ਸੁਖਜਿੰਦਰ ਮਾਨ
ਬਠਿੰਡਾ, 12 ਅਕਤੂਬਰ: ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਵਿਖੇ 13 ਸਤੰਬਰ 2021 ਤੋਂ ਸ਼ੁਰੂ ਹੋਇਆ 21 ਦਿਨਾਂ ਦਾ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ‘ਆਰੰਭ 21’ ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੇ ਨਵੇਂ ਮਾਹੌਲ ਦੇ ਅਨੁਕੂਲ ਬਣਾਉਣ ਤੇ ਸਹਿਜ ਮਹਿਸੂਸ ਕਰਵਾਉਣ ਵਿੱਚ ਸਹਾਇਤਾ ਕਰਨਾ, ਉਨ੍ਹਾਂ ਵਿੱਚ ਸੰਸਥਾ ਦੇ ਸਦਾਚਾਰ ਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ, ਉਨ੍ਹਾਂ ਦੇ ਹੋਰਨਾਂ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਰਿਸ਼ਤੇ ਬਣਾਉਣ ਵਿੱਚ ਮਦਦ ਕਰਨਾ ਅਤੇ ਉਨ੍ਹਾਂ ਦੇ ਵੱਡੇ ਉਦੇਸ਼ਾਂ ਅਤੇ ਸਵੈ ਪੜਚੋਲ ਦੀ ਭਾਵਨਾ ਨੂੰ ਉਜਾਗਰ ਕਰਨਾ ਸੀ। ਇਸ ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਵਿੱਚ ਸਾਰੇ ਆਏ ਹੋਏ ਮਹਿਮਾਨਾਂ ਅਤੇ ਸ਼ਖ਼ਸੀਅਤਾਂ ਦਾ ਰਸਮੀ ਸਵਾਗਤ ਬੀ.ਐਫ.ਸੀ.ਈ.ਟੀ. ਦੀ ਪ੍ਰਿੰਸੀਪਲ ਡਾ. ਜਯੋਤੀ ਬਾਂਸਲ ਨੇ ਕੀਤਾ। ਇਸ ਮੌਕੇ ਡਾ. ਦਿਨੇਸ਼ ਕੁਮਾਰ ਸਿੰਘ, ਕਾਰਜਕਾਰੀ ਡਾਇਰੈਕਟਰ, ਏਮਜ਼ ਬਠਿੰਡਾ ਮੁੱਖ ਮਹਿਮਾਨ ਸਨ ਜਦੋਂ ਕਿ ਸ. ਐਚ.ਐਸ. ਚੀਮਾ, ਚੇਅਰਮੈਨ, ਚੀਮਾ ਬੁਆਇਲਰ ਲਿਮ. (ਇੰਡੀਆ) ਅਤੇ ਸ੍ਰੀਮਤੀ ਰਜਨੀ ਜੁਲਕਾ (ਸਿੱਖਿਆ ਸ਼ਾਸਤਰੀ, ਸਲਾਹਕਾਰ ਸਟੈਮ ਪਾਠਕ੍ਰਮ ਐਨ.ਈ.ਪੀ. ਮਾਹਿਰ) ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਆਏ ਹੋਏ ਮਹਿਮਾਨਾਂ ਨੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਵੇਖੀ ਅਤੇ ਵਿਦਿਆਰਥੀਆਂ ਦੇ ਤਕਨੀਕੀ ਹੁਨਰ ਦੀ ਭਰਪੂਰ ਪ੍ਰਸੰਸਾ ਕੀਤੀ।
ਇਸ ਪ੍ਰੋਗਰਾਮ ਵਿੱਚ ਸ੍ਰੀ ਅਕਸ਼ੈ ਕੁਮਾਰ, ਮੁਖੀ (ਟਰੇਨਿੰਗ ਐਂਡ ਪਲੇਸਮੈਂਟ) ਦੁਆਰਾ ਟਰੇਨਿੰਗ ਅਤੇ ਪਲੇਸਮੈਂਟ ਤੇ ਇੱਕ ਸੈਮੀਨਾਰ ਕੀਤਾ ਅਤੇ ਬਾਅਦ ਵਿੱਚ ਅਲੂਮਨੀ ਇੰਟਰੈਕਸ਼ਨ ਸੈਸ਼ਨ ਦੌਰਾਨ ਅਲੂਮਨੀ ਪਰਗਟ ਸਿੰਘ ਅਤੇ ਅਪੂਰਵਾ ਠਾਕੁਰ ਨੇ ਵਿਦਿਆਰਥੀਆਂ ਦੇ ਭਵਿੱਖ ਦੇ ਮਾਰਗਾਂ ਤੇ ਧਿਆਨ ਕੇਂਦਰਿਤ ਕਰਕੇ ਅਤੇ ਸਮੇਂ ਸਮੇਂ ‘ਤੇ ਗਿਆਨ ਨੂੰ ਅਪਗ੍ਰੇਡ ਕਰ ਕੇ ਭਵਿੱਖ ਦੇ ਟੀਚਿਆਂ ਨੂੰ ਲੱਭਣ ਲਈ ਉਨ੍ਹਾਂ ਦੀ ਅਗਵਾਈ ਕੀਤੀ। ਇਸ ਮੌਕੇ ਡਾ. ਮਨੀਸ਼ ਗੁਪਤਾ, ਡੀਨ (ਰਿਸਰਚ ਐਂਡ ਇਨੋਵੇਸ਼ਨ) ਨੇ ‘ਸਟਾਰਟ ਅੱਪ ਨੂੰ ਕਿਵੇਂ ਆਰੰਭ ਕਰੀਏ’ ਬਾਰੇ ਇੱਕ ਸੈਮੀਨਾਰ ਦੌਰਾਨ ਉੱਦਮਤਾ ਦੇ ਵੱਖੋ-ਵੱਖਰੇ ਖੇਤਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਬਾਅਦ ‘ਆਰਟ ਆਫ਼ ਲਿਵਿੰਗ’ ਵਰਕਸ਼ਾਪ ਵਿੱਚ ਡਾ. ਪ੍ਰੇਮ ਛਾਬੜਾ ਨੇ ਵਿਦਿਆਰਥੀਆਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ। ਇੱਕ ਹੋਰ ਵਰਕਸ਼ਾਪ ਦੌਰਾਨ ਅੰਤਰਰਾਸ਼ਟਰੀ ਕਰਾਟੇ ਕੋਚ ਸ਼੍ਰੀਮਤੀ ਹਰਦੀਪ ਕੌਰ ਨੇ ਸਵੈ ਰੱਖਿਆ ਬਾਰੇ ਜਾਣਕਾਰੀ ਦਿੱਤੀ । ਇਸ ਤੋਂ ਇਲਾਵਾ, ਸ੍ਰੀ ਐਸ.ਪੀ ਸ਼ੁਕਲਾ ਨੇ ਏਰੋਬਿਕਸ, ਯੋਗ ਅਤੇ ਫਿਟਨੈੱਸ ਬਾਰੇ ਵਰਕਸ਼ਾਪ ਕੀਤੀ। ਇਸ ਪ੍ਰੋਗਰਾਮ ਵਿੱਚ ਡਇਟੀਸ਼ੀਅਨ ਤਨਵੀ ਗੁਲਾਟੀ ਨੇ ਸਿਹਤਮੰਦ ਜੀਵਨ ਬਾਰੇ ਇੱਕ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਸਿਹਤਮੰਦ ਖ਼ੁਰਾਕ ਅਤੇ ਜੀਵਨ ਸ਼ੈਲੀ ਬਾਰੇ ਦੱਸਿਆ । ਸ਼੍ਰੀਮਤੀ ਗੁਰਮੀਤ ਕੌਰ ਧਾਲੀਵਾਲ ਦੁਆਰਾ ਸ਼ਖ਼ਸੀਅਤ ਵਿਕਾਸ ‘ਤੇ ਆਯੋਜਿਤ ਵਰਕਸ਼ਾਪ ਨੇ ਵਿਦਿਆਰਥੀਆਂ ਦੇ ਸੰਚਾਰ ਅਤੇ ਪੇਸ਼ਕਾਰੀ ਦੇ ਹੁਨਰ ਨੂੰ ਸੁਧਾਰ ਕੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਵਿਕਸਤ ਕਰਨ ਵਿੱਚ ਸਹਾਇਤਾ ਕੀਤੀ । ਇਸ ਤੋਂ ਇਲਾਵਾ ‘ ਨਸ਼ਾਖੋਰੀ’ ਅਤੇ ‘ਕੋਰੋਨਾ’ ਬਾਰੇ ਜਾਗਰੂਕਤਾ ਰੈਲੀ ਵੀ ਕੱਢੀ ਗਈ। ਫਿਰ ਵਿਦਿਆਰਥੀਆਂ ਵੱਲੋਂ ਤਲਵੰਡੀ ਸਾਬੋ ਵਿਖੇ ਗੁਰੂਦੁਆਰਾ ਸਾਹਿਬ ਦਾ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਇਤਿਹਾਸ ਬਾਰੇ ਸਿੱਖਿਆ। ਇਸ ਪ੍ਰੋਗਰਾਮ ਦੌਰਾਨ ਕਰਵਾਏ ਗਏ ਪ੍ਰਤਿਭਾ ਖੋਜ ਮੁਕਾਬਲੇ ਅਤੇ ਖੇਡ ਗਤੀਵਿਧੀਆਂ ਵਿੱਚ ਵੀ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਸਮਾਪਤੀ ਸਮਾਰੋਹ ਦੌਰਾਨ ਪ੍ਰਤਿਭਾ ਖੋਜ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਡਾਂਸ ਮੁਕਾਬਲੇ ਵਿੱਚ ਯੁਵਰਾਜ ਸਿੰਘ ਨੇ ਪਹਿਲਾ, ਬਿੰਦਰ ਕੌਰ ਨੇ ਦੂਜਾ ਅਤੇ ਤਮੰਨਾ ਰਾਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਭਾਸ਼ਣ, ਗੀਤ, ਕਵਿਤਾ ਅਤੇ ਸਟੈਂਡਅੱਪ ਕਾਮੇਡੀ ਵਿੱਚ ਸਾਜਨ ਸਿੰਘ ਨੇ ਪਹਿਲਾ, ਆਕਾਸ਼ਦੀਪ ਸਿੰਘ ਨੇ ਦੂਜਾ ਅਤੇ ਅਰਮਾਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਹਿੰਦੀ ਮੁਕਾਬਲੇ ਵਿੱਚ ਸਿਮਰਨ, ਨੇਹਾ ਅਤੇ ਕਮਲਵੀਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਮਹੇਸ਼ ਕੁਮਾਰ ਨੇ ਪਹਿਲਾ, ਨਰੈਣ ਸਿੰਘ ਤੇ ਸੁਰਖ਼ਾਬ ਨੇ ਦੂਜਾ ਅਤੇ ਨਵਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਖੇਡ ਗਤੀਵਿਧੀਆਂ ਜਿਵੇਂ ਕੈਰਮ ਵਿੱਚ ਜੋਰਾਮਥਾਰਾ ਨੇ ਪਹਿਲਾ ਅਤੇ ਮਨਜੀਤ ਕੁਮਾਰ ਨੇ ਦੂਜਾ, ਸ਼ਤਰੰਜ ਵਿੱਚ ਯੋਗ ਕੁਮਾਰ ਨੇ ਪਹਿਲਾ ਸਥਾਨ ਅਤੇ ਰਮਨਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਆਕਾਸ਼ਦੀਪ ਸਿੰਘ, ਵਿਨੇ ਸੂਰੀ, ਸੁਖਮਨਦੀਪ ਸਿੰਘ, ਹਰਦੀਪ ਸਿੰਘ ਅਤੇ ਐਫ.ਸੀ. ਜੋਥਨਲਿਆਨਾ ਨੇ ਬਾਸਕਟਬਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਿਵਲ ਇੰਜ. ਵਿਭਾਗ ਦੀ ਮੁਖੀ ਇੰਜ. ਤਨੂ ਤਨੇਜਾ ਨੇ ਸਾਰੇ ਸਤਿਕਾਰਤ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਨੇ ਪ੍ਰਤੀਕਰਮ ਦਿੰਦਿਆਂ ਇੰਡਕਸ਼ਨ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਸਫਲ ਉਪਰਾਲੇ ਲਈ ਕਾਲਜ ਦੀ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ।
Share the post "ਬੀ.ਐਫ.ਸੀ.ਈ.ਟੀ. ਵਿਖੇ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ‘ਆਰੰਭ-21’ ਸਫਲਤਾਪੂਰਵਕ ਸਮਾਪਤ"