ਭਗਵੰਤ ਮਾਨ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਭੋਲਾ ਸਿੰਘ ਮਾਨ
ਮੌੜ ਮੰਡੀ, 29 ਅਪ੍ਰੈਲ: ਪਿਛਲੇ ਕਈ ਦਿਨਾਂ ਤੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਵੱਡੇ ਵੱਡੇ ਲਗਾਏ ਜਾ ਰਹੇ ਬਿਜਲੀ ਕੱਟਾਂ ਤੋਂ ਦੁਖੀ ਹੋ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਮੌੜ ਦੀ ਅਗਵਾਈ ਹੇਠ ਕਿਸਾਨਾਂ ਨੇ ਪਾਵਰਕਾਮ ਦੇ ਐਕਸਨ ਮੌੜ ਦਾ ਘਿਰਾਓ ਕਰਨ ਤੋਂ ਬਾਅਦ ਬਠਿੰਡਾ-ਭਵਾਨੀਗੜ ਰਾਜ ਮਾਰਗ ’ਤੇ ਧਰਨਾ ਲਗਾ ਕੇ ਹਾਈਵੇ ਜਾਮ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਵਰ ਕਾਰਪੋਰੇਸ਼ਨ ਦੇ ਖ਼ਿਲਾਫ਼ ਭਰਵੀਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਬਲਵਿੰਦਰ ਸਿੰਘ ਜੋਧਪੁਰ, ਅਮਰਜੀਤ ਸਿੰਘ ਸਿੰਘ ਯਾਤਰੀ, ਜੋਧਾ ਸਿੰਘ ਨੰਗਲਾ, ਮਹਿਮਾ ਸਿੰਘ ਚੱਠੇ ਵਾਲਾ, ਮੁਖਤਿਆਰ ਸਿੰਘ ਕੁੱਬੇ ਆਦਿ ਨੇ ਬੋਲਦੇ ਹੋਏ ਕਿਹਾ ਕਿ ਹਰ ਇੱਕ ਫ਼ਸਲ ’ਤੇ ਐੱਮਐੱਸਪੀ ਦੇਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਰਾਜ ਅੰਦਰ ਕਿਸਾਨ ਫ਼ਸਲਾਂ ਦੀ ਬਿਜਾਈ ਕਰਨ ਲਈ ਬਿਜਲੀ ਨੂੰ ਤਰਸ ਰਹੇ ਹਨ। ਪ੍ਰੰਤੂ ਪਾਵਰਕਾਮ ਵੱਲੋਂ ਖੇਤੀ ਮੋਟਰਾਂ ਦੇ ਨਾਲ ਨਾਲ ਘਰੇਲੂ ਸਪਲਾਈ ’ਚ ਵੀ ਵੱਡੇ ਵੱਡੇ ਕੱਟ ਲਗਾਏ ਜਾ ਰਹੇ ਹਨ। ਜਿਸ ਕਾਰਨ ਕਿਸਾਨ ਮੱਕੀ, ਮੂੰਗੀ ਅਤੇ ਨਰਮੇਂ ਦੀ ਬਿਜਾਈ ਕਰਨ ਲਈ ਪ੍ਰੇਸ਼ਾਨ ਹੋ ਰਹੇ ਹਨ। ਉਨਾਂ ਅੱਗੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨ ਖੁਦਕੁਸ਼ੀਆਂ ਤੇ ਬੜੀ ਦੁਹਾਈ ਪਾਉਂਦਾ ਰਿਹਾ। ਪੰ੍ਰਤੂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ 7-8 ਕਿਸਾਨਾਂ ਨੇ ਇੱਕੋ ਸਮੇਂ ਖੁਦਕੁਸ਼ੀ ਕਰ ਲਈ। ਪਰ ਮਾਨ ਸਰਕਾਰ ਦੇ ਕੰਨਾਂ ’ਤੇ ਜੂੰਅ ਨਹੀ ਸਰਕ ਰਹੀ । ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਸਿਆਸੀ ਲੋਕ ਸਤਾ ਹਾਸਿਲ ਕਰਨ ਲਈ ਵੱਡੇ ਵੱਡੇ ਡਰਾਮੇਂ ਕਰਦੇ ਹਨ। ਇਸ ਮੌਕੇ ਵਿੰਦਰ ਸਿੰਘ ਮੌੜ ਕਲਾਂ, ਦਵਿੰਦਰਪਾਲ ਸਿੰਘ ਯਾਤਰੀ, ਭੋਲਾ ਸਿੰਘ ਮੌੜ ਕਲਾਂ, ਪਰਗਟ ਸਿੰਘ ਕੁੱਤੀਵਾਲ, ਬਹਾਦਰ ਸਿੰਘ ਥੰਮਣਗੜ, ਗੁਰਦੀਪ ਸਿੰਘ ਮੌੜ ਕਲਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਿਸਾਨ ਮੌਜੂਦ ਸਨ।
ਬਿਜਲੀ ਕੱਟਾਂ ਤੋਂ ਅੱਕੇ ਕਿਸਾਨਾਂ ਨੇ ਬਠਿੰਡਾ-ਭਵਾਨੀਗੜ ਰਾਜ ਮਾਰਗ ਕੀਤਾ ਜਾਮ
11 Views