ਸੁਖਜਿੰਦਰ ਮਾਨ
ਬਠਿੰਡਾ, 18 ਅਗਸਤ: ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਬਠਿੰਡਾ (ਬੀ.ਐਫ.ਸੀ.ਈ.ਟੀ.) ਵੱਲੋਂ ਬੈਚ 2022 ਦੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਕਰਵਾਏ ਜਾ ਰਹੇ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ‘ਆਰੰਭ-22‘ ਦੀ ਅੱਜ ਸਫਲਤਾਪੂਰਵਕ ਸ਼ੁਰੂਆਤ ਹੋਈ । ਇਸ ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਵਿੱਚ ਪ੍ਰੋ. (ਡਾ.) ਰਾਘਵੇਂਦਰ ਪੀ . ਤਿਵਾੜੀ ਵਾਈਸ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੇ ਨਵੇਂ ਮਾਹੌਲ ਦੇ ਅਨੁਕੂਲ ਬਣਾਉਣ ਤੇ ਸਹਿਜ ਮਹਿਸੂਸ ਕਰਵਾਉਣ ਵਿੱਚ ਸਹਾਇਤਾ ਕਰਨਾ, ਉਨ੍ਹਾਂ ਵਿੱਚ ਸੰਸਥਾ ਦੇ ਸਦਾਚਾਰ ਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ, ਉਨ੍ਹਾਂ ਦੇ ਹੋਰਨਾਂ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਰਿਸ਼ਤੇ ਬਣਾਉਣ ਵਿੱਚ ਮਦਦ ਕਰਨਾ ਅਤੇ ਉਨ੍ਹਾਂ ਦੇ ਵੱਡੇ ਉਦੇਸ਼ਾਂ ਅਤੇ ਸਵੈ ਪੜਚੋਲ ਦੀ ਭਾਵਨਾ ਨੂੰ ਉਜਾਗਰ ਕਰਨਾ ਹੈ। ਇਸ ਪ੍ਰੋਗਰਾਮ ਦੇ ਉਦਘਾਟਨ ਦੌਰਾਨ ਬੀ.ਐਫ.ਸੀ.ਈ.ਟੀ. ਦੀ ਪਿ੍ਰੰਸੀਪਲ ਡਾ. ਜਯੋਤੀ ਬਾਂਸਲ ਨੇ ਆਏ ਹੋਏ ਸਾਰੇ ਸਤਿਕਾਰਤ ਮਹਿਮਾਨਾਂ ਅਤੇ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਨੇ ਸ਼ਮ੍ਹਾ ਰੌਸ਼ਨ ਕਰ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਸਹੂਲਤ ਪ੍ਰਬੰਧਨ) ਸ. ਹਰਪਾਲ ਸਿੰਘ, ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਸਲਿੰਗ) ਸ੍ਰੀ ਬੀ.ਡੀ. ਸ਼ਰਮਾ, ਅਸਿਸਟੈਂਟ ਡਾਇਰੈਕਟਰ (ਐਡਮਿਨ) ਸ. ਰਜਿੰਦਰ ਸਿੰਘ ਧਨੋਆ ਵੀ ਹਾਜ਼ਰ ਸਨ ।
ਮੁੱਖ ਮਹਿਮਾਨ ਪ੍ਰੋ. (ਡਾ.) ਰਾਘਵੇਂਦਰ ਪੀ . ਤਿਵਾੜੀ, ਵਾਈਸ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ਵਿਦਿਆਰਥੀਆਂ ਨਾਲ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ ਕਿਉਂਕਿ ਉਹ ਇੱਕ ਨਵੇਂ ਸਫ਼ਰ ਨੂੰ ਸ਼ੁਰੂ ਕਰਨ ਜਾ ਰਹੇ ਹਨ। । ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੋਜ ਅਤੇ ਨਵੀਨਤਾਕਾਰੀ ਲਈ ਅੱਗੇ ਆਉਣ ਲਈ ਉਤਸ਼ਾਹਿਤ ਵੀ ਕੀਤਾ।ਉਨ੍ਹਾਂ ਦਾ ਭਾਸ਼ਣ ਮੁੱਖ ਤੌਰ ‘ਤੇ ਤਕਨੀਕ ਆਧਾਰਿਤ ਆਨਲਾਈਨ ਕ੍ਰੈਡਿਟ ਕੋਰਸਾਂ ਨੂੰ ਸ਼ਾਮਲ ਕਰ ਕੇ ਗੁਣਵੱਤਾ ਅਤੇ ਵਿਦਿਆਰਥੀ ਦਾ ਸੰਪੂਰਨ ਵਿਕਾਸ ਕਰਨ ਬਾਰੇ ਸੀ । ਇਸ ਮੌਕੇ ਨਵੇਂ ਵਿਦਿਆਰਥੀਆਂ ਵਿੱਚ ਉਤਸ਼ਾਹ ਭਰਨ ਲਈ ਮੌਜੂਦਾ ਵਿਦਿਆਰਥੀਆਂ ਵੱਲੋਂ ਗੀਤ ਸੰਗੀਤ, ਡਾਂਸ ਅਤੇ ਭੰਗੜਾ ਆਦਿ ਵੱਖ-ਵੱਖ ਸਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਅਖੀਰ ਵਿੱਚ ਵਿਦਿਆਰਥੀਆਂ ਵੱਲੋਂ ਆਪਣੇ ਸੰਬੰਧਿਤ ਸਲਾਹਕਾਰਾਂ ਨਾਲ ਕੈਂਪਸ ਦਾ ਦੌਰਾ ਕੀਤਾ ਗਿਆ। ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਪ੍ਰੋਜੈਕਟਾਂ ਵੀ ਨਵੇਂ ਆਏ ਵਿਦਿਆਰਥੀਆਂ ਨੂੰ ਦਿਖਾਏ ਗਏ ।
ਜ਼ਿਕਰਯੋਗ ਹੈ ਕਿ ਇਸ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ‘ਆਰੰਭ-22‘ ਵਿੱਚ ਅਲੂਮਨੀ ਇੰਟਰੈਕਸ਼ਨ, ਆਰਟ ਆਫ਼ ਲੀਵਿੰਗ, ਸ਼ਖ਼ਸੀਅਤ ਵਿਕਾਸ, ਐਰੋਬਿਕਸ ਯੋਗਾ, ਫਿਟਨੈੱਸ ਤੇ ਸਵੈ ਰੱਖਿਆ ਤੇ ਵਰਕਸ਼ਾਪ, ਵੱਖ-ਵੱਖ ਕਲੱਬਾਂ ਦੁਆਰਾ ਤਕਨੀਕੀ ਗਤੀਵਿਧੀਆਂ, ਟਰੇਨਿੰਗ ਐਂਡ ਪਲੇਸਮੈਂਟ, ਉਦਮਤਾ ਅਤੇ ਸਟਾਰਟ ਅੱਪ ਅਤੇ ਨਸ਼ਾਖੋਰੀ ਆਦਿ ‘ਤੇ ਮਾਹਿਰ ਭਾਸ਼ਣ, ਟੇਲੈਂਟ ਹੰਟ, ਸਿਹਤਮੰਦ ਜੀਵਨ, ਮਨੁੱਖੀ ਕਦਰਾਂ ਕੀਮਤਾਂ ‘ਤੇ ਸੈਮੀਨਾਰ, ਬਰਿੱਜ ਕੋਰਸ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ‘ਤੇ ਭਾਸ਼ਣ ਆਦਿ ਨੂੰ ਸ਼ਾਮਲ ਕੀਤਾ ਜਾਵੇਗਾ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਦੇ ਸਕੂਲ ਆਫ਼ ਸਕਿੱਲ ਡਿਵੈਲਪਮੈਂਟ ਦੀ ਡੀਨ ਡਾ.ਨਿਮੀਸ਼ਾ ਸਿੰਘ ਨੇ ਸਾਰੇ ਸਤਿਕਾਰਤ ਮਹਿਮਾਨਾਂ ਅਤੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੀ ਪਿ੍ਰੰਸੀਪਲ ਅਤੇ ਪ੍ਰਬੰਧਕੀ ਟੀਮ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ।
Share the post "ਬੀ.ਐਫ.ਸੀ.ਈ.ਟੀ. ਵਿਖੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਲਈ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ‘ਆਰੰਭ-22‘ ਦੀ ਹੋਈ ਸ਼ੁਰੂਆਤ"