ਏਡੀਜੀਪੀ ਵਲੋਂ ਪੱਤਰ ਜਾਰੀ, ਆਈਪੀਸੀ ਦੀ ਧਾਰਾ 188 ਤਹਿਤ ਪਰਚੇ ਦੇਣ ਦੇ ਹੁਕਮ
ਸੁਖਜਿੰਦਰ ਮਾਨ
ਬਠਿੰਡਾ, 6 ਜੂਨ: ਸੂਬੇ ’ਚ ਹੁਣ ਬੁਲੈਟ ਮੋਟਰਸਾਈਕਲਾਂ ਦੇ ਸਲੰਸਰਾਂ ਨਾਲ ਪਟਾਕੇ ਪਾਉਣ ਵਾਲਿਆਂ ਦੀ ਖੈਰ ਨਹੀਂ ਹੋਵੇਗਾ। ਪੰਜਾਬ ਪੁਲਿਸ ਨੇ ਜਿੱਥੇ ਅਜਿਹੇ ਮੋਟਰਸਾਈਕਲ ਚਾਲਕਾਂ ਦੇ ਨਾਲ ਸਖ਼ਤੀ ਨਾਲ ਨਿਪਟਣ ਦਾ ਫੈਸਲਾ ਕੀਤਾ ਹੈ, ਉਥੇ ਇੰਨ੍ਹਾਂ ਮੋਟਰਸਾਈਕਲਾਂ ਦੇ ਸਲੰਸਰਾਂ ਨੂੰ ਮੋਡੀਫ਼ਾਈ ਕਰਨ ਵਾਲੇ ਮੈਕੇਨਿਕਾਂ ਵਿਰੁਧ ਵੀ ਪਰਚੇ ਦੇਣ ਦੇ ਹੁਕਮ ਦਿੱਤੇ ਹਨ। ਇਸ ਸਬੰਧ ਵਿਚ ਏਡੀਜੀਪੀ(ਟਰੈਫ਼ਿਕ) ਵਲੋਂ ਸੂਬੇ ਦੇ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਜ਼ਿਲਾ ਪੁਲਿਸ ਕਪਤਾਨਾਂ ਨੂੰ ਇੱਕ ਪੱਤਰ (ਨੰਬਰ 8347-74 ਮਿਤੀ 2-6-23) ਜਾਰੀ ਕਰਕੇ ਇੰਨ੍ਹਾਂ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਦਸਣਾ ਬਣਦਾ ਹੈ ਕਿ ਬੁਲੇਟ ਮੋਟਰਸਾਈਕਲ ਚਾਲਕਾਂ ਵਲੋਂ ਪਟਾਕੇ ਪਾਉਣ ਕਾਰਨ ਆਮ ਲੋਕਾਂ ਤੇ ਰਾਹਗੀਰਾਂ ਨੂੰ ਅਵਾਜ਼ ਪ੍ਰਦੂਸਣ ਤੇ ਹੋਰ ਸਮੱਸਿਆਂ ਦੇ ਚੱਲਦੇ ਇਹ ਮਾਮਲਾ ਅਦਾਲਤ ਵਿਚ ਵੀ ਗਿਆ ਸੀ, ਜਿੱਥੈ ਅਦਾਲਤ ਨੇ ਇਸ ਰਿਟ ਪਿਟੀਸ਼ਨ (6213 ਆਫ਼ 2016) ਉਪਰ 22-07-2019 ਨੂੰ ਫ਼ੈਸਲੇ ਸੁਣਾਉਂਦਿਆਂ ਪੰਜਾਬ ਪੁਲਿਸ ਨੂੰ ਅਜਿਹੇ ਚਾਲਕਾਂ ਵਿਰੁਧ ਕਾਰਵਾਈ ਦੇ ਹੁਕਮ ਦਿੱਤੇ ਸਨ। ਬੇਸ਼ੱਕ ਪੰਜਾਬ ਪੁਲਿਸ ਵਲੋਂ ਵਿਸੇਸ ਨਾਕੇਬੰਦੀ ਕਰਕੇ ਅਜਿਹੇ ਅਨਸਰਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਏਜੰਸੀ ਵਲੋਂ ਫ਼ਿਟਡ ਸਲੰਸਰਾਂ ਨੂੰ ਮੋਡੀਫ਼ਾਈ ਕਰਨ ਦਾ ਕੰਮ ਵੀ ਨਿਰੰਤਰ ਜਾਰੀ ਹੈ, ਜਿਸਦੇ ਚੱਲਦੇ ਹੁਣ ਪੁਲਿਸ ਨੇ ਅਜਿਹੇ ਮੈਕੇਨਿਕਾਂ ਨਾਲ ਵੀ ਸਖ਼ਤੀ ਨਾਲ ਨਜਿੱਠਣ ਦਾ ਫੈਸਲਾ ਕੀਤਾ ਹੈ। ਏਡੀਜੀਪੀ ਵਲੋਂ ਜਾਰੀ ਪੱਤਰ ਮੁਤਾਬਕ ਜਿੱਥੈ ਟਰੈਫ਼ਿਕ ਪੁਲਿਸ ਨੂੰ ਚੈਕਿੰਗ ਦੌਰਾਨ ਬੁਲੈਟ ਮੋਟਰਸਾਈਕਲਾਂ ਦੇ ਸਲੰਸਰਾਂ ਦੀ ਬਰੀਕੀ ਨਾਲ ਜਾਂਚ ਕਰਕੇ, ਮਾਡੀਫ਼ਾਈ ਸਲੰਸਰਾਂ ਵਾਲੇ ਚਾਲਕਾਂ ਵਿਰੁਧ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕਰਨ ਲਈ ਕਿਹਾ ਹੈ, ਊਥੇ ਸਮੂਹ ਥਾਣਾ ਤੇ ਚੌਕੀ ਮੁਖੀਆਂ ਨੂੰ ਵੀ ਅਪਣੇ ਇਲਾਕੇ ’ਚ ਪੈਂਦੇ ਬੁਲੈਟ ਮੋਟਰਸਾਈਕਲ ਮੈਕੇਨਿਕ ਉਪਰ ਸਖ਼ਤੀ ਨਾਲ ਨਿਗ੍ਹਾਂ ਰੱਖਣ ਲਈ ਕਿਹਾ ਹੈ, ਜਿਹੜੇ ਇਹ ਸਲੰਸਰ ਮਾਡੀਫ਼ਾਈ ਕਰਦੇ ਹਨ। ਜਿਸਦੇ ਚੱਲਦੇ ਜੇਕਰ ਕੋਈ ਮੋਟਰਸਾਈਕਲ ਮੈਕੇਨਿਕ ਕਿਸੇ ਬੁਲੈਟ ਮੋਟਰਸਾਈਕਲ ਦਾ ਸਲੰਸਰ ਮਾਡੀਫ਼ਾਈ ਕਰਦਿਆਂ ਫ਼ੜਿਆਂ ਗਿਆ ਤਾਂ ਉਸਦੇ ਵਿਰੁਧ ਭਾਰਤੀ ਦੰਡਾਵਾਲੀ ਦੀ ਧਾਰਾ 188 ਤਹਿਤ ਪਰਚਾ ਦਰਜ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਦਸਣਾ ਬਣਦਾ ਹੈ ਕਿ ਨੌਜਵਾਨਾਂ ਵਿਚ ਦੂਜੇ ਮਹਿੰਗੇ ਮੋਟਰਸਾਈਕਲਾਂ ਦੀ ਬਜਾਏ ਬੁਲੈਟ ਮੋਟਰਸਾਈਕਲ ਦਾ ਕਰੇਜ਼ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਕਾਫ਼ੀ ਸਾਰੇ ਨੌਜਵਾਨ ਇੰਨ੍ਹਾਂ ਦੇ ਸਲੰਸਰਾਂ ਨੂੰ ਮਾਡੀਫ਼ਾਈ ਕਰਵਾਕੇ ਇਸਦੀ ਅਵਾਜ਼ ਵਧਾ ਲੈਂਦੇ ਹਨ ਤੇ ਨਾਲ ਪਟਾਕੇ ਵੀ ਪਾਉਂਦੇ ਹਨ, ਜਿਸ ਕਾਰਨ ਕੋਲੋਂ ਗੁਜਰਨ ਵਾਲੇ ਅਕਸਰ ਹੀ ਡਰ ਜਾਂਦੇ ਹਨ।
Share the post "ਬੁਲੈਟ ਪਟਾਕੇ: ਹੁਣ ਮੋਟਰਸਾਈਕਲ ਚਾਲਕਾਂ ਦੇ ਨਾਲ-ਨਾਲ ਸਲੰਸਰ ‘ਮੋਡੀਫ਼ਾਈ’ ਕਰਨ ਵਾਲੇ ਮੈਕੇਨਿਕ ਵੀ ਫ਼ਸਣਗੇ"