’ਕੰਪਿਊਟਿੰਗ, ਸੰਚਾਰ ਅਤੇ ਸੁਰੱਖਿਆ’ ਦੇ ਖੇਤਰ ਵਿੱਚ ਰੋਜ਼ਗਾਰ ਦੀਆਂ ਭਰਪੂਰ ਸੰਭਾਵਨਾਵਾਂ ਬਾਰੇ ਹੋਈ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 4 ਮਾਰਚ : ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਵੱਲੋਂ ਵਿਸ਼ਵ ਪ੍ਰਸਿੱਧ ਪਬਲਿਸ਼ਿੰਗ ਕੰਪਨੀ ’ਸਪਰਿੰਗਰ’ ਦੇ ਤਕਨੀਕੀ ਸਹਿਯੋਗ ਨਾਲ ਆਯੋਜਿਤ ’ਕੰਪਿਊਟਿੰਗ, ਸੰਚਾਰ ਅਤੇ ਸੁਰੱਖਿਆ’ ਬਾਰੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਅੱਜ ਸਫਲਤਾਪੂਰਵਕ ਸੰਪੰਨ ਹੋ ਗਈ । ਇਸ ਕਾਨਫ਼ਰੰਸ ਵਿਚ ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ 65 ਤੋਂ ਵਧੇਰੇ ਡੈਲੀਗੇਟਾਂ, ਖੋਜਾਰਥੀਆਂ ਅਤੇ ਰਿਸਰਚ ਸਕਾਲਰਾਂ ਨੇ ਭਾਗ ਲਿਆ ਅਤੇ ਵੱਖ-ਵੱਖ ਸੈਸ਼ਨਾਂ ਵਿੱਚ ਆਪਣੇ ਖੋਜ ਪੱਤਰ ਪੇਸ਼ ਕੀਤੇ। ਇਸ ਕਾਨਫਰੰਸ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਡਾ. ਐਸ.ਡੀ. ਸੁਦਰਸ਼ਨ, ਕਾਰਜਕਾਰੀ ਡਾਇਰੈਕਟਰ ਸੀ-ਡੈਕ ਬੰਗਲੌਰ ਸਨ ਜਦੋਂ ਕਿ ਇਨਫੋਸਿਸ ਚੰਡੀਗੜ੍ਹ ਦੇ ਵਾਈਸ ਪ੍ਰੈਜੀਡੈਂਟ ਅਤੇ ਸੈਂਟਰ ਹੈੱਡ ਸ੍ਰੀ ਅਭਿਸ਼ੇਕ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਗਰੁੱਪ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਅਤੇ ਹਾਜ਼ਰ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕਰਦਿਆਂ ਪਲੇਸਮੈਂਟ, ਰਿਸਰਚ , ਵਰਲਡ ਸਕਿੱਲ, ਅਕਾਦਮਿਕ, ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਦੇ ਖੇਤਰ ਵਿੱਚ ਬੀ.ਐਫ.ਜੀ.ਆਈ. ਦੀਆਂ ਅਹਿਮ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਐਮ.ਆਰ.ਐਸ. ਪੀ.ਟੀ.ਯੂ. ਵੱਲੋਂ ਬੈੱਸਟ ਪਲੇਸਮੈਂਟ ਅਤੇ ਬੈੱਸਟ ਅਕਾਦਮਿਕ ਨਤੀਜਿਆਂ ਦੀ ਸ਼ਰੇਣੀ ਵਿੱਚ ਆਪਣੇ ਸਾਰੇ ਕਾਲਜਾਂ ਵਿੱਚੋਂ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਨੂੰ ਸਰਵੋਤਮ ਕਾਲਜ ਵਜੋਂ ਚੁਣਿਆ ਹੈ।ਮੁੱਖ ਮਹਿਮਾਨ ਡਾ. ਐਸ.ਡੀ. ਸੁਦਰਸ਼ਨ ਕਾਰਜਕਾਰੀ ਡਾਇਰੈਕਟਰ ਸੀ-ਡੈਕ ਬੰਗਲੌਰ ਨੇ ਆਪਣੇ ਸੰਬੋਧਨ ਦੌਰਾਨ ਕਾਨਫ਼ਰੰਸ ਦੇ ਥੀਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੰਪਿਊਟਿੰਗ, ਕਮਿਊਨੀਕੇਸ਼ਨ ਅਤੇ ਸੁਰੱਖਿਆ ਦੇ ਪਹਿਲੂਆਂ ਵਿੱਚੋਂ ਸੁਰੱਖਿਆ ਦਾ ਪਹਿਲੂ ਜ਼ਿਆਦਾ ਮਹੱਤਵਪੂਰਨ ਹੈ । ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਉਨ੍ਹਾਂ ਨੇ ਕਮਿਊਨੀਕੇਸ਼ਨ ਸਕਿੱਲ ਦੇ ਮਹੱਤਵ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਵਿਸ਼ੇਸ਼ ਮਹਿਮਾਨ ਸ੍ਰੀ ਅਭਿਸ਼ੇਕ ਗੋਇਲ, ਵਾਈਸ ਪ੍ਰੈਜ਼ੀਡੈਂਟ ਅਤੇ ਸੈਂਟਰ ਹੈੱਡ ਇਨਫੋਸਿਸ (ਚੰਡੀਗੜ੍ਹ) ਨੇ ਭਵਿੱਖ ਦੀਆਂ ਟੈਕਨਾਲੋਜੀਆਂ ਬਾਰੇ ਸ਼ਾਨਦਾਰ ਵਿਚਾਰ ਚਰਚਾ ਕਰਦਿਆਂ ਵਿਦਿਆਰਥੀਆਂ ਨੂੰ ਇੰਡਸਟਰੀ ਦੀ ਮੰਗ ਅਨੁਸਾਰ ਹੁਨਰ ਪ੍ਰਾਪਤ ਕਰਨ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ। ਕਾਨਫ਼ਰੰਸ ਦੇ ਕਨਵੀਨਰ ਡਾ. ਤੇਜਿੰਦਰਪਾਲ ਸਿੰਘ ਸਰਾਓ ਨੇ ਕਾਨਫ਼ਰੰਸ ਦੀ ਰਿਪੋਰਟ ਪੜ੍ਹੀ । ਇਸ ਕਾਨਫ਼ਰੰਸ ਲਈ ਭਾਰਤ ਅਤੇ ਵਿਦੇਸ਼ਾਂ ਵਿੱਚੋਂ 200 ਤੋਂ ਵਧੇਰੇ ਖੋਜ ਪੱਤਰ ਪ੍ਰਾਪਤ ਹੋਏ ਜਿਨ੍ਹਾਂ ਵਿੱਚੋਂ ਚੁਣੇ ਗਏ ਖੋਜ ਪੱਤਰ ਸਪਰਿੰਗਰ ਵੱਲੋਂ ਪਬਲਿਸ਼ ਕੀਤੇ ਜਾਣਗੇ। ਇਸ 2 ਦਿਨਾਂ ਕਾਨਫ਼ਰੰਸ ਵਿੱਚ 6 ਤਕਨੀਕੀ ਸੈਸ਼ਨ ਹੋਏ ਅਤੇ ਇਸ ਤੋਂ ਇਲਾਵਾ ਇੱਕ ਟੈਕਨੀਕਲ ਵਰਕਸ਼ਾਪ ਸ੍ਰੀ .ਵੀ. ਕੇ ਆਰੀਆ (ਰਿਟਾ. ਡਿਪਟੀ ਡਾਇਰੈਕਟਰ ਜਨਰਲ, ਸੂਚਨਾ ਮੰਤਰਾਲਾ, ਭਾਰਤ ਸਰਕਾਰ) ਦੁਆਰਾ ਲਈ ਗਈ।ਇਸ ਮੌਕੇ ਬੀ.ਐਫ.ਜੀ.ਆਈ. ਵੱਲੋਂ ਆਈ.ਟੀ. ਖੇਤਰ ਦੀ ਦਿੱਗਜ਼ ਕੰਪਨੀ ਇਨਫੋਸਿਸ ਨਾਲ ਐਮ.ਓ.ਯੂ. ਵੀ ਸਾਈਨ ਕੀਤਾ ਗਿਆ।ਅੰਤ ਵਿੱਚ ਬੀ.ਐਫ.ਜੀ.ਆਈ. ਦੀ ਮੈਨੇਜਮੈਂਟ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Share the post "ਬੀ.ਐਫ.ਜੀ.ਆਈ. ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ’ਆਈ.ਸੀ.ਸੀ.ਸੀ.ਐਸ.-23 ਸਫਲਤਾਪੂਰਵਕ ਸੰਪੰਨ"