਼ਬੂਦਾਰ ਪੌਦਿਆਂ ਦੇ ਖੇਤਰ ਵਿੱਚ ਸੰਭਾਵਨਾ ਅਤੇ ਕੈਰੀਅਰ ਦੇ ਮੌਕੇ‘ ਵਿਸ਼ੇ ‘ਤੇ ਮਾਈਕਰੋਸਾਫ਼ਟ ਟੀਮਜ਼ ਰਾਹੀਂ ਆਨਲਾਈਨ ਗੈੱਸਟ ਲੈਕਚਰ ਕਰਵਾਇਆ। ਜਿਸ ਦਾ ਮੁੱਖ ਉਦੇਸ਼ ਔਸ਼ਧੀ ਫ਼ਸਲਾਂ ਜਿਵੇਂ ਕਿ ਸਰਪਗੰਧਾ, ਸਤਾਵਰ, ਮੁਸਲੀ, ਆਦਿ ਅਤੇ ਖ਼ੁਸ਼ਬੂਦਾਰ ਫ਼ਸਲਾਂ ਜਿਵੇਂ ਪੁਦੀਨਾ (ਮੈਂਥਾ), ਲੈਮਨ ਗਰਾਸ, ਜਾਵਾ ਸਿਟਰੋਨੇਲਾ, ਪਾਲਮਾਰੋਸਾ, ਜਾਮਾ ਰੋਸਾ, ਤੁਲਸੀ ਆਦਿ ਦੇ ਵਿਕਾਸ ਲਈ ਵੱਡੀ ਸੰਭਾਵਨਾ ਪ੍ਰਦਾਨ ਕਰਨਾ ਸੀ ਜੋ ਵਿਦਿਆਰਥੀਆਂ ਦੇ ਅਕਾਦਮਿਕ ਕੈਰੀਅਰ ਵਿੱਚ ਉਨ੍ਹਾਂ ਦੀ ਮਦਦ ਕਰੇਗੀ। ਇਸ ਸੈਸ਼ਨ ਵਿੱਚ ਇੰਟਰਨਲ ਯੂਨੀਵਰਸਿਟੀ ਬੜੂ ਸਾਹਿਬ, ਜ਼ਿਲ੍ਹਾ ਸਿਰਮੌਰ, ਹਿਮਾਚਲ ਪ੍ਰਦੇਸ਼ (ਭਾਰਤ) ਦੇ ਬੋਟਨੀ ਵਿਭਾਗ ਤੋਂ ਐਸੋਸੀਏਟ ਪ੍ਰੋਫੈਸਰ-ਬੋਟਨੀ (ਔਸ਼ਧੀ ਪੌਦੇ) ਡਾ. ਵਿਵੇਕ ਸ਼ਰਮਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ । ਬਾਬਾ ਫ਼ਰੀਦ ਕਾਲਜ ਦੇ ਜੂਆਲੋਜੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਅਨੀਸ਼ਾ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਮਹਿਮਾਨ ਬੁਲਾਰੇ ਦੀ ਸਾਰਿਆਂ ਨਾਲ ਜਾਣ-ਪਛਾਣ ਕਰਵਾਈ। ਇਸ ਸੈਸ਼ਨ ਵਿੱਚ ਬਾਇਉਟੈਕਨਾਲੋਜੀ ਦੇ ਸਾਰੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਡਾ. ਵਿਵੇਕ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੌਦਿਆਂ ਦੀ ਮਹੱਤਤਾ ਬਾਰੇ ਦੱਸਦਿਆਂ ਕੀਤੀ। ਇਹ ਭਾਸ਼ਣ ਪੌਦਿਆਂ ਦੀਆਂ ਦੋ ਪ੍ਰਮੁੱਖ ਸ਼੍ਰੇਣੀਆਂ: ਔਸ਼ਧੀ ਫ਼ਸਲਾਂ ਅਤੇ ਖ਼ੁਸ਼ਬੂਦਾਰ ਫ਼ਸਲਾਂ ‘ਤੇ ਕੇਂਦਰਿਤ ਸੀ। ਉਨ੍ਹਾਂ ਨੇ ਸਰਪਗੰਧਾ, ਸਤਾਵਰ, ਮੁਸਲੀ, ਪਾਲਮਾਰੋਸਾ, ਜਾਮਾ ਰੋਸਾ ਅਤੇ ਤੁਲਸੀ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਪੌਦਿਆਂ ਦੀ ਵਰਤੋਂ ਪੂਰਵ-ਇਤਿਹਾਸਕ ਕਾਲ ਤੋਂ ਬਹੁਤ ਪਹਿਲਾਂ ਚਿਕਿਤਸਿਕ ਉਦੇਸ਼ਾਂ ਲਈ ਕੀਤੀ ਜਾਂਦੀ ਰਹੀ ਹੈ। ਪ੍ਰਾਚੀਨ ਯੂਨਾਨੀ ਹੱਥ-ਲਿਖਤਾਂ ਮਿਸਰੀ ਪਪਾਇਰਸ ਅਤੇ ਚੀਨੀ ਲਿਖਤਾਂ ਵਿਚ ਜੜ੍ਹੀਂ ਬੂਟੀਆਂ ਦੀ ਵਰਤੋਂ ਦਾ ਵਰਣਨ ਕੀਤਾ ਗਿਆ ਹੈ। ਇਹ ਸਬੂਤ ਦਰਸਾਉਂਦਾ ਹੈ ਕਿ ਯੂਨਾਨੀ ਹਕੀਮ, ਭਾਰਤੀ ਵੈਦ ਅਤੇ ਯੂਰਪੀਅਨ ਤੇ ਮੈਡੀਟੇਰੀਅਨ ਸਭਿਆਚਾਰ 4000 ਸਾਲਾਂ ਤੋਂ ਦਵਾਈ ਵਜੋਂ ਜੜ੍ਹੀਂ ਬੂਟੀਆਂ ਦੀ ਵਰਤੋਂ ਕਰ ਰਹੇ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਚਰਚਾ ਕੀਤੀ ਕਿ ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ ਦੁਨੀਆ ਭਰ ਵਿੱਚ 80 ਪ੍ਰਤੀਸ਼ਤ ਲੋਕ ਆਪਣੀਆਂ ਮੁੱਢਲੀਆਂ ਸਿਹਤ ਦੇਖਭਾਲ ਦੀਆਂ ਜ਼ਰੂਰਤਾਂ ਦੇ ਕੁੱਝ ਪਹਿਲੂਆਂ ਲਈ ਹਰਬਲ ਦਵਾਈਆਂ ‘ਤੇ ਨਿਰਭਰ ਕਰਦੇ ਹਨ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਲਗਭਗ 21,000 ਪੌਦਿਆਂ ਦੀਆਂ ਕਿਸਮਾਂ ਵਿੱਚ ਚਿਕਿਤਸਿਕ ਪੌਦਿਆਂ ਵਜੋਂ ਵਰਤੇ ਜਾਣ ਦੀ ਸੰਭਾਵਨਾ ਹੈ। ਅੰਤ ਵਿੱਚ ਉਨ੍ਹਾਂ ਨੇ ਦੱਸਿਆ ਕਿ ਸਾਡੀ ਜੀਵਨ ਸ਼ੈਲੀ ਹੁਣ ਟੈਕਨੋ-ਸੇਵੀ ਹੁੰਦੀ ਜਾ ਰਹੀ ਹੈ ਅਤੇ ਅਸੀਂ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ ਜਦੋਂ ਕਿ ਅਸੀਂ ਕੁਦਰਤ ਤੋਂ ਬਚ ਨਹੀਂ ਸਕਦੇ ਕਿਉਂਕਿ ਅਸੀਂ ਕੁਦਰਤ ਦਾ ਹਿੱਸਾ ਹਾਂ। ਜੜੀ ਬੂਟੀਆਂ ਕੁਦਰਤੀ ਉਤਪਾਦ ਹਨ ਅਤੇ ਇਹ ਮਾੜੇ ਪ੍ਰਭਾਵਾਂ ਤੋਂ ਮੁਕਤ ਹਨ ਅਤੇ ਇਹ ਤੁਲਨਾਤਮਿਕ ਤੌਰ ‘ਤੇ ਸੁਰੱਖਿਅਤ, ਵਾਤਾਵਰਨ-ਅਨੁਕੂਲ ਅਤੇ ਸਥਾਨਕ ਤੌਰ ‘ਤੇ ਉਪਲਬਧ ਹਨ। ਰਵਾਇਤੀ ਤੌਰ ‘ਤੇ ਵੱਖ-ਵੱਖ ਮੌਸਮਾਂ ਨਾਲ ਸਬੰਧਿਤ ਬਿਮਾਰੀਆਂ ਲਈ ਬਹੁਤ ਸਾਰੀਆਂ ਜੜ੍ਹੀਆਂ ਬੂਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਮਨੁੱਖੀ ਜਾਨਾਂ ਬਚਾਉਣ ਲਈ ਇਨ੍ਹਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ। ਸੈਸ਼ਨ ਦੇ ਅੰਤ ਵਿੱਚ ਡਾ. ਵਿਵੇਕ ਸ਼ਰਮਾ ਵੱਲੋਂ ਵਿਦਿਆਰਥੀਆਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ ਗਏ।ਸੈਸ਼ਨ ਦੀ ਸਮਾਪਤੀ ਮੌਕੇ ਬਾਇਉਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਰਿਤੂ ਪਵਨ ਦੁਆਰਾ ਮਹਿਮਾਨ ਬੁਲਾਰੇ ਅਤੇ ਸੈਸ਼ਨ ਵਿੱਚ ਸ਼ਾਮਲ ਹੋਏ ਸਾਰੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਦਾ ਪ੍ਰਤੀਕਰਮ ਬਹੁਤ ਸਕਾਰਾਤਮਿਕ ਸੀ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੇ ਹੋਰ ਸੈਸ਼ਨਾਂ ਦੀ ਮੰਗ ਕੀਤੀ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ।
ਬਾਬਾ ਫ਼ਰੀਦ ਕਾਲਜ ਨੇ ਗੈੱਸਟ ਲੈਕਚਰ ਕਰਵਾਇਆ
9 Views